ਸ਼ਹੀਦ ਜਵਾਨ ਸ਼ਮਸ਼ੇਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
ਪੱਤਰ ਪ੍ਰੇਰਕ
ਅਜਨਾਲਾ, 30 ਦਸੰਬਰ
ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਡੱਗ-ਤੂਤ ਦੇ ਫ਼ੌਜੀ ਜਵਾਨ ਸ਼ਮਸ਼ੇਰ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਸ਼ਮਸ਼ੇਰ ਸਿੰਘ ਲੰਘੇ ਦਿਨ ਸਿਆਚਿਨ ਗਲੇਸ਼ੀਅਰ ਵਿੱਚ ਡਿਊਟੀ ਦੌਰਾਨ ਢਿੱਗ ਡਿੱਗਣ ਕਾਰਨ ਸ਼ਹੀਦ ਹੋ ਗਿਆ ਸੀ। ਇਸੇ ਦੌਰਾਨ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਦੀ ਸ਼ਹੀਦ ਦੀ ਯਾਦਗਾਰ ਬਣਾਈ ਜਾਵੇਗੀ ਅਤੇ ਪਰਿਵਾਰ ਨੂੰ ਹਰ ਸੰਭਵ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਲੇਹ-ਲੱਦਾਖ ਤੋਂ ਸ਼ਹੀਦ ਸ਼ਮਸ਼ੇਰ ਸਿੰਘ ਦੀ ਮ੍ਰਿਤਕ ਦੇਹ ਅੱਜ ਪਿੰਡ ਡੱਗ-ਤੂਤ ਲਿਆਂਦੀ ਗਈ। ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸ਼ਹੀਦ ਸ਼ਮਸ਼ੇਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਫ਼ੌਜ ਦੇ ਜਵਾਨਾਂ ਨੇ ਹਥਿਆਰ ਉਲਟੇ ਕਰ ਕੇ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਗੌਰਤਲਬ ਹੈ ਕਿ ਪਿੰਡ ਡੱਗ-ਤੂਤ ਦਾ ਰਹਿਣ ਵਾਲਾ ਸ਼ਮਸ਼ੇਰ ਸਿੰਘ ਲਗਪਗ ਚਾਰ ਸਾਲ ਪਹਿਲਾਂ ਫ਼ੌਜ ਦੀ 105 ਇੰਜਨੀਅਰਿੰਗ ਬਟਾਲੀਅਨ ਵਿੱਚ ਭਰਤੀ ਹੋਇਆ ਸੀ। ਸ਼ਮਸ਼ੇਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਹਾਲੇ ਅਣਵਿਆਹਿਆ ਸੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਪਨਗ੍ਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਯੂਥ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ, ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ, ਭਾਜਪਾ ਆਗੂ ਹਰਦਿਆਲ ਸਿੰਘ ਔਲਖ, ਗੁਰਵਿੰਦਰ ਸਿੰਘ ਫ਼ੌਜੀ ਬਲਾਕ ਪ੍ਰਧਾਨ, ਡਾ. ਸ਼ਰਨਜੀਤ ਸਿੰਘ ਤੇ ਤਰਸੇਮ ਸਿੰਘ ਬਲਾਕ ਪ੍ਰਧਾਨ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ੍ਰੀ ਮਿਆਦੀਆਂ ਨੇ ਸ਼ਹੀਦ ਦੇ ਪਰਿਵਾਰ ਨੂੰ ਹਰੇਕ ਸੰਭਵ ਸਰਕਾਰੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ।