ਵਿਲੱਖਣ ਸੋਚ ਦੇ ਮਾਲਕ ਸ਼ਹੀਦ ਊਧਮ ਸਿੰਘ
ਮਨਦੀਪ ਸਿੰਘ ਸੁਨਾਮ
ਸ਼ਹੀਦ ਹਰ ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ। ਜੋ ਕਿਸੇ ਵੀ ਦੇਸ਼ ਦੇ ਲੋਕਾਂ ਨੂੰ ਆਪਣੇ ਆਪ ’ਤੇ ਫ਼ਖਰ ਕਰਵਾਉਂਦੇ ਰਹਿੰਦੇ ਹਨ ਤੇ ਤਾਉਮਰ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਰਹਿੰਦਾ ਹੈ ਕਿ ਅਸੀ ਇਨ੍ਹਾਂ ਸ਼ਹੀਦਾਂ ਦੇ ਵਾਰਿਸ ਹਾਂ। ਭਾਰਤ ਉੱਤੇ ਤਕਰੀਬਨ 200 ਸਾਲ ਬ੍ਰਿਟਿਸ਼ ਹਕੂਮਤ ਨੇ ਰਾਜ ਕੀਤਾ ਅਤੇ ਭਾਰਤੀਆਂ ’ਤੇ ਬੇਹੱਦ ਤਸ਼ੱਦਦ ਕੀਤੇ ਪਰ ਦੇਸ਼ ਦੇ ਅਣਖੀ ਯੋਧਿਆਂ ਨੇ ਜਦੋਂ ਆਜ਼ਾਦੀ ਦੀ ਮਸ਼ਾਲ ਚੁੱਕੀ ਤਾਂ ਸਾਰੇ ਦੇਸ਼ ਨੂੰ ਹੌਲੀ ਹੌਲੀ ਜਗਾਉਣ ਵਿੱਚ ਸਫਲ ਹੋਏ ਤੇ ਅੰਤ 15 ਅਗਸਤ, 1947 ਨੂੰ ਲਾਲ ਕਿਲ੍ਹੇ ’ਤੇ ਤਿਰੰਗਾ ਲਹਿਰਾਇਆ ਗਿਆ। ਭਾਰਤ ਨੂੰ ਆਜ਼ਾਦੀ ਦਿਵਾਉਣ ਵਿੱਚ ਅਨੇਕਾਂ ਹੀ ਸੂਰਮਿਆਂ ਤੇ ਸਮੇਂ ਸਮੇਂ ’ਤੇ ਉਨ੍ਹਾਂ ਵੱਲੋਂ ਸਮਾਜ ਅੰਦਰ ਫੈਲਾਈਆਂ ਵਿਚਾਰਧਾਰਾਵਾਂ ਨੇ ਯੋਗਦਾਨ ਪਾਇਆ। ਇਸੇ ਤਰ੍ਹਾਂ ਦਾ ਇੱਕ ਅਣਖੀ ਯੋਧਾ ਮਾਲਵੇ ਦੀ ਧਰਤੀ ਸੁਨਾਮ ਅੰਦਰ ਪੈਦਾ ਹੋਇਆ, ਜਿਸਨੂੰ ਹੁਣ ‘ਸੁਨਾਮ ਊਧਮ ਸਿੰਘ ਵਾਲਾ’ ਕਿਹਾ ਜਾਂਦਾ ਹੈ। ਆਉ ਉਸ ਦੀ ਲਾਮਿਸਾਲ ਸ਼ਹਾਦਤ ਤੇ ਉਸ ਉੱਚੀ ਸੁੱਚੀ ਸੋਚ ਨਾਲ ਜਾਣੂ ਹੋਈਏ ਜੋ ਸ਼ਾਇਦ ਅੱਜ ਦੇ ਦੌਰ ਵਿੱਚ ਵੀ ਮੁਸ਼ਕਿਲ ਨਾਲ ਮਿਲਦੀ ਹੈ।
ਸੁਨਾਮ ਵਿਖੇ ਪਿਤਾ ਟਹਿਲ ਸਿੰਘ ਤੇ ਮਾਤਾ ਨਰਾਇਣ ਕੌਰ ਦੇ ਵਿਹੜੇ ਵਿੱਚ 26 ਦਿਸੰਬਰ 1899 ਨੂੰ ਜਨਮੇ ਊਧਮ ਸਿੰਘ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ। ਮਾਤਾ ਪਿਤਾ ਦੇ ਦੇਹਾਂਤ ਤੋਂ ਬਾਅਦ ਕਿਸੇ ਵੀ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਰੱਖਣ ਵਿੱਚ ਅਸਮਰੱਥਾ ਦਿਖਾਉਂਦੇ ਹੋਏ ਉਨ੍ਹਾਂ ਤੇ ਉਨ੍ਹਾਂ ਦੇ ਵੱਡੇ ਭਰਾ ਸਾਧੂ ਸਿੰਘ ਨੂੰ ਅੰਮ੍ਰਿਤਸਰ ਸਥਿਤ ਖਾਲਸਾ ਯਤੀਮਖਾਨੇ ਵਿੱਚ ਭੇਜ ਦਿੱਤਾ। ਉਥੇ ਸਾਧੂ ਸਿੰਘ ਦੀ ਕਿਸੇ ਬਿਮਾਰੀ ਨਾਲ ਮੌਤ ਹੋ ਗਈ।
ਭਗਤ ਸਿੰਘ ਤੋਂ ਪ੍ਰਭਾਵਿਤ ਹੋ ਕੇ ਊਧਮ ਸਿੰਘ ਗਦਰ ਪਾਰਟੀ ਨਾਲ ਜੁੜ ਗਿਆ ਤੇ ਆਪਣੀ ਮੁਹਿੰਮ ’ਤੇ ਅੱਗੇ ਵਧਦਾ ਰਿਹਾ। ਹਕੂਮਤ ਵਿਰੋਧੀ ਗਤੀਵਿਧੀਆਂ ਕਰਕੇ ਉਸਨੂੰ ਜੇਲ੍ਹ ਵੀ ਜਾਣਾ ਪਿਆ ਤੇ ਤਸੀਹੇ ਵੀ ਝੱਲਣੇ ਪਏ। 1934 ਵਿੱਚ ਊਧਮ ਸਿੰਘ ਆਪਣਾ ਨਾਮ ਤੇ ਭੇਸ ਬਦਲ ਕੇ ਵੱਖ ਵੱਖ ਦੇਸ਼ਾਂ ਵਿੱਚ ਵਿਚਰਦਾ ਹੋਇਆ ਲੰਡਨ ਪਹੁੰਚਿਆ ਤੇ ਉਥੇ ਵੀ ਕ੍ਰਾਂਤੀਕਾਰੀ ਗਤੀਵਿਧੀਆਂ ਨਾਲ ਜੁੜਿਆ ਰਿਹਾ। ਲੰਡਨ ਵਿੱਚ ਆਪਣੇ ਗੁਜ਼ਾਰੇ ਲਈ ਊਧਮ ਸਿੰਘ ਨੇ ਕਈ ਤਰ੍ਹਾਂ ਦੇ ਕੰਮ ਕੀਤੇ। ਜਲਿਆਂਵਾਲੇ ਬਾਗ ਦੇ ਦੋਸ਼ੀਆਂ ਨੂੰ ਲੱਭਣ ਤੇ ਆਪਣਾ ਮਕਸਦ ਪੂਰਾ ਕਰਨ ਦੀ ਤਾਂਘ ਉਸਦੀ ਵਧਦੀ ਜਾ ਰਹੀ ਸੀ। ਜਦੋਂ ਉਸਨੂੰ ਪਤਾ ਲੱਗਾ ਕਿ ਗੋਲੀਆਂ ਦਾ ਮੀਂਹ ਵਰਾਉਣ ਵਾਲੇ ਜਰਨਲ ਡਾਇਰ ਦੀ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ ਤਾਂ ਉਹ ਮਾਯੂਸ ਹੋ ਗਿਆ ਪਰ ਅਸਲੀ ਦੋਸ਼ੀ ਮਾਈਕਲ ਉਡਵਾਇਰ ਦੇ ਜਿਉਂਦੇ ਹੋਣ ਬਾਰੇ ਪਤਾ ਲੱਗਣ ’ਤੇ ਉਸਦਾ ਮਕਸਦ ਸਿਰਫ ਉਡਵਾਇਰ ਨੂੰ ਮਾਰ ਮੁਕਾਉਣਾ ਹੋ ਗਿਆ ਸੀ। ਆਖਿਰ ਕਿਸੇ ਹੀਲੇ ਵਸੀਲੇ ਨਾਲ ਉਸਨੇ ਇੱਕ ਪਿਸਤੌਲ ਦਾ ਪ੍ਰਬੰਧ ਕੀਤਾ ਤੇ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਜਦੋਂ ਪੰਜਾਬ ਦਾ ਸਾਬਕਾ ਲੈਫ਼ਟੀਨੈਂਟ ਗਵਰਨਰ ਮਾਈਕਲ ਉਡਵਾਇਰ ਸੰਬੋਧਨ ਕਰ ਰਿਹਾ ਸੀ ਤਾਂ ਊਧਮ ਸਿੰਘ (ਉਸ ਸਮੇਂ ਰਾਮ ਮੁਹੰਮਦ ਸਿੰਘ ਆਜ਼ਾਦ) ਨੇ ਆਪਣੀ ਪਿਸਤੌਲ ਨਾਲ ਉਸਦੀ ਛਾਤੀ ਨੂੰ ਛਲਣੀ ਕਰ ਦਿੱਤਾ ਤੇ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲੈ ਕੇ ਅੰਗਰੇਜ਼ ਹਕੂਮਤ ਨੂੰ ਹਿਲਾ ਕੇ ਰੱਖ ਦਿੱਤਾ।
ਗ੍ਰਿਫਤਾਰ ਹੋਣ ਸਮੇਂ ਊਧਮ ਸਿੰਘ ਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ ਤੇ ਇਸ ਸੋਚ ਤੋਂ ਅਸੀਂ ਸਾਫ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਸਾਰੇ ਭਾਰਤ ਦਾ ਸਾਂਝਾ ਸਪੂਤ ਸੀ ਤੇ ਉਸਦੀ ਸੋਚ ਕਿੰਨੀ ਉੱਚੀ ਸੀ। ਉਹ ਧਰਮ ਜਾਤਾਂ ਦੇ ਬੰਧਨਾਂ ਤੋਂ ਪਰੇ ਸੀ। ਅੱਜ ਆਜ਼ਾਦੀ ਤੋਂ ਏਨੇ ਸਾਲ ਬਾਅਦ ਵੀ ਜਦੋਂ ਲੋਕ ਧਰਮਾਂ ਜਾਤਾਂ ਲਈ ਲੜਦੇ ਝਗੜਦੇ ਨਜ਼ਰ ਆਉਂਦੇ ਹਨ, ਉਥੇ ਉਸ ਵੇਲੇ ਵੀ ਭਾਰਤ ਦੇ ਉਸ ਮਹਾਨ ਸਪੂਤ ਦੀ ਸੋਚ ਇਨ੍ਹਾਂ ਸਾਰੇ ਬੰਧਨਾਂ ਤੋਂ ਮੁਕਤ ਸੀ ਤੇ ਉਹ ਸਿਰਫ ਤੇ ਸਿਰਫ ਭਾਰਤ ਦਾ ਇੱਕ ਸੱਚਾ ਸਪੂਤ ਬਣ ਕੇ ਭਾਰਤ ਦੀ ਇੱਜ਼ਤ ਨੂੰ ਤਾਰ ਤਾਰ ਕਰਨ ਵਾਲਿਆਂ ਨੂੰ ਸਜ਼ਾ ਦੇਣ ਇੰਗਲੈਂਡ ਗਿਆ। ਅੰਤ ਨੂੰ ਲੰਡਨ ਦੀ ਪੈਂਟੋਵਿਲੇ ਜੇਲ੍ਹ ਵਿੱਚ ਭਾਰਤ ਦੇ ਇਸ ਮਹਾਨ ਸਪੂਤ ਨੂੰ ਉਡਵਾਇਰ ਦੇ ਕਤਲ ਦੇ ਇਲਜ਼ਾਮ ਹੇਠ 31 ਜੁਲਾਈ, 1940 ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ। ਸ਼ਹੀਦ ਆਪਣੀ ਵਿਲੱਖਣ ਸੋਚ ਨਾਲ ਦੇਸ਼ ਵਾਸੀਆਂ ਨੂੰ ਇੱਕ ਸੁਨੇਹਾ ਦੇ ਗਿਆ ਕਿ ਅਸੀਂ ਭਾਰਤ ਦੇ ਲੋਕ ਧਰਮਾਂ ਜਾਤਾਂ ਤੋਂ ਉੱਪਰ ਉੱਠ ਕੇ ਇੱਕ ਹਾਂ ਤੇ ਬਾਹਰੀ ਤਾਕਤਾਂ ਸਾਨੂੰ ਧਰਮਾਂ ਤੇ ਫਿਰਕਿਆਂ ਦੇ ਨਾਮ ’ਤੇ ਵੰਡਣ ਵਿੱਚ ਕਾਮਯਾਬ ਹੋ ਜਾਂਦੀਆਂ ਹਨ ਤੇ ਸਾਡਾ ਸ਼ੋਸ਼ਣ ਕਰਦੀਆਂ ਹਨ।
ਸੰਪਰਕ: 94174-79449