For the best experience, open
https://m.punjabitribuneonline.com
on your mobile browser.
Advertisement

ਸ਼ਹੀਦ ਲਾਂਸ ਨਾਇਕ ਬਲਜੀਤ ਸਿੰਘ ਦਾ ਸਰਕਾਰੀ ਸਨਮਾਨ ਨਾਲ ਸਸਕਾਰ

09:01 AM Sep 20, 2024 IST
ਸ਼ਹੀਦ ਲਾਂਸ ਨਾਇਕ ਬਲਜੀਤ ਸਿੰਘ ਦਾ ਸਰਕਾਰੀ ਸਨਮਾਨ ਨਾਲ ਸਸਕਾਰ
ਲਾਂਸ ਨਾਇਕ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਪਰਿਵਾਰਕ ਮੈਂਬਰ (ਇਨਸੈੱਟ) ਸ਼ਹੀਦ ਬਲਜੀਤ ਸਿੰਘ।
Advertisement

ਬਲਵਿੰਦਰ ਰੈਤ
ਨੂਰਪੁਰ ਬੇਦੀ, 19 ਸਤੰਬਰ
ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਸ਼ਹੀਦ ਹੋਏ ਪਿੰਡ ਝੱਜ ਦੇ ਲਾਂਸ ਨਾਇਕ ਬਲਜੀਤ ਸਿੰਘ (29) ਦਾ ਅੱਜ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਫ਼ੌਜੀ ਤੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਲਾਂਸ ਨਾਇਕ ਬਲਜੀਤ ਸਿੰਘ ਪੁੱਤਰ ਸੰਤੋਖ ਸਿੰਘ ਭਾਰਤੀ ਫੌਜ ਦੀ 57 ਇੰਜਨੀਅਰ ਰੈਜੀਮੈਂਟ ਦੀ 2 ਪੈਰਾ ਸਪੈਸ਼ਲ ਫੋਰਸ ’ਚ ਤਾਇਨਾਤ ਸੀ। ਮੰਗਲਵਾਰ ਨੂੰ ਉਹ ਉਸ ਸਮੇਂ ਡਿਊਟੀ ਦੌਰਾਨ ਸ਼ਹੀਦ ਹੋ ਗਿਆ, ਜਦੋਂ ਦੁਸ਼ਮਣਾਂ ਦਾ ਸਾਹਮਣਾ ਕਰਦੇ ਸਮੇਂ ਫੌਜ ਦੀ ਗੱਡੀ ਮਨਜਾਕੋਟੇ ਖੇਤਰ ਵਿੱਚ ਇਕ ਖੱਡ ਵਿੱਚ ਡਿੱਗ ਗਈ। ਇਸ ਗੱਡੀ ’ਚ ਸਵਾਰ 4 ਹੋਰ ਜਵਾਨ ਜ਼ਖ਼ਮੀ ਹੋਏ ਸਨ।
ਅੱਜ ਭਾਰਤੀ ਫੌਜ ਦੇ ਅਧਿਕਾਰੀ ਲਾਂਸ ਨਾਇਕ ਬਲਜੀਤ ਸਿੰਘ ਦੀ ਦੇਹ ਤਿਰੰਗੇ ’ਚ ਲਪੇਟ ਕੇ ਪਿੰਡ ਝੱਜ ਸਥਿਤ ਉਨ੍ਹਾਂ ਦੇ ਘਰ ਪੁੱਜੇ। ਇਸ ਦੌਰਾਨ ਨੂਰਪੁਰ ਬੇਦੀ ਤੋਂ ਸ਼ਹੀਦ ਦੀ ਦੇਹ ਲਿਆਉਣ ਸਮੇਂ ਕਾਫ਼ਲੇ ਦੇ ਦਰਸ਼ਨਾਂ ਲਈ ਸੜਕ ਕਿਨਾਰੇ ਖੜ੍ਹੇ ਸਕੂਲੀ ਵਿਦਿਆਰਥੀਆਂ ਨੇ ‘ਸ਼ਹੀਦ ਬਲਜੀਤ ਸਿੰਘ ਅਮਰ ਰਹੇ’ ਦੇ ਨਾਅਰੇ ਲਗਾ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮਗਰੋਂ ਸਸਕਾਰ ਮੌਕੇ ਚੰਡੀਮੰਦਰ ਤੋਂ ਪਹੁੰਚੀ ਸੈਨਿਕ ਟੁਕੜੀ ਨੇ ਹਵਾਈ ਫਾਇਰ ਕਰ ਕੇ ਸ਼ਹੀਦ ਨੂੰ ਸਲਾਮੀ ਦਿੱਤੀ। ਪੰਜਾਬ ਸਰਕਾਰ ਦੀ ਤਰਫੋਂ ਪਹੁੰਚੇ ਆਨੰਦਪੁਰ ਸਾਹਿਬ ਦੇ ਐੱਸਡੀਐੱਮ ਰਾਜਪਾਲ ਸਿੰਘ ਸੇਖੋਂ, ਨਾਇਬ ਤਹਿਸੀਲਦਾਰ ਰਿਤੂ ਕਪੂਰ, ਡੀਐੱਸਪੀ ਅਜੇ ਸਿੰਘ, ਐੱਸਐੱਚਓ ਗੁਰਵਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਸਿਆਸੀ ਤੇ ਸਮਾਜਿਕ ਸ਼ਖਸੀਅਤਾਂ ’ਚ ਸ਼ਾਮਲ ਵਿਧਾਇਕ ਚੱਢਾ ਦੇ ਪਿਤਾ ਰਾਮ ਪ੍ਰਸਾਦ ਪਾਲੀ ਚੱਢਾ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸੈਨਿਕ ਦੇ ਭਰਾ ਸੁਲੱਖਣ ਸਿੰਘ ਨੇ ਚਿਖਾ ਨੂੰ ਅਗਨੀ ਦਿਖਾਈ। ਜ਼ਿਕਰਯੋਗ ਹੈ ਕਿ ਲਾਂਸ ਨਾਇਕ ਬਲਜੀਤ ਸਿੰਘ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਅਮਨਦੀਪ ਕੌਰ ਤੇ ਮਾਤਾ ਸੁਖਵਿੰਦਰ ਕੌਰ ਹਨ। ਇਸ ਮੌਕੇ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਅਜੈਵੀਰ ਸਿੰਘ ਲਾਲਪੁਰਾ, ਤਿਲਕ ਰਾਜ ਪੰਮਾ, ਸਵਤੰਤਰ ਸੈਣੀ ਅਤੇ ਗੁਰਜੀਤ ਗੋਲਡੀ ਵੱਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

Advertisement

Advertisement
Advertisement
Author Image

joginder kumar

View all posts

Advertisement