ਸ਼ਹੀਦ ਊਧਮ ਸਿੰਘ
ਬਲਦੇਵ ਸਿੰਘ (ਸੜਕਨਾਮਾ)
ਸ਼ਹਾਦਤ ਦਾ ਇਤਿਹਾਸ
ਬਹਾਦਰੀ ਅਤੇ ਸ਼ਹਾਦਤਾਂ ਦੇ ਪੱਖ ਤੋਂ ਪੰਜਾਬੀਆਂ ਦਾ ਇਤਿਹਾਸ ਬੇਜੋੜ ਅਤੇ ਬੇਮਿਸਾਲ ਹੈ। ਤੈਮੂਰਾਂ, ਮੰਗੋਲਾਂ, ਗੌਰੀਆਂ ਤੇ ਮੁਗ਼ਲਾਂ ਦੇ ਹੱਲਿਆਂ ਵੇਲੇ ਕੋਈ ਵਿਰਲਾ ਹੀ ਅਜਿਹਾ ਹਮਲਾਵਰ ਹੋਵੇਗਾ ਜਿਸਦੇ ਪੰਜਾਬੀਆਂ ਨੇ ਦੰਦ ਨਾ ਖੱਟੇ ਕੀਤੇ ਹੋਣ ਤੇ ਉਸ ਨੂੰ ਆਪਣੀ ਬਹਾਦਰੀ ਤੇ ਅਣਖ ਦਾ ਜਲਵਾ ਨਾ ਵਿਖਾਇਆ ਹੋਵੇ। ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਵੀ, ਘੱਟ ਗਿਣਤੀ ਹੋਣ ਦੇ ਬਾਵਜੂਦ ਪੰਜਾਬੀਆਂ ਦੀਆਂ ਕੁਰਬਾਨੀਆਂ ਦੀ ਹਿੱਸੇਦਾਰੀ ਸਭ ਤੋਂ ਵੱਧ ਰਹੀ ਹੈ।
ਅਕਾਲੀਆਂ, ਬੱਬਰ ਅਕਾਲੀਆਂ ਤੇ ਗ਼ਦਰੀ ਬਾਬਿਆਂ ਤੋਂ ਬਾਅਦ ਮਦਨ ਲਾਲ ਢੀਂਗਰਾ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਅਜੀਤ ਸਿੰਘ ਆਦਿ ਤੋਂ ਬਾਅਦ ਸ਼ਹੀਦ ਊਧਮ ਸਿੰਘ ਦੇ ਜੀਵਨ ਦਾ ਸੰਘਰਸ਼ ਅਤੇ ਕੁਰਬਾਨੀ ਇਕ ਅਜਿਹੀ ਲਾਸਾਨੀ ਮਿਸਾਲ ਹੈ ਜਿਹੜੀ ਹਮੇਸ਼ਾ ਇਨਕਲਾਬੀਆਂ ਦਾ ਖ਼ੂਨ ਗਰਮਾਉਂਦੀ ਰਹੇਗੀ। ਪਰ ਦੁੱਖ ਹੈ ਕਿ ਸ਼ਹੀਦ ਊਧਮ ਸਿੰਘ ਦਾ ਜਿੰਨਾ ਜ਼ਿਕਰ ਹੋਣਾ ਚਾਹੀਦਾ ਸੀ, ਨਹੀਂ ਹੋਇਆ। ਰਾਜਨੀਤੀ ਅਤੇ ਸੌੜੀ ਸੋਚ ਨੇ ਇਤਿਹਾਸ ਨੂੰ ਇੰਨਾ ਪੱਖਪਾਤੀ ਬਣਾ ਦਿੱਤਾ ਹੈ ਕਿ ਆਜ਼ਾਦੀ ਦੇ ਸੰਘਰਸ਼ ਸਮੇਂ ਜਨਿ੍ਹਾਂ ਨੇ ਮੁਆਫ਼ੀਆਂ-ਦਰ-ਮੁਆਫ਼ੀਆਂ ਮੰਗ ਕੇ ਕਾਲੇਪਾਣੀਆਂ ਦੀਆਂ ਸਜ਼ਾਵਾਂ ਮੁਆਫ਼ ਕਰਵਾਈਆਂ, ਉਨ੍ਹਾਂ ਨੂੰ ‘ਭਾਰਤ ਰਤਨ’ ਵਰਗੀਆਂ ਉਪਾਧੀਆਂ ਨਾਲ ਸਨਮਾਨਣ ਦੇ ਉਪਰਾਲੇ ਹੋ ਰਹੇ ਹਨ ਤੇ ਹਿਹੜੇ ਆਪਣੇ ਵਤਨ, ਵਤਨ ਦੀ ਮਿੱਟੀ ਤੇ ਆਪਣੇ ਲੋਕਾਂ ਲਈ ਜਾਨਾਂ ਵਾਰ ਗਏ, ਉਨ੍ਹਾਂ ਨੂੰ ‘ਸ਼ਹੀਦ’ ਦਾ ਦਰਜਾ ਦੇਣ ਤੋਂ ਵੀ ਹਿਚਕਿਚਾਉਂਦੇ ਹਨ।
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ, ਉਹੀ ਕੌਮਾਂ ਜਿਉਂਦੀਆਂ ਰਹਿੰਦੀਆਂ ਹਨ ਜਿਹੜੀਆਂ ਆਪਣੇ ਸ਼ਹੀਦਾਂ ਤੇ ਆਪਣੇ ਲੋਕਨਾਇਕਾਂ ਦਾ ਮਾਣ ਕਰਦੀਆਂ ਹਨ। ਪੰਜਾਬੀਆਂ ਨੇ ਆਪਣੇ ਲਹੂ ਦੀ ਆਹੂਤੀ ਨਾਲ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ, ਪਰ ਅਫ਼ਸੋਸ ਹੈ ਇਸ ਨੂੰ ਸਾਂਭਣ ਅਤੇ ਲਿਖਣ ਦੀ ਗੰਭੀਰਤਾ ਨਹੀਂ ਦਿਖਾਈ।
31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਹੈ। ਇਸ ਦਨਿ ਸੰਨ 1940 ਨੂੰ ਲੰਡਨ ਦੀ ਪੈਟੋਨਵਿਲੇ ਜੇਲ੍ਹ ਵਿਚ ਇਸ ਸੂਰਮੇ ਨੂੰ ਸਵੇਰ ਦੇ 9 ਵਜੇ ਫਾਂਸੀ ਦੇ ਦਿੱਤੀ ਗਈ ਸੀ ਤੇ ਇਸੇ ਜੇਲ੍ਹ ਦੇ ਇਕ ਕੋਨੇ ਵਿਚ ਦਫ਼ਨਾ ਦਿੱਤਾ ਗਿਆ ਸੀ।
ਪੂਰੇ ਇੱਕੀ ਸਾਲ, ਜਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਦੀ ਘਟਨਾ, ਊਧਮ ਸਿੰਘ ਦੇ ਸੀਨੇ ਵਿਚ ਅੱਗ ਵਾਂਗ ਬਲਦੀ ਰਹੀ ਤੇ ਬੇਕਸੂਰ ਨਿਹੱਥੇ ਪੰਜਾਬੀਆਂ ਦੀਆਂ ਚੀਕਾਂ ਉਸ ਦੇ ਕੰਨਾਂ ਵਿਚ ਗੂੰਜਦੀਆਂ ਰਹੀਆਂ। ਜਨਰਲ ਡਾਇਰ ਤੱਕ ਪੁੱਜਣ ਲਈ ਉਹ ਕਦੇ ਉਦੈ ਸਿੰਘ, ਕਦੇ ਸ਼ੇਰ ਸਿੰਘ, ਕਦੇ ਊਦਨ ਸਿੰਘ, ਕਦੇ ਊਧਮ ਸਿੰਘ, ਮੁਹੰਮਦ ਸਿੰਘ ਆਜ਼ਾਦ, ਆਜ਼ਾਦ ਸਿੰਘ, ਬਾਵਾ, ਫਰੈਂਕ ਬ੍ਰਾਜ਼ੀਲ ਬਣ ਕੇ ਯਤਨ ਕਰਦਾ ਰਿਹਾ। ਸ਼ਾਇਦ ਹੀ ਕੋਈ ਅਜਿਹਾ ਇਨਕਲਾਬੀ ਜਾਂ ਆਜ਼ਾਦੀ ਘੁਲਾਟੀਆ ਹੋਵੇਗਾ ਜਿਸ ਨੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਇੰਨੇ ਨਾਮ ਤਬਦੀਲ ਕੀਤੇ ਹੋਣ।
ਸ਼ਹੀਦ ਊਧਮ ਸਿੰਘ ਨੇ ਸਿਰਫ਼ ਆਪਣੇ ਨਾਮ ਹੀ ਨਹੀਂ ਬਦਲੇ, ਆਪਣੀ ਮੰਜ਼ਿਲ ਸਰ ਕਰਨ ਲਈ ਉਸ ਨੇ ਵੱਖ ਵੱਖ ਦੇਸ਼ਾਂ ਅਤੇ ਮਹਾਂਦੀਪਾਂ ਦੀਆਂ ਯਾਤਰਾਵਾਂ ਵੀ ਕੀਤੀਆਂ। ਕਦੇ ਸੜਕ ਰਾਹੀਂ, ਕਦੇ ਸਮੁੰਦਰਾਂ ਰਾਹੀਂ। ਜਦ ਤੱਕ ਉਸ ਨੇ ਆਪਣਾ ਮਿਸ਼ਨ ਪੂਰਾ ਨਹੀਂ ਕੀਤਾ, ਉਹ ਕਦੇ ਚੈਨ ਨਾਲ ਨਹੀਂ ਬੈਠਾ। ਉਹ ਗ਼ਦਰੀ ਬਾਬਿਆਂ ਨੂੰ ਮਿਲਿਆ, ਕ੍ਰਾਂਤੀਕਾਰੀਆਂ ਕੋਲ ਜਾਂਦਾ ਰਿਹਾ। ਉਨ੍ਹਾਂ ਲਈ ਹਥਿਆਰਾਂ ਦਾ ਪ੍ਰਬੰਧ ਵੀ ਕਰਦਾ ਰਿਹਾ। ਕਮਾਲ ਦੀ ਗੱਲ ਹੈ: ਆਪਣੇ ਸਾਥੀਆਂ ਨਾਲ ਉਹ ਇਹੋ ਜਿਹਾ ਵਿਵਹਾਰ ਕਰਦਾ, ਸਾਰੇ ਉਸ ਨੂੰ ‘ਫੜ੍ਹਾਂ ਮਾਰਨ ਵਾਲਾ’ ਹੀ ਸਮਝਦੇ ਸਨ। ਉਸ ਦੀਆਂ ਗੱਲਾਂ ਨੂੰ ਕਦੇ ਗੰਭੀਰਤਾ ਨਾਲ ਨਹੀਂ ਸੀ ਲੈਂਦੇ। ਉਲਟਾ ਉਸ ਨੂੰ ਕਹਿੰਦੇ ਸਨ…: ‘‘ਤੂੰ ਕਦੇ ਵੀ ਥੇਮਜ਼ ਦੇ ਪਾਣੀਆਂ ਨੂੰ ਅੱਗ ਨਹੀਂ ਲਾ ਸਕੇਂਗਾ।’’
13 ਮਾਰਚ 1940 ਨੂੰ ਊਧਮ ਸਿੰਘ ਨੇ ਸੱਚਮੁੱਚ ਥੇਮਜ਼ ਦੇ ਪਾਣੀਆਂ ਨੂੰ ਅੱਗ ਲਾ ਦਿੱਤੀ। ਇੰਗਲੈਂਡ ਵਿਚ ਉਸ ਦੇ ਦੋਸਤ ਤਾਂ ਚਕਿੱਤ ਹੀ ਰਹਿ ਗਏ। ਪੂਰਾ ਬਰਤਾਨੀਆ, ਭਾਰਤ ਤੇ ਵਿਸ਼ਵ ਭਰ ਵਿਚ ਇਸ ਸਾਹਸੀ ਕਾਰਨਾਮੇ ਦੇ ਚਰਚੇ ਹੋਣ ਲੱਗੇ। ਮਾਈਕਲ ਉਡਵਾਇਰ ਨੂੰ ਮਾਰ ਕੇ ਤੇ ਉਸ ਦੇ ਸਹਿਯੋਗੀਆਂ ਨੂੰ ਜ਼ਖ਼ਮੀ ਕਰਕੇ ਊਧਮ ਸਿੰਘ ਘਟਨਾ ਵਾਲੇ ਸਥਾਨ ਤੋਂ ਭੱਜਿਆ ਨਹੀਂ। ਉਸ ਮੌਕੇ ਦੀ ਤਸਵੀਰ ਵਿਚ ਊਹ ਮੁਸਕਰਾ ਰਿਹਾ ਦਿਸਦਾ ਹੈ ਤੇ ਮਾਣ ਨਾਲ ਭਰਿਆ ਹੋਇਆ ਹੈ। ਊਧਮ ਸਿੰਘ ਨੂੰ ਗਿਆਨ ਸੀ, ਉਸ ਨੂੰ ਫਾਂਸੀ ਦੀ ਸਜ਼ਾ ਮਿਲੇਗੀ। ਉਹ ਕਹਿੰਦਾ ਹੈ, ‘‘ਮੈਂ ਆਪਣੇ ਸ਼ਹੀਦ ਸਾਥੀਆਂ ਕੋਲ ਜਾ ਰਿਹਾ ਹਾਂ।’’
ਉਹ ਇੰਨਾ ਸ਼ਾਂਤਚਿੱਤ ਤੇ ਪ੍ਰਸੰਨ ਨਜ਼ਰ ਆਉਂਦਾ ਹੈ ਜਿਵੇਂ ਉਸ ਦੀ ਛਾਤੀ ਤੋਂ ਭਾਰੀ ਬੋਝ ਉਤਰ ਗਿਆ ਹੋਵੇ। ਊਧਮ ਸਿੰਘ ਦਾ ਅਸਲ ਸ਼ਿਕਾਰ ਤਾਂ ਜਨਰਲ ਡਾਇਰ ਸੀ, ਪਰ ਉਹ ਕੁਝ ਸਮਾਂ ਪਹਿਲਾਂ ਅਧਰੰਗ ਦੀ ਬਿਮਾਰੀ ਕਾਰਨ ਆਪਣੀ ਮੌਤ ਮਰ ਗਿਆ ਸੀ। ਮਾਈਕਲ ਓਡਵਾਇਰ ਨੂੰ ਮਾਰਨ ਦੇ ਊਧਮ ਸਿੰਘ ਨੂੰ ਕਈ ਮੌਕੇ ਮਿਲੇ, ਪਰ ਉਹ ਅਜਿਹੀ ਥਾਂ ਅਤੇ ਸਮੇਂ ਦੀ ਉਡੀਕ ਵਿਚ ਸੀ ਜਿੱਥੇ ਇਹ ਘਟਨਾ ਪੂਰੇ ਸੰਸਾਰ ਵਿਚ ਫੈਲ ਸਕੇ।
26 ਦਸੰਬਰ 1899 ਨੂੰ ਊਧਮ ਸਿੰਘ ਦਾ ਜਨਮ ਸੁਨਾਮ ਵਿਚ ਹੋਇਆ (ਇਤਿਹਾਸਕਾਰਾਂ ਦਾ ਜਨਮ ਅਤੇ ਜਨਮ ਸਥਾਨ ਬਾਰੇ ਥੋੜ੍ਹਾ-ਬਹੁਤਾ ਮਤਭੇਦ ਹੈ)। ਬਚਪਨ ਵਿਚ ਊਧਮ ਸਿੰਘ ਦਾ ਨਾਮ ਸ਼ੇਰ ਸਿੰਘ ਸੀ ਤੇ ਉਸ ਦੇ ਵੱਡੇ ਭਰਾ ਦਾ ਨਾਮ ਸਾਧੂ ਸਿੰਘ। ਅੰਮ੍ਰਿਤਪਾਨ ਕਰਕੇ ਚੂਹੜ ਸਿੰਘ ਕੰਬੋਜ (ਪਿਤਾ) ਟਹਿਲ ਸਿੰਘ ਬਣ ਗਿਆ। ਉਹ ਰੇਲਵੇ ਵਿਭਾਗ ਵਿਚ ਉਪਲੀ ਪਿੰਡ ਲਾਗੇ ਰੇਲਵੇ ਫਾਟਕ ’ਤੇ ਗੇਟਮੈਨ ਦੀ ਨੌਕਰੀ ਕਰਦਾ ਸੀ। ਦੋ ਸਾਲ ਦਾ ਸੀ ਸ਼ੇਰ ਸਿੰਘ ਜਦੋਂ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ। ਸਾਧੂ ਸਿੰਘ, ਸ਼ੇਰ ਸਿੰਘ ਤੋਂ 5 ਸਾਲ ਵੱਡਾ ਸੀ। ਘਰ ਦੀ ਹਾਲਤ ਚੰਗੀ ਨਹੀਂ ਸੀ। ਟਹਿਲ ਸਿੰਘ ਆਪਣੇ ਦੋਹਾਂ ਬੱਚਿਆਂ ਨੂੰ ਲੈ ਕੇ ਅੰਮ੍ਰਿਤਸਰ ਰਹਿੰਦੇ ਆਪਣੇ ਇਕ ਕੀਰਤਨੀਏ ਰਿਸ਼ਤੇਦਾਰ ਚੰਚਲ ਸਿੰਘ ਕੋਲ ਜਾਣ ਦਾ ਫ਼ੈਸਲਾ ਕਰਦਾ ਹੈ। ਰਸਤੇ ਵਿਚ ਬਿਮਾਰ ਹੋ ਜਾਂਦਾ ਹੈ। ਸਬੱਬ ਨਾਲ ਚੰਚਲ ਸਿੰਘ ਨਾਲ ਮੁਲਾਕਾਤ ਹੋ ਜਾਂਦੀ ਹੈ। ਟਹਿਲ ਸਿੰਘ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾਂਦਾ ਹੈ। ਉੱਥੇ ਉਸ ਦੀ ਮੌਤ ਹੋ ਜਾਂਦੀ ਹੈ। ਦੋਵੇਂ ਬੱਚੇ ਅਨਾਥ ਹੋ ਜਾਂਦੇ ਹਨ। ਉਨ੍ਹਾਂ ਨੂੰ ਪਾਲਣ-ਪੋਸਣ ਦੀ ਜ਼ਿੰਮੇਵਾਰੀ ਚੰਚਲ ਸਿੰਘ ਉਪਰ ਆ ਜਾਂਦੀ ਹੈ। ਉਹ ਕੀਰਤਨੀਆ ਹੈ, ਦੂਰ ਨੇੜੇ ਵੀ ਜਾਣਾ ਪੈਂਦਾ ਹੈ। ਬੱਚਿਆਂ ਦੀ ਦੇਖ-ਭਾਲ ਕਿਵੇਂ ਹੋਵੇਗੀ? ਇਹ ਸੋਚ ਕੇ ਚੰਚਲ ਸਿੰਘ ਦੋਹਾਂ ਬੱਚਿਆਂ ਨੂੰ ਅੰਮ੍ਰਿਤਸਰ ਦੇ ਕੇਂਦਰੀ ਖਾਲਸਾ ਯਤੀਮਖਾਨੇ ਵਿਚ ਦਾਖ਼ਲ ਕਰਵਾ ਦਿੰਦਾ ਹੈ।
ਯਤੀਮਖਾਨੇ ਦੀ ਇਹ ਰਵਾਇਤ ਸੀ, ਇੱਥੇ ਹਰ ਬੱਚੇ ਨੂੰ ਅੰਮ੍ਰਿਤਪਾਨ ਕਰਨਾ ਜ਼ਰੂਰੀ ਸੀ। ਸ਼ੇਰ ਸਿੰਘ ਤੇ ਸਾਧੂ ਸਿੰਘ ਨੂੰ ਵੀ ਅੰਮ੍ਰਿਤਪਾਨ ਕਰਵਾਇਆ ਗਿਆ। ਸ਼ੇਰ ਸਿੰਘ ਦਾ ਨਾਮ ਊਧਮ ਸਿੰਘ ਰੱਖਿਆ ਗਿਆ, ਸਾਧੂ ਸਿੰਘ ਦਾ ਨਾਮ ਮੋਤਾ ਸਿੰਘ ਰੱਖਿਆ (ਕੁਝ ਇਤਿਹਾਸਕਾਰ ਸਾਧੂ ਸਿੰਘ ਦਾ ਨਾਮ ਮੁਕਤਾ ਸਿੰਘ ਵੀ ਲਿਖਦੇ ਹਨ)। ਦੋਵੇਂ ਭਰਾ ਯਤੀਮਖਾਨੇ ਵਿਚ ਪਲਦੇ ਰਹੇ ਤੇ ਉੱਥੇ ਦਸਤਕਾਰੀ ਵੀ ਸਿੱਖਦੇ ਰਹੇ। ਊਧਮ ਸਿੰਘ ਬਣੇ ਸ਼ੇਰ ਸਿੰਘ ਨੇ ਬੜੇ ਕੰਮ ਬਦਲੇ। ਕਦੇ ਕੁਰਸੀਆਂ ਬਣਾਉਣ ਲੱਗ ਜਾਂਦਾ, ਕਦੇ ਉਸ ਨੂੰ ਸਿਲਾਈ ਦਾ ਕੰਮ ਚੰਗਾ ਲੱਗਦਾ, ਕਦੇ ਉਹ ਤਬਲਾ ਸਿੱਖਣ ਲੱਗਦਾ, ਕਦੇ ਕੀਰਤਨੀਆ ਬਣ ਬਹਿੰਦਾ। ਬਚਪਨ ਵਿਚ ਹੀ ਉਹ ਟਿਕ ਕੇ ਕੰਮ ਕਰਨ ਦੇ ਸੁਭਾਅ ਵਾਲਾ ਨਹੀਂ ਸੀ। ਇਹੀ ਸੁਭਾਅ ਉਸ ਦੇ ਅੰਤ ਤੱਕ ਨਾਲ ਨਿਭਿਆ, ਜਦੋਂ ਹਰ ਯਾਤਰਾ ਵੇਲੇ ਉਹ ਆਪਣਾ ਨਾਮ ਬਦਲ ਲੈਂਦਾ ਸੀ। 1913 ਵਿਚ ਨਮੂਨੀਏ ਦੀ ਬਿਮਾਰੀ ਨਾਲ ਉਸ ਦੇ ਵੱਡੇ ਭਰਾ ਸਾਧੂ ਸਿੰਘ (ਮੋਤਾ ਸਿੰਘ) ਦੀ ਮੌਤ ਹੋ ਗਈ। ਸ਼ੇਰ ਸਿੰਘ ਨੂੰ ਵੱਡੇ ਭਰਾ ਦਾ ਬਾਪ ਜਿੰਨਾ ਆਸਰਾ ਸੀ। ਉਹ ਉਦਾਸ ਰਹਿਣ ਲੱਗਾ। ਰਾਤ ਵੇਲੇ ਰੋਇਆ ਕਰੇ। ਆਸਮਾਨ ਵਿਚ ਦਿਸਦੇ ਤਾਰਿਆਂ ਵਿਚੋਂ ਆਪਣੇ ਮਾਂ-ਬਾਪ ਤੇ ਭਰਾ ਭਾਲਿਆ ਕਰੇ। …ਹੌਲੀ ਹੌਲੀ ਉਹ ਸੰਭਲਿਆ ਤੇ ਉਸ ਨੇ 1971 ਵਿਚ ਦਸਵੀਂ ਜਮਾਤ ਪਾਸ ਕਰ ਲਈ। ਯਤੀਮਖਾਨੇ ਤੋਂ ਸਕੂਲ ਜਾਂਦਿਆਂ ਜਾਂ ਸਕੂਲ ਤੋਂ ਯਤੀਮਖਾਨੇ ਆਉਂਦਿਆਂ, ਕਦੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦਿਆਂ ਰਸਤੇ ਵਿਚ ਉਹ ਅੰਗਰੇਜ਼ਾਂ ਨੂੰ ਵੇਖਦਾ, ਉਹ ਕਿਸੇ ਨੂੰ ਕੋੜੇ ਮਾਰ ਰਹੇ ਹੁੰਦੇ, ਕਿਸੇ ਕੋਲੋਂ ਬੈਠਕਾਂ ਕਢਵਾ ਰਹੇ ਹੁੰਦੇ, ਉਸਦਾ ਮਨ ਦੁਖੀ ਹੁੰਦਾ। ਜਦੋਂ ਮੌਕਾ ਮਿਲਦਾ ਉਹ ਜਾਨਣ ਦੀ ਕੋਸ਼ਿਸ਼ ਕਰਦਾ, ਉਹ ਅੰਗਰੇਜ਼ ਕਿਉਂ ਸਜ਼ਾ ਦਿੰਦੇ ਹਨ। ਪਤਾ ਲੱਗਦਾ ਇਧਰੋਂ ਅੰਗਰੇਜ਼ ਅਫ਼ਸਰ ਘੋੜੇ ਉੱਪਰ ਲੰਘ ਰਿਹਾ ਸੀ। ਬੇਧਿਆਨੀ ਵਿਚ ਕਿਸੇ ਦੁਕਾਨਦਾਰ ਜਾਂ ਰਾਹਗੀਰ ਨੇ ਅੰਗਰੇਜ਼ ਨੂੰ ਸਲੂਟ ਨਹੀਂ ਮਾਰਿਆ ਤਾਂ ਉਸ ਨੂੰ ਕੋੜੇ ਮਾਰੇ ਜਾਂਦੇ ਹਨ ਜਾਂ ਬੈਠਕਾਂ ਕਢਵਾਈਆਂ ਜਾਂਦੀਆਂ ਹਨ। ਅੰਗਰੇਜ਼ ਅਫ਼ਸਰਾਂ ਦੇ ਇਸ ਵਿਹਾਰ ਨੇ ਊਧਮ ਸਿੰਘ ਦਾ ਮਨ ਅੰਗਰੇਜ਼ਾਂ ਪ੍ਰਤੀ ਨਫ਼ਰਤ ਅਤੇ ਘ੍ਰਿਣਾ ਨਾਲ ਭਰ ਦਿੱਤਾ। ਸਮੇਂ ਦੇ ਨਾਲ ਨਾਲ ਇਸ ਘ੍ਰਿਣਾ ਵਿਚ ਹੋਰ ਵਾਧਾ ਹੁੰਦਾ ਗਿਆ।
13 ਅਪਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਦੀ ਘਟਨਾ ਨਾਲ ਪੂਰੇ ਭਾਰਤ ਵਿਚ ਰੋਸ ਦੀ ਲਹਿਰ ਫੈਲ ਗਈ। ਦਰਅਸਲ, 1915 ਦੇ ਡਿਫੈਂਸ ਆਫ਼ ਇੰਡੀਆ ਐਕਟ ਤੋਂ ਹੀ ਇਸ ਘਟਨਾ ਦੇ ਬੀਜ ਬੀਜੇ ਗਏ ਸਨ। ਰੌਲਟ ਐਕਟ ਨੇ ਇਸ ਨੂੰ ਸਿੰਜਿਆ। ਭਾਰਤੀਆਂ ਦੀਆਂ ਮੁਸ਼ਕਾਂ ਕਸਣ ਲਈ ਇਹ ਕਾਨੂੰਨ ਲਿਆਂਦਾ ਸੀ। ਸ਼ੱਕ ਦੇ ਆਧਾਰ ’ਤੇ ਕਿਸੇ ਨੂੰ ਵੀ ਫੜ ਲਓ। ਨਾ ਮੁਕੱਦਮਾ, ਨਾ ਸੁਣਵਾਈ, ਨਾ ਫ਼ਰਿਆਦ। ਸਿੱਧੀ ਸਜ਼ਾ ਕਾਲੇਪਾਣੀ ਜਾਂ ਉਮਰ ਕੈਦ। ਨਾ ਕੋਈ ਅਪੀਲ, ਨਾ ਕੋਈ ਦਲੀਲ, ਨਾ ਕੋਈ ਵਕੀਲ।
ਮੁਜ਼ਾਹਰਿਆਂ ਅਤੇ ਜਲਸਿਆਂ-ਜਲੂਸਾਂ ਦੇ ਡਰ ਤੋਂ ਅੰਗਰੇਜ਼ੀ ਹਕੂਮਤ ਨੇ ਜਨਤਾ ਦੇ ਆਗੂ ਡਾ. ਸੈਫ਼ੂਦੀਨ ਕਿਚਲੂ ਅਤੇ ਡਾ. ਸਤਿਆਪਾਲ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕਰਕੇ ਡਲਹੌਜ਼ੀ ਨਜ਼ਰਬੰਦ ਕਰ ਦਿੱਤਾ। ਊਸੇ ਰੋਸ ਵਿਚ ਤੇ ਆਪਣੇ ਆਗੂਆਂ ਨੂੰ ਰਿਹਾਅ ਕਰਵਾਉਣ ਲਈ ਜਲ੍ਹਿਆਂਵਾਲਾ ਬਾਗ਼ ਵਿਚ ਪੰਜਾਬੀ, ਜਨਿ੍ਹਾਂ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਵੀ ਸਨ, ਇਕੱਠੇ ਹੋਏ। 13 ਅਪਰੈਲ ਵਿਸਾਖੀ ਦਾ ਦਿਹਾੜਾ ਸੀ। ਕੁਝ ਸ਼ਰਧਾਲੂ ਦਰਬਾਰ ਸਾਹਿਬ ਸੀਸ ਨਿਵਾਉਣ ਆਏ ਸਨ। ਉਹ ਵੀ ਜਲਸੇ ਵਿਚ ਸ਼ਾਮਲ ਹੋ ਗਏ। ਜਰਨਲ ਡਾਇਰ ਨੇ ਧਾਰਾ 144 ਲਗਾਈ ਹੋਈ ਸੀ ਤੇ ਇਕੱਠ ਕਾਰਨ ਦੀ ਮਨਾਹੀ ਸੀ। ਇਕ ਮੁਖ਼ਬਰ ਦੇ ਦੱਸਣ ’ਤੇ ਡਾਇਰ ਭੜਕ ਉੱਠਿਆ ਤੇ ਉਸ ਨੇ ਜਾ ਕੇ ਨਿਹੱਥੇ ਲੋਕਾਂ ਉੱਪਰ ਬਨਿਾਂ ਚਿਤਾਵਨੀ ਦਿੱਤਿਆਂ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਗ਼ੈਰ-ਸਰਕਾਰੀ ਅੰਕੜਿਆਂ ਅਨੁਸਾਰ 1000 ਤੋਂ ਵੱਧ ਲੋਕ ਮਾਰੇ ਗਏ ਤੇ 1200 ਤੋਂ ਵੱਧ ਲੋਕ ਜ਼ਖ਼ਮੀ ਹੋਏ। ਅੰਮ੍ਰਿਤਸਰ ਦੇ ਸਿਵਲ ਸਰਜਨ ਅਨੁਸਾਰ 1800 ਮੌਤਾਂ ਹੋਈਆਂ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਊਧਮ ਸਿੰਘ ਆਪਣੇ ਯਤੀਮਖਾਨੇ ਦੇ ਸਾਥੀਆਂ ਨਾਲ ਉੱਥੇ ਪਾਣੀ ਪਿਲਾਉਣ ਦੀ ਸੇਵਾ ਕਰ ਰਿਹਾ ਸੀ ਤੇ ਦਰਿੰਦਗੀ ਦਾ ਇਹ ਕਾਂਡ ਉਸ ਨੇ ਅੱਖੀਂ ਵੇਖਿਆ ਸੀ ਤੇ ਦਰਬਾਰ ਸਾਹਿਬ ਜਾ ਕੇ ਇਸ਼ਨਾਨ ਕਰਕੇ, ਬਦਲਾ ਲੈਣ ਦਾ ਪ੍ਰਣ ਕੀਤਾ ਸੀ।
ਊਧਮ ਸਿੰਘ ਨੇ ਕਰਤਾਰ ਸਿੰਘ ਸਰਾਭੇ ਦੀ ਜੀਵਨੀ ਪੜ੍ਹੀ ਸੀ। ਮਦਨ ਲਾਲ ਢੀਂਗਰਾ ਬਾਰੇ ਸੁਣਿਆ ਹੋਇਆ ਸੀ। ਜਲ੍ਹਿਆਂਵਾਲਾ ਬਾਗ਼ ਕਾਂਡ ਤੋਂ ਬਾਅਦ ਉਸ ਦੇ ਜਿਉਣ ਦਾ ਮਕਸਦ ਹੀ ਬਦਲ ਗਿਆ। ਉਸ ਦਾ ਕੀਤਾ ਹੋਇਆ ਪ੍ਰਣ 21 ਸਾਲਾਂ ਬਾਅਦ 13 ਮਾਰਚ 1940 ਨੂੰ ਉਦੋਂ ਪੂਰਾ ਹੋਇਆ ਜਦੋਂ ਉਸ ਦਨਿ ਬਾਅਦ ਦੁਪਹਿਰ ਤਿੰਨ ਵਜੇ ਵੈਸਟਮਿੰਸਟਰ ਦੇ ਕੈਕਸਟਨ ਹਾਲ ਵਿਚ ਈਸਟ ਇੰਡੀਅਨ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਸਾਂਝੀ ਮੀਟਿੰਗ ਸਮੇਂ ਊਧਮ ਸਿੰਘ ਨੇ ਮਾਈਕਲ ਓਡਵਾਇਰ ਤੇ ਉਸ ਦੇ ਸਾਥੀਆਂ ’ਤੇ ਗੋਲੀਆਂ ਦਾਗ਼ ਦਿੱਤੀਆਂ। ਮਾਈਕਲ ਓਡਵਾਇਰ ਤਾਂ ਮੰਚ ਦੀਆਂ ਪੌੜੀਆਂ ਵਿਚ ਹੀ ਡਿੱਗ ਪਿਆ ਤੇ ਮਰ ਗਿਆ। ਲਾਰਡ ਜੈਟਲੈਂਡ ਅਤੇ ਲਾਰਡ ਲੈਮਿੰਗਟਨ ਜ਼ਖ਼ਮੀ ਹੋ ਗਏ। ਖ਼ਬਰ ਫੈਲਣ ਪਿੱਛੋਂ ਸਾਰੇ ਲੰਡਨ ਵਿਚ ਜਿਵੇਂ ਭੂਚਾਲ ਆ ਗਿਆ। ਗ੍ਰਿਫ਼ਤਾਰ ਕਰਨ ਤੋਂ ਬਾਅਦ ਜਦੋਂ ਪੁਲੀਸ ਇੰਸਪੈਕਟਰ ਨੇ ਊਧਮ ਸਿੰਘ ਨੂੰ ਪੁੱਛਿਆ, ‘‘ਕੀ ਉਹ ਅੰਗਰੇਜ਼ੀ ਸਮਝਦਾ ਹੈ?’’
‘‘It is not use, it is over.’’ ਊਧਮ ਸਿੰਘ ਨੇ ਮਾਣ ਨਾਲ ਭਰਵੱਟੇ ਉੱਪਰ ਚੜ੍ਹਾ ਕੇ ਕਿਹਾ। ਫਿਰ ਉਸ ਨੇ ਮਈਕਲ ਓਡਵਾਇਰ ਵੱਲ ਇਸ਼ਾਰਾ ਕਰਕੇ ਕਿਹਾ, ‘‘it is there.’’ (ਔਹ ਪਿਆ ਹੈ)।
ਬਾਅਦ ਵਿਚ ਊਧਮ ਸਿੰਘ ਨੇ ਹੈਰਾਨੀ ਨਾਲ ਪੁੱਛਿਆ- ‘‘ਬੱਸ ਇਕੋ ਮਰਿਐ? ਮੇਰਾ ਤਾਂ ਖ਼ਿਆਲ ਸੀ ਮੈਂ ਬਹੁਤਿਆਂ ਨੂੰ ਮਾਰ ਦਿੱਤਾ ਹੋਣੈ।’’
ਉਸ ਵੇਲੇ ਊਧਮ ਸਿੰਘ ਨੇ ਬੇਹੱਦ ਹੌਸਲੇ ਵਾਲਾ, ਜ਼ਿੰਦਾਦਿਲ, ਸਿਰੜ ਵਾਲਾ ਤੇ ਜਨੂੰਨੀ ਹੋਣ ਦਾ ਸਬੂਤ ਦਿੱਤਾ। ਜੇ ਅਸੀਂ ਊਧਮ ਸਿੰਘ ਦੇ ਖ਼ਤਾਂ ਦਾ ਗੰਭੀਰਤਾ ਨਾਲ ਮੁਲਾਂਕਣ ਕਰੀਏ ਤਾਂ ਇਨ੍ਹਾਂ ਵਿਚੋਂ ਬੜੇ ਰੌਚਕ ਅਤੇ ਭੇਤ ਭਰੇ ਤੱਥ ਲੱਭਦੇ ਹਨ। ਉਸ ਦੇ ਇਕ ਖ਼ਤ ਵਿਚ ਦੋਸਤ ਸ਼ਿਵ ਸਿੰਘ ਜੌਹਲ ਬਹੁ-ਅਰਥੀ ਸ਼ਬਦਾਂ ਦਾ ਮਤਲਬ ਨਹੀਂ ਸਮਝਦਾ ਤਾਂ ਅਗਲੀ ਚਿੱਠੀ ਵਿਚ ਊਧਮ ਸਿੰਘ ਦੋਸਤ ਨੂੰ ਪਿਆਰੇ ਜਾਹਲ ਸਿੰਘ ਕਰਕੇ ਸੰਬੋਧਨ ਕਰਦਾ ਹੈ। ਇਕ ਖ਼ਤ ਵਿਚ ਊਧਮ ਸਿੰਘ ਆਪਣੀ ਕਾਲ ਕੋਠੜੀ ਨੂੰ ਕਿਲ੍ਹਾ ਲਿਖਦਾ ਹੈ, ਆਪਣੇ ਆਪ ਨੂੰ ਜਾਰਜ ਬਾਦਸ਼ਾਹ ਦਾ ਪ੍ਰਾਹੁਣਾ ਸਮਝਦਾ ਹੈ। ਉਹ ਲਿਖਦਾ ਹੈ, ਮੇਰੀ ਦੇਖਭਾਲ ਲਈ ਬਹੁਤ ਅੰਗ-ਰੱਖਿਅਕ ਨੇ।
ਇਕ ਹੋਰ ਖ਼ਤ ਵਿਚ ਊਧਮ ਸਿੰਘ ਲੋਹੇ ਦੀ ਆਰੀ (ਬਲੇਡ) ਦੀ ਮੰਗ ਕਰਦਾ ਹੈ। ਉਹ ਢੰਗ ਵੀ ਦੱਸਦਾ ਹੈ ਕਿਵੇਂ ਕਿਤਾਬ ਦੀ ਮੋਟੀ ਜਿਲਦ ਵਿਚ ਉਸ ਨੂੰ ਛੁਪਾਉਣਾ ਹੈ। ਇੱਥੋਂ ਫਰਾਰ ਹੋ ਕੇ ਉਹ ਆਪਣੇ ਅਧੂਰੇ ਕੰਮਾਂ ਨੂੰ ਅੰਜਾਮ ਦੇਣਾ ਚਾਹੁੰਦਾ ਹੈ। ਊਧਮ ਸਿੰਘ ਦੇ ਖ਼ਤ ਉਸ ਦੇ ਦਲੇਰ ਸੁਭਾਅ, ਨਿਡਰਤਾ ਅਤੇ ਕੁਝ ਕਰ ਗੁਜ਼ਰਨ ਦੇ ਸੰਕਲਪਾਂ ਦੀ ਗਵਾਹੀ ਤਾਂ ਭਰਦੇ ਹੀ ਹਨ, ਇਸ ਤੋਂ ਇਲਾਵਾ ਇਨ੍ਹਾਂ ਖ਼ਤਾਂ ਦਾ ਖ਼ਾਸਾ ਮਹੱਤਵ ਹੈ ਕਿਉਂਕਿ ਇਨ੍ਹਾਂ ਖ਼ਤਾਂ ਉੱਪਰ ਬਾਕਾਇਦਾ ਤਾਰੀਖ਼ ਅਤੇ ਸੰਨ ਮਿਲਦੇ ਤੇ ਸਰਕਾਰੀ ਰਿਕਾਰਡ ਵਿਚ ਦਰਜ ਹੋਣ ਕਰਕੇ ਇਹ ਪ੍ਰਮਾਣਿਕ ਇਤਿਹਾਸਕ ਦਸਤਾਵੇਜ਼ ਹਨ।
ਆਪਣੇ ਮਿਸ਼ਨ ਦੀ ਪੂਰਤੀ ਲਈ ਊਧਮ ਸਿੰਘ 1924 ਦੇ ਸ਼ੁਰੂ ਵਿਚ ਗ਼ਦਰੀਆਂ ਨੂੰ ਮਿਲਿਆ। ਅਮਰੀਕਾ ਰਹਿੰਦਿਆਂ ਉਸ ਨੇ ਆਜ਼ਾਦ ਪਾਰਟੀ ਨਾਮ ਦੀ ਜਥੇਬੰਦੀ ਵੀ ਬਣਾਈ। ਇੱਥੇ ਹੀ ਉਸ ਨੇ ਜਾਅਲੀ ਨੋਟ ਤੇ ਹਥਿਆਰ ਬਣਾਉਣੇ ਸਿੱਖੇ। ਇਹ ਗੱਲਾਂ ਭਾਰਤ ਵੀ ਪੁੱਜੀਆਂ ਤਾਂ ਭਗਤ ਸਿੰਘ ਨੇ ਉਸ ਨੂੰ ਭਾਰਤ ਆਉਣ ਲਈ ਕਿਹਾ: ‘ਤੇਰੀ ਇੱਥੇ ਲੋੜ ਹੈ।’ ਕੁਝ ਹਵਾਲਿਆਂ ਤੋਂ ਪਤਾ ਲੱਗਦਾ ਹੈ, ਊਧਮ ਸਿੰਘ ਨੇ ਭਗਤ ਸਿੰਘ ਨੂੰ ਕਰੰਸੀ ਅਤੇ ਹਥਿਆਰ ਲਿਆ ਕੇ ਦਿੱਤੇੇ।
1927 ਨੂੰ ਊਧਮ ਸਿੰਘ, ਸੂਹੀਆਂ ਦੀ ਲਗਾਤਾਰ ਨਿਗਰਾਨੀ ਰੱਖਣ ਕਾਰਨ ਫੜਿਆ ਜਾਂਦਾ ਹੈ। ਉਸ ਕੋਲੋਂ ਇਨਕਲਾਬੀ ਸਹਿਤ ਤੇ ਹਥਿਆਰ ਬਰਾਮਦ ਹੁੰਦੇ ਹਨ। ਗ਼ੈਰ-ਕਾਨੂੰਨੀ ਹਥਿਆਰ ਅਤੇ ਸਾਹਿਤ ਰੱਖਣ ਦੇ ਜੁਰਮ ਵਿਚ ਉਸ ਨੂੰ ਪੰਜ ਸਾਲ ਦੀ ਸਜ਼ਾ ਹੁੰਦੀ ਹੈ ਤੇ ਮੀਆਂ ਵਾਲੀ ਜੇਲ੍ਹ ਵਿਚ ਭੇਜ ਦਿੱਤਾ ਜਾਂਦਾ ਹੈ। ਇਸੇ ਜੇਲ੍ਹ ਵਿਚ ਉਸ ਦੀ ਮੁਲਾਕਾਤ ਭਗਤ ਸਿੰਘ ਨਾਲ ਹੁੰਦੀ ਹੈ। ਭਗਤ ਸਿੰਘ ਇਸ ਜੇਲ੍ਹ ਵਿਚ ਥੋੜ੍ਹਾ ਸਮਾਂ ਹੀ ਰਹਿੰਦਾ ਹੈ ਤੇ ਫਿਰ ਊਧਮ ਸਿੰਘ ਦੀ ਕੈਦ ਦੇ ਦੌਰਾਨ ਹੀ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ। ਊਧਮ ਸਿੰਘ ਅਕਤੂਬਰ 1931 ਨੂੰ ਰਿਹਾਅ ਹੋਇਆ। ਭਗਤ ਸਿੰਘ ਨੂੰ ਦੁਬਾਰਾ ਨਾ ਮਿਲ ਸਕਣ ਦਾ ਉਸ ਨੂੰ ਬਹੁਤ ਵੱਡਾ ਸਦਮਾ ਲੱਗਾ।
ਜੇਲ੍ਹ ਵਿਚੋਂ ਆਉਣ ਤੋਂ ਬਾਅਦ ਊਧਮ ਸਿੰਘ ਕਦੇ ਸਾਧੂ ਦੇ ਭੇਸ ਵਿਚ ਕਸ਼ਮੀਰ ਚਲਿਆ ਗਿਆ, ਕਦੇ ਨਾਮ ਬਦਲ ਕੇ ਪਾਸਪੋਰਟ ਬਣਵਾ ਕੇ ਆਪਣੇ ਸ਼ਿਕਾਰ ਦੀ ਭਾਲ ਵਿਚ ਮੋਟਰ ਮਕੈਨਿਕ, ਇੰਜਨੀਅਰ ਬਣ ਜਾਂਦਾ, ਲੇਡੀ ਗਾਰਮੈਂਟਸ ਵੇਚਣ ਵਾਲਾ ਹਾਕਰ ਬਣ ਜਾਂਦਾ। … ਇਹ ਸਭ ਕਰਦਿਆਂ ਆਪਣੇ ਮਿਸ਼ਨ ਨੂੰ ਉਹ ਸਦਾ ਧਿਆਨ ਵਿਚ ਰੱਖਦਾ।
ਪੈਂਟੋਨਵਿਲੇ ਜੇਲ੍ਹ ਵਿਚ ਊਧਮ ਸਿੰਘ ਨੇ 42 ਦਨਿ ਭੁੱਖ ਹੜਤਾਲ ਰੱਖੀ। ਉਸ ਨੂੰ ਹਰ ਰੋਜ਼ ਨਹਾਉਣ ਦੀ ਆਗਿਆ ਨਹੀਂ ਸੀ ਦਿੱਤੀ ਗਈ ਤੇ ਊਧਮ ਸਿੰਘ ਦੀ ਜ਼ਿੱਦ ਸੀ, ਅਸੀਂ ਭਾਰਤੀ ਇਸ਼ਨਾਨ ਕਰੇ ਬਗੈਰ ਖਾਣਾ ਨਹੀਂ ਖਾਂਦੇ। ਇਕ ਖ਼ਤ ਵਿਚ ਊਧਮ ਸਿੰਘ, ਭਗਤ ਸਿੰਘ ਬਾਰੇ ਜ਼ਿਕਰ ਕਰਦਾ ਹੈ, ‘…10 ਸਾਲ ਹੋ ਗਏ ਨੇ, ਮੇਰਾ ਸਭ ਤੋਂ ਪਿਆਰਾ ਦੋਸਤ ਮੈਨੂੰ ਪਿੱਛੇ ਛੱਡ ਕੇ ਚਲਿਆ ਗਿਆ ਹੈ। ਮੈਨੂੰ ਯਕੀਨ ਹੈ ਮਰਨ ਤੋਂ ਬਾਅਦ ਮੈਂ ਉਸ ਨੂੰ ਮਿਲ ਪਵਾਂਗਾ ਕਿਉਂਕਿ ਉਹ ਮੇਰਾ ਇੰਤਜ਼ਾਰ ਕਰ ਰਿਹਾ ਹੈ…।’
ਕੁਝ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ, ਅਮਰੀਕਾ ਰਹਿੰਦਿਆਂ ਊਧਮ ਸਿੰਘ ਇਕ ਕ੍ਰਾਂਤੀਕਾਰੀ ਲੜਕੀ ਲਲੂਪੀ (ਲੂਪੀ/ਲੂਬੀ) ਦੇ ਸੰਪਰਕ ਵਿਚ ਆਇਆ। ਉਨ੍ਹਾਂ ਸ਼ਾਦੀ ਕਰ ਲਈ। ਦੋ ਲੜਕੇ ਵੀ ਪੈਦਾ ਹੋਏ। ਜਦੋਂ ਊਧਮ ਸਿੰਘ ਇੰਗਲੈਂਡ ਆ ਗਿਆ ਤਾਂ ਉਹ ਲੜਕੀ ਆਪਣੇ ਮਾਂ-ਬਾਪ ਕੋਲ ਕੈਲੀਫੋਰਨੀਆ ਚਲੀ ਗਈ। ਬਾਅਦ ਵਿਚ ਉਸ ਲੜਕੀ ਦਾ ਕੀ ਬਣਿਆ? ਊਧਮ ਸਿੰਘ ਦੇ ਦੋ ਲੜਕੇ ਕਿੱਥੇ ਹਨ? ਇਹ ਵੇਰਵੇ ਕਿਧਰੇ ਨਹੀਂ ਮਿਲਦੇ।
ਲੰਡਨ ਵਿਚ ਊਧਮ ਸਿੰਘ ਦੀ ਦੋਸਤ ਲੜਕੀ ਮੈਰੀ ਦਾ ਜ਼ਿਕਰ ਬਹੁਤ ਮਿਲਦਾ ਹੈ। 13 ਮਾਰਚ 1940 ਕੈਕਸਟਨ ਹਾਲ ਵਿਚ ਜਾਣ ਸਮੇਂ ਮੈਰੀ ਊਧਮ ਸਿੰਘ ਦੇ ਨਾਲ ਸੀ। ਇਕ ਦਨਿ ਪਹਿਲਾਂ ਦੋਹਾਂ ਨੇ ਹੀ ਉਸ ਹਾਲ ਦੀ ਰੇਕੀ ਕੀਤੀ ਸੀ। ਇੰਗਲੈਂਡ ਆ ਕੇ ਊਧਮ ਸਿੰਘ ਨੇ ਕਈ ਨੌਕਰੀਆਂ ਕੀਤੀਆਂ, ਰਿਹਾਇਸ਼ਾਂ ਵੀ ਬਦਲੀਆਂ। ਲੰਡਨ ਦੇ ਇਕ ਫਿਲਮ ਸਟੂਡੀਓ ਵਿਚ ‘ਸਾਬੂ ਦਿ ਐਲੀਫੈਂਟ ਬੌਏ’ ਫਿਲਮ ਵਿਚ ਕੋਈ ਛੋਟਾ-ਮੋਟਾ ਰੋਲ ਵੀ ਕੀਤਾ।
ਲੰਡਨ ਦੇ ਕੈਕਸਟਨ ਹਾਲ ਵਿਚ ਊਧਮ ਸਿੰਘ ਵੱਲੋਂ ਕੀਤੇ ਸਾਹਸੀ ਕਾਰਨਾਮੇ ਬਾਰੇ ਭਾਰਤੀ ਲੀਡਰਾਂ ਨੇ ਬਰਤਾਨਵੀ ਤਾਜ ਦੀ ਜੀ-ਹਜ਼ੂਰੀ ਕਰਦਿਆਂ ਇਸ ਘਟਨਾ ਦੀ ਘੋਰ ਨਿੰਦਿਆ ਕੀਤੀ:
ਸਾਡੇ ਅੱਜ ਦੇ ਰਾਸ਼ਟਰ ਪਿਤਾ ਤੇ ਓਸ ਵੇਲੇ ਦੇ ਮਹਾਤਮਾ ਗਾਂਧੀ ਨੇ ਕਿਹਾ, ‘‘ਸਰ ਮਾਈਕਲ ਓਡਵਾਇਰ ਦੀ ਮੌਤ, ਲਾਰਡ ਜੈਂਟਲੈਡ, ਲਾਰਡ ਲੈਮਿੰਗਟਨ ਅਤੇ ਸਰ ਲੁਈਸ ਡੇਨ ਦੇ ਜ਼ਖ਼ਮੀ ਹੋਣ ਨਾਲ ਮੈਨੂੰ ਡੂੰਘਾ ਦੁੱਖ ਹੋਇਆ…। ਮੈਂ ਇਸ ਕਾਰਨਾਮੇ ਨੂੰ ਪਾਗਲਪਣ ਸਮਝਦਾ ਹਾਂ।…’’
ਜਵਾਹਰਲਾਲ ਨਹਿਰੂ ਨੇ ਆਪਣੇ ਬਿਆਨ ਵਿਚ ਕਿਹਾ, ‘‘ਮੈਨੂੰ ਇਸ ਕਤਲ ਦਾ ਵੱਡੇ ਪੱਧਰ ’ਤੇ ਪਛਤਾਵਾ ਹੈ।’’
1952 ਵਿਚ ਨਹਿਰੂ ਜਦ ਪੰਜਾਬ ਫੇਰੀ ਸਮੇਂ ਸੁਨਾਮ ਆਇਆ ਤਾਂ ਉਸ ਦੀ ਬੋਲੀ ਬਦਲ ਗਈ: …ਮੈਂ ਸ਼ਹੀਦੇ-ਆਜ਼ਮ ਊਧਮ ਸਿੰਘ ਕੋ ਸ਼ਰਧਾ ਸੇ ਪ੍ਰਣਾਮ ਕਰਤਾ ਹੂੰ, ਜੋ ਇਸ ਲੀਏ ਤਖ਼ਤਾਦਾਰ ਕੋ ਚੂਮ ਗਇਆ ਕਿ ਹਮੇਂ ਆਜ਼ਾਦੀ ਮਿਲੇ…।’
ਇਸ ਮਹਾਨ ਕ੍ਰਾਂਤੀਕਾਰੀ ਨੂੰ 19 ਜੁਲਾਈ 1974 ਨੂੰ ਆਪਣੇ ਦੇਸ਼ ਦੀ ਮਿੱਟੀ ਨਸੀਬ ਹੋਈ। ਅਣਥੱਕ ਕੋਸ਼ਿਸ਼ਾਂ ਤੋਂ ਬਾਅਦ ਉਸ ਦੀਆਂ ਪਵਿੱਤਰ ਅਸਥੀਆਂ ਇਸ ਦਨਿ ਭਾਰਤ ਪੁੱਜੀਆਂ ਤੇ ਫਿਰ ਵੱਖ-ਵੱਖ ਥਾਵਾਂ, ਸ਼ਹਿਰਾਂ, ਕਸਬਿਆਂ ਵਿਚੋਂ ਲੰਘਦਿਆਂ ਜੋਸ਼ੀਲੇ ਨਾਅਰਿਆਂ ਦੀ ਗੂੰਜ ਵਿਚ ਆਖ਼ਰ 31 ਜੁਲਾਈ 1974 ਨੂੰ ਠਾਠਾਂ ਮਾਰਦੇ ਮਨੁੱਖੀ ਸਮੁੰਦਰ ਦਾ ਕਾਫ਼ਲਾ ਆਪਣੇ ਮਹਬਿੂਬ ਇਨਕਲਾਬੀ ਦੀਆਂ ਅਸਥੀਆਂ ਨਾਲ ਸੁਨਾਮ ਪਹੁੰਚਿਆ। ਸ਼ਹੀਦ ਦੇ ਸਵਾਗਤ ਲਈ ਥਾਂ-ਥਾਂ ਸਵਾਗਤੀ ਗੇਟ ਬਣਾਏ ਗਏ ਸਨ। ਅੰਤਿਮ ਰਸਮਾਂ ਵੇਲੇ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਨੇ ਆਪਣੀ-ਆਪਣੀ ਆਸਥਾ ਅਤੇ ਸ਼ਰਧਾ ਅਨੁਸਾਰ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ।
ਊਧਮ ਸਿੰਘ ਦੀ ਮਹਾਨ ਕੁਰਬਾਨੀ ਦਾ ਸਨਮਾਨ ਕਰਦਿਆਂ ਸੁਨਾਮ ਦਾ ਨਾਮ ‘ਸੁਨਾਮ ਊਧਮ ਸਿੰਘ ਵਾਲਾ’ ਰੱਖਿਆ ਗਿਆ। ਹੁਣ ਪੰਜਾਬ ਅਤੇ ਭਾਰਤ ਹੀ ਨਹੀਂ, ਪੂਰੇ ਵਿਸ਼ਵ ਵਿਚ ਸ਼ਹੀਦ ਊਧਮ ਸਿੰਘ ਦੀਆਂ ਯਾਦਗਾਰਾਂ ਸਥਾਪਤ ਕੀਤੀਆਂ ਗਈਆਂ ਹਨ। ਨੌਜਵਾਨ ਜਥੇਬੰਦੀਆਂ, ਲਾਇਬਰੇਰੀਆਂ, ਸੜਕਾਂ, ਸਕੂਲਾਂ/ਕਾਲਜਾਂ ਦੇ ਨਾਮ- ਊਧਮ ਸਿੰਘ ਦੇ ਨਾਮ ਨਾਲ ਰੱਖੇ ਜਾ ਰਹੇ ਹਨ ਤੇ ਅਨੇਕਾਂ ਸ਼ਹਿਰਾਂ ਦੇ ਚੌਰਾਹਿਆਂ ਵਿਚ ਸ਼ਹੀਦ ਊਧਮ ਸਿੰਘ ਦੇ ਬੁੱਤ ਸਥਾਪਿਤ ਕੀਤੇ ਗਏ ਹਨ।
ਮਾਈਕਲ ਓਡਵਾਇਰ ਦੇ ਕਤਲ ਦੇ ਮੁਕੱਦਮੇ ਦਾ ਸਾਹਮਣਾ ਕਰਦਿਆਂ ਜੱਜ ਮਿਸਟਰ ਐਟਕਨਿਸਨ ਦੀ ਅਦਾਲਤ ਵਿਚ ਊਧਮ ਸਿੰਘ ਨੇ ਲਲਕਾਰ ਕੇ ਕਿਹਾ, ‘‘ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ। ਇਹ ਤਾਂ ਮੇਰੇ ਵਾਸਤੇ ਕੁਝ ਵੀ ਨਹੀਂ। ਮੈਨੂੰ ਮਰ ਜਾਣ ਦਾ ਬਿਲਕੁਲ ਕੋਈ ਫ਼ਿਕਰ ਨਹੀਂ। ਮੈਂ ਕਿਸੇ ਮੰਤਵ ਲਈ ਕੁਰਬਾਨ ਹੋ ਰਿਹਾ ਹਾਂ। ਅਸੀਂ ਬ੍ਰਿਟਿਸ਼ ਸਾਮਰਾਜ ਦੇ ਸਤਾਏ ਹੋਏ ਹਾਂ। ਮੈਨੂੰ ਮਾਣ ਹੈ ਕਿ ਮੈਂ ਆਪਣੀ ਮਾਤ ਭੂਮੀ ਨੂੰ ਆਜ਼ਾਦ ਕਰਵਾਉਣ ਲਈ ਮਰ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਜਦੋਂ ਮੈਂ ਚਲਾ ਗਿਆ, ਮੇਰੀ ਥਾਂ ਹਜ਼ਾਰਾਂ ਦੇਸ਼ ਵਾਸੀ ਆਉਣਗੇ ਤੇ ਤੁਹਾਨੂੰ ਗੰਦੇ ਕੁੱਤਿਆਂ ਨੂੰ ਬਾਹਰ ਧੱਕਣਗੇ। ਭਾਰਤ ਵਿਚੋਂ ਤੁਹਾਡਾ ਸਫ਼ਾਇਆ ਕਰ ਦਿੱਤਾ ਜਾਵੇਗਾ।’’
ਸ਼ਹੀਦ ਊਧਮ ਸਿੰਘ ਆਪਣੇ ਲੋਕਾਂ ਤੋਂ ਵੱਡੀ ਤਵੱਕੋ ਰੱਖਦਾ ਸੀ। ਫਾਂਸੀ ਵੱਲ ਜਾਂਦਿਆਂ ਭਗਤ ਸਿੰਘ ਵੀ ਪੁਸਤਕ ਦਾ ਪੰਨਾ ਮੋੜ ਕੇ ਉੱਠਿਆ ਸੀ। ਸਾਡੀ ਨੌਜਵਾਨ ਪੀੜ੍ਹੀ ਅਜਿਹੇ ਜਾਂਬਾਜ਼ ਇਨਕਲਾਬੀਆਂ ਨੂੰ ਭੁੱਲਦੀ ਜਾ ਰਹੀ ਹੈ। ਸਾਡੇ ਇਨ੍ਹਾਂ ਸੂਰਬੀਰ ਨਾਇਕਾਂ, ਬੱਬਰ ਅਕਾਲੀਆਂ, ਗ਼ਦਰੀ ਬਾਬਿਆਂ ਦਾ ਮਕਸਦ ਸੀ, ਮੈਂ ਮਰਾਂ, ਮੇਰਾ ਦੇਸ਼ ਜੀਵੇ, ਮੇਰੇ ਲੋਕ ਜੀਣ। ਇਨ੍ਹਾਂ ਸੂਰਬੀਰਾਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਸਾਡੇ ਬਹੁਤੇ ਨੇਤਾਵਾਂ ਦੀ ਭਾਵਨਾ ਬਣੀ ਰਹੀ ਹੈ ਕਿ ‘ਇਹ ਦੇਸ਼ ਭਾਵੇਂ ਮਰੇ, ਇਹ ਦੇਸ਼ ਭਾਵੇਂ
ਉੱਜੜੇ, ਭਾਵੇਂ ਢੱਠੇ ਖੂਹ ’ਚ ਪਵੇ, ਭਾਵੇਂ ਸਾਰੇ ਲੋਕ ਮਰ ਜਾਣ, ਪਰ ਮੈਂ ਜੀਵਾਂ, ਮੇਰਾ ਪਰਿਵਾਰ ਜੀਵੇ।’
ਨੌਜਵਾਨਾਂ ਨੂੰ ਊਧਮ ਸਿੰਘ, ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭੇ ਜਿਹੇ ਲੋਕਨਾਇਕਾਂ ਦਾ ਜੀਵਨ ਅਤੇ ਸਾਹਿਤ ਪੜ੍ਹਾਉਣ ਦੀ ਬਹੁਤ ਲੋੜ ਹੈ ਤੇ ‘ਸੂਰਜ ਕਦੇ ਮਰਦਾ ਨਹੀਂ’ ਜਿਹੇ ਨਾਵਲ ਅਜਿਹੀ ਲੋੜ ਵਿਚੋਂ ਉਪਜੇ ਹਨ।
ਸੰਪਰਕ: 98147-83069