ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਕੂਲ ਦੀ ਖਿਡਾਰਨ ਨੇ ਰਚਿਆ ਇਤਿਹਾਸ
ਪੱਤਰ ਪ੍ਰੇਰਕ
ਜ਼ੀਰਾ, 18 ਦਸੰਬਰ
ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੀ ਖਿਡਾਰਨ ਸੁਖਪ੍ਰੀਤ ਕੌਰ ਨੇ ਦਿੱਲੀ ਵਿੱਚ ਹੋਈਆਂ 68ਵੀਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚੋਂ ਲੜਕੀਆਂ ਦੇ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਇਹ ਇਕਲੌਤਾ ਮੈਡਲ ਹੈ ਜੋ ਸੁਖਪ੍ਰੀਤ ਨੇ ਪ੍ਰਾਪਤ ਕੀਤਾ। ਇਸ ਮੌਕੇ ਸੁਖਪ੍ਰੀਤ ਤੇ ਉਸ ਦੇ ਕੋਚ ਲਕਸ਼ਮੀ ਵਰਮਾ ਅਤੇ ਪਰਮਜੀਤ ਸਿੰਘ ਦਾ ਸਨਮਾਨ ਕਰਨ ਲਈ ਵਿਸ਼ੇਸ਼ ਤੌਰ ਤੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਚਮਕੌਰ ਸਿੰਘ ਪ੍ਰਿੰਸੀਪਲ ਮੈਰੀਟੋਰੀਅਸ ਸਕੂਲ ਫਿਰੋਜ਼ਪੁਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸਕੂਲ ਪਹੁੰਚਣ ’ਤੇ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸੁਖਪ੍ਰੀਤ ਕੌਰ ਅਤੇ ਕੋਚਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਿਥੇ ਸਕੂਲ ਪ੍ਰਿੰਸੀਪਲ ਰਾਕੇਸ਼ ਸ਼ਰਮਾ ਵੱਲੋਂ ਸੁਖਪ੍ਰੀਤ ਨੂੰ 11000 ਰੁਪਏ ਦਾ ਚੈੱਕ ਭੇਂਟ ਕੀਤਾ ਗਿਆ, ਉੱਥੇ ਸਕੂਲ ਦੇ ਸਰਵ ਉੱਚ ਐਵਾਰਡ ਆਫ ਐਕਸੀਲੈਂਸ ਨਾਲ ਵੀ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਨੇ ਦੱਸਿਆ ਕਿ ਲਕਸ਼ਮੀ ਵਰਮਾ ਅਤੇ ਪਰਮਜੀਤ ਸਿੰਘ ਦੀ ਲਗਾਤਾਰ ਤਿੰਨ ਸਾਲ ਦੀ ਸਖਤ ਮਿਹਨਤ ਤੋਂ ਬਾਅਦ ਇਹ ਨੈਸ਼ਨਲ ਮੈਡਲ ਹਾਸਲ ਕਰਨ ਵਿੱਚ ਕਾਮਯਾਬੀ ਮਿਲੀ ਹੈ। ਇਸ ਮੌਕੇ ਨੈਸ਼ਨਲ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੀ ਜਸ਼ਨਪ੍ਰੀਤ ਕੌਰ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਸਰਕਾਰੀ ਸਕੂਲ ਲਈ ਨੈਸ਼ਨਲ ਮੈਡਲ ਪ੍ਰਾਪਤ ਕਰਵਾਉਣ ਵਾਲੇ ਕੋਚ ਲਕਸ਼ਮੀ ਵਰਮਾ ਅਤੇ ਪਰਮਜੀਤ ਸਿੰਘ ਦਾ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ।