ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ
ਸਦੀਆਂ ਤੋਂ ਵਿਦੇਸ਼ੀਆਂ ਦੇ ਭਾਰਤ ਨੂੰ ਗੁਲਾਮ ਬਣਾ ਕੇ ਰੱਖਣ ਦੇ ਜ਼ਾਲਮ ਮਨਸੂਬਿਆਂ ਦਾ ਮੁਕਾਬਲਾ ਕਰਨ ਤੇ ਉਨ੍ਹਾਂ ਨੂੰ ਨਿਸਫਲ ਬਣਾਉਣ ਲਈ ਜੁਟਾਈਆਂ ਜਾਂਦੀਆਂ ਰਹੀਆਂ ਸਭ ਮੁਹਿੰਮਾਂ ’ਚ ਪੰਜਾਬ ਸਭ ਤੋਂ ਮੂਹਰਲੀਆਂ ਸਫਾਂ ਵਿੱਚ ਰਹਿੰਦਾ ਰਿਹਾ ਹੈ। ਦੇਸ਼ ਵਿੱਚ ਅੰਗਰੇਜ਼ਾਂ ਦੀ ਗੁਲਾਮੀ ਵਿਰੁੱਧ ਲੜੇ ਗਏ ਸੁਤੰਤਰਤਾ ਸੰਗਰਾਮ ਵਿੱਚ ਵੀ ਪੰਜਾਬੀਆਂ ਨੇ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਕੀਤੀਆਂ। ਇਸੇ ਸੰਘਰਸ਼ ਦੌਰਾਨ ਹੀ ਕੈਨੇਡਾ ਵਿੱਚ ਨਸਲਵਾਦ ਅਤੇ ਭਾਰਤ ਵਿਚਲੇ ਬਸਤੀਵਾਦ ਖਿਲਾਫ ਸੰਘਰਸ਼ ਦੌਰਾਨ 11 ਜਨਵਰੀ, 1915 ਨੂੰ ਕੈਨੇਡਾ ਵਿੱਚ ਫਾਂਸੀ ਲੱਗਣ ਵਾਲੇ ਪਹਿਲੇ ਸ਼ਹੀਦ ਸਨ ਭਾਈ ਮੇਵਾ ਸਿੰਘ ਜੀ।
ਆਪ ਦਾ ਜਨਮ ਪਿੰਡ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ 1881 ’ਚ ਪਿਤਾ ਨੰਦ ਸਿੰਘ ਦੇ ਘਰ ਹੋਇਆ। ਆਪ ਬਹੁਤ ਹੀ ਧਾਰਮਿਕ ਵਿਚਾਰਾਂ ਦੇ, ਸੇਵਾ ਭਾਵਨਾ ਵਾਲੇ ਗੁਰਸਿੱਖ ਸਨ। ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਦੌਰਾਨ ਰੋਜ਼ੀ-ਰੋਟੀ ਤੇ ਚੰਗੇ ਭਵਿੱਖ ਲਈ ਜਦੋਂ ਪੰਜਾਬੀ ਭਾਰਤ ਤੋਂ ਬਾਹਰ ਦੂਰ ਕੈਨੇਡਾ, ਅਮਰੀਕਾ ਜਾਣ ਲੱਗੇ ਤਾਂ 1906 ਈਸਵੀ ਨੂੰ ਮੇਵਾ ਸਿੰਘ ਵੀ ਰੁਜ਼ਗਾਰ ਵਾਸਤੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਪਹੁੰਚ ਗਏ। ਉਸ ਸਮੇਂ ਕੈਨੇਡੀਅਨ ਸਰਕਾਰ ਏਸ਼ਿਆਈ ਲੋਕਾਂ ਖਿਲਾਫ ਕਾਲੇ ਕਾਨੂੰਨ ਬਣਾ ਰਹੀ ਸੀ, ਮਿਸਾਲ ਵਜੋਂ ਭਾਰਤੀਆਂ ਤੋਂ ਵੋਟ ਦਾ ਅਧਿਕਾਰ ਵਾਪਸ ਲੈ ਲਿਆ ਗਿਆ। ਕੈਨੇਡਾ ਦੀ ਪਹਿਲੀ ਸੰਸਥਾ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਦੇ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਵਿਚ ਆਪ ਮੋਹਰੀ ਸਨ। ਆਪ ਨੇ ਜੂਨ 1908 ਵਿਚ ਅੰਮ੍ਰਿਤ ਛਕਿਆ। ਆਪ ਇੱਕ ਫਰੇਜ਼ਰ ਮਿੱਲ, ਨਿਊਵੈਸਟਮਿੰਸਟਰ ਵਿੱਚ ਕੰਮ ਕਰਦੇ ਸਨ, ਪਰ ਆਪ ਦਾ ਸੰਪਰਕ ਗਦਰੀ ਦੇਸ਼ ਭਗਤਾਂ ਨਾਲ ਹਮੇਸ਼ਾ ਬਣਿਆ ਰਿਹਾ।
ਹਾਪਕਿਨਸਨ ਨਾਂ ਦਾ ਇੱਕ ਰੱਜ ਕੇ ਬਦਨਾਮ ਅੰਗਰੇਜ਼ ਪੁਲੀਸ ਅਫਸਰ ਜਿਹੜਾ ਪਹਿਲਾਂ ਹਿੰਦੋਸਤਾਨ ਵਿਚ ਰਹਿ ਚੱਕਾ ਸੀ, ਸੰਨ 1909 ਨੂੰ ਕੈਨੇਡਾ ਇਮੀਗਰਸ਼ੇਨ ਵਿਭਾਗ ਵਿੱਚ ਜਾ ਲੱਗਾ। ਇਹ ਭਾਰਤੀ ਲੋਕਾਂ ਦੀਆਂ ਸਰਗਰਮੀਆਂ ਦੀ ਸੂਚਨਾ ਅੰਗਰੇਜ਼ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਵੀ ਕਰਦਾ ਸੀ। ਇਸ ਦਾ ਜਨਮ ਭਾਰਤ ’ਚ ਹੋਇਆ ਸੀ, ਜਿਸਦਾ ਪਿਤਾ ਇੱਕ ਅੰਗਰੇਜ਼ ਤੇ ਮਾਂ ਭਾਰਤੀ ਸੀ। ਉਹ ਇਥੇ ਆਉਣ ਤੋਂ ਪਹਿਲਾਂ ਪੰਜਾਬ ਤੇ ਕਲਕੱਤਾ ਪੁਲੀਸ ’ਚ ਰਹਿ ਚੁੱਕਾ ਸੀ। ਉਹ ਬਹੁਤ ਹੀ ਰਿਸ਼ਵਤਖੋਰ ਅਫਸਰ ਸੀ ਤੇ ਇਸ ਕੰਮ ਵਾਸਤੇ ਉਸ ਨੇ ਕਈ ਦਲਾਲ ਪੈਦਾ ਕੀਤੇ ਹੋਏ ਸਨ। ਬੇਲਾ ਸਿੰਘ ਪਿੰਡ ਜਿਆਨ ਜ਼ਿਲ੍ਹਾ ਹੁਸ਼ਿਆਰਪੁਰ, ਇਸ ਦਾ ਖਾਸ ਦਲਾਲ ਤੇ ਇਤਬਾਰੀ ਆਦਮੀ ਸੀ। ਗਦਰ ਪਾਰਟੀ ਦਾ ਗਠਨ ਹੋਣ ਨਾਲ ਇਸ ਨੇ ਆਪਣੀਆਂ ਸਰਗਰਮੀਆਂ ਵੀ ਵਧਾ ਦਿੱਤੀਆਂ ਸਨ।
23 ਮਈ, 1914 ਨੂੰ ਵੈਨਕੂਵਰ ਪੁਜੇ ਬਾਬਾ ਗੁਰਦਿੱਤ ਸਿੰਘ ਦੇ ਕਾਮਾਗਾਟਾਮਾਰੂ ਜਹਾਜ਼ ਦੇ ਮਸਾਫਿਰਾਂ ਨੂੰ ਜਦ ਹਾਪਕਿਨਸਨ ਤੇ ਦੂਜੇ ਇਮੀਗਰੇਸ਼ਨ ਅਫਸਰਾਂ ਨੇ ਕੈਨੇਡਾ ਦੀ ਬੰਦਰਗਾਹ ’ਤੇ ਨਾ ਉਤਰਨ ਦਿੱਤਾ ਤਾਂ ਭਾਈ ਮੇਵਾ ਸਿੰਘ ਸਮੇਤ ਉਤਰੀ ਅਮਰੀਕਾ ਰਹਿੰਦੇ ਗਦਰੀ ਦੇਸ਼ ਭਗਤਾਂ ਨੂੰ ਬਹੁੱਤ ਦੁੱਖ ਲੱਗਾ। ਖਾਲਸਾ ਦੀਵਾਨ ਵੈਨਕੂਵਰ ਦੇ ਆਦਮੀ ਜਹਾਜ਼ ਦੇ ਮੁਸਾਫਿਰਾਂ ਦੀ ਪੂਰੀ ਮਦਦ ਕਰਦੇ ਰਹੇ ਸਨ, ਜਿਸ ਤੋਂ ਹਾਪਕਿਨਸਨ ਬਹੁਤ ਚਿੜਿਆ ਹੋਇਆ ਸੀ। 17 ਜੁਲਾਈ, 1914 ਨੂੰ ਜਦੋਂ ਭਾਈ ਮੇਵਾ ਸਿੰਘ ਅਪਣੇ ਸਾਥੀਆਂ ਭਾਈ ਭਾਗ ਸਿੰਘ, ਭਾਈ ਹਰਨਾਮ ਸਿੰਘ ਕਾਹਰੀ ਸਾਹਰੀ, ਭਾਈ ਬਲਵੰਤ ਸਿੰਘ ਸਮੇਤ ਅਮਰੀਕਾ ਤੋਂ ਹਥਿਆਰ ਲੈ ਕੇ ਪਰਤ ਰਹੇ ਸਨ ਤਾਂ ਬਾਰਡਰ ’ਤੇ ਇੱਕ ਪਿਸਤੌਲ ਤੇ 500 ਕਾਰਤੂਸਾਂ ਸਮੇਤ ਪੁਲੀਸ ਦੀ ਗ੍ਰਿਫਤ ‘ਚ ਆ ਗਏ। ਉਨ੍ਹਾਂ ਦੀ ਪੁੱਛਗਿਛ ਹੈਂਡ ਮੈਲਕਮ ਤੇ ਹਾਪਕਿਨਸਨ ਨੇ ਕੀਤੀ ਅਤੇ ਦਬਾਅ ਪਾਇਆ ਕਿ ਉਹ ਸਿੱਖ ਆਗੂਆਂ ਖਿਲਾਫ ਬਿਆਨ ਦੇਵੇ ਪਰ ਮੇਵਾ ਸਿੰਘ ਨੇ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ 50 ਡਾਲਰ ਦਾ ਜੁਰਮਾਨਾ ਕਰਕੇ 7 ਅਗਸਤ, 1914 ਨੂੰ ਰਿਹਾਅ ਕਰ ਦਿੱਤਾ। 23 ਜੁਲਾਈ ਨੂੰ ਕਾਮਾਗਾਟਾ ਮਾਰੂ ਜਹਾਜ਼ ਨੂੰ ਵੈਨਕੂਵਰ ਤੋਂ ਵਾਪਸ ਭੇਜ ਦਿੱਤਾ ਗਿਆ।
4 ਅਗਸਤ, 1914 ਨੂੰ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਣ ’ਤੇ ਕੈਨੇਡਾ, ਅਮਰੀਕਾ ਤੇ ਹੋਰ ਦੇਸ਼ਾਂ ਤੋਂ ਗਦਰੀ ਬਾਬੇ ਗਦਰ ਕਾਰਵਾਈਆਂ ਲਈ ਭਰਤ ਰਵਾਨਾ ਹੋ ਰਹੇ ਸਨ ਤਾਂ ਹਾਪਕਿਨਸਨ ਦੀ ਬਣਾਈ ਯੋਜਨਾ ਦੇ ਅਨੁਸਾਰ 5 ਸਤੰਬਰ, 1914 ਨੂੰ ਕਿਸੇ ਸਿੰਘ ਦੇ ਸਸਕਾਰ ਉਪਰੰਤ ਸੰਗਤ ਗੁਰਦੁਆਰੇ ਸਾਹਿਬ ਬੈਠ ਕੇ ਪਾਠ ਕਰ ਰਹੀ ਸੀ ਤਾਂ ਦਲਾਲ ਬੇਲਾ ਸਿੰਘ ਦੋ ਭਰੇ ਹੋਏ ਪਿਸਤੌਲ ਲੈ ਕੇ ਆ ਗਿਆ। ਉਹ ਖਾਲਸਾ ਦੀਵਾਨ ਵੈਨਕੂਵਰ ਦੇ ਪ੍ਰਧਾਨ ਭਾਈ ਭਾਗ ਸਿੰਘ ਤੇ ਭਾਈ ਬਤਨ ਸਿੰਘ ਨੂੰ ਗੋਲੀਆਂ ਮਾਰ ਕੇ ਪੁਲੀਸ ਦੀ ਜੀਪ ਵਿੱਚ ਦੌੜ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਦੋ ਆਗੂਆਂ ਦਾ ਸ਼ਹੀਦ ਹੋਣਾ ਕੈਨੇਡਾ ਦੇ ਸਿੱਖ ਇਤਿਹਾਸ ਦਾ ਦਰਦਨਾਕ ਪੰਨਾ ਸੀ। ਬੇਲਾ ਸਿੰਘ ਦੀ ਹਾਪਕਿਨਸਨ ਨੇ ਪੂਰੀ ਮਦਦ ਕੀਤੀ ਤੇ ਉਸ ਉੱਤੇ ਕੇਸ ਹੀ ਨਾ ਚੱਲਣ ਦਿੱਤਾ, ਸਗੋਂ ਉਸ ਨੂੰ ਉਥੋਂ ਹਿੰਦੋਸਤਾਨ ਭੇਜ ਦਿੱਤਾ। ਭਾਈ ਮੇਵਾ ਸਿੰਘ ਵੀ ਸੰਗਤ ਵਿੱਚ ਸ਼ਾਮਿਲ ਸੀ, ਜਿਨ੍ਹਾਂ ਦੇ ਦਿਮਾਗ ’ਤੇ ਇਸ ਘਟਨਾ ਦਾ ਬਹੁਤ ਬੋਝ ਸੀ।
ਉਨ੍ਹਾਂ ਪਸਤੌਲ ਖ਼ਰੀਦ ਕੇ ਇੱਕ ਮਹੀਨੇ ਵਿੱਚ ਹੀ ਪਸਤੌਲ ਚਲਾਉਣਾ ਤੇ ਨਿਸ਼ਾਨਾ ਲਾਉਣਾ ਸਿੱਖ ਲਿਆ। ਗੁਰਦੁਆਰੇ ਦੀ ਘਟਨਾ ਤੋਂ ਸੱਤ ਹਫਤੇ ਬਾਅਦ 21 ਅਕਤੂਬਰ, 1914 ਨੂੰ ਭਾਈ ਮੇਵਾ ਸਿੰਘ ਆਪਣੇ ਵੱਡੇ ਕੋਟ ਦੀ ਜੇਬ ਵਿੱਚ ਪਿਸਤੌਲ ਪਾ ਕੇ ਕਚਹਿਰੀ ਚਲਾ ਗਿਆ, ਜਿਥੇ ਭਾਈ ਭਾਗ ਸਿੰਘ ਤੇ ਭਾਈ ਬਤਨ ਸਿੰਘ ਦੇ ਕੇਸ ਦੀ ਸੁਣਵਾਈ ਹੋ ਰਹੀ ਸੀ। ਕਚਹਿਰੀ ਦੇ ਵਰਾਂਡੇ ’ਚ ਹਾਪਕਿਨਸਨ ਘੁੰਮ ਰਿਹਾ ਸੀ, ਤਾਂ ਮੇਵਾ ਸਿੰਘ ਨੇ ਤਿੰਨ ਗੋਲੀਆਂ ਨਾਲ ਉਸ ਦਾ ਫਸਤਾ ਵੱਢ ਦਿਤਾ ਤੇ ਆਪ ਗਰਿਫਤਾਰ ਹੋ ਗਿਆ। 30 ਅਕਤੂਬਰ, 1914 ਨੂੰ ਭਾਈ ਮੇਵਾ ਸਿੰਘ ’ਤੇ ਮੁਕੱਦਮੇ ਦੀ ਸੁਣਵਾਈ 12 ਮੈਂਬਰੀ ਜਿਊਰੀ ਦੇ ਸਾਹਮਣੇ ਸ਼ੁਰੂ ਹੋਈ। ਖਾਲਸਾ ਦੀਵਾਨ ਵਾਲਿਆਂ ਡਿਫੈਂਸ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੇਵਾ ਸਿੰਘ ਨੇ ਅਦਾਲਤ ਵਿੱਚ ਸਾਫ ਇਨਕਲਾਬੀ ਬਿਆਨ ਦਿੱਤਾ ਤੇ ਹਾਪਕਿਨਸਨ ਨੂੰ ਮਾਰਨ ਦੀ ਜ਼ਿੰਮੇਵਾਰੀ ਆਪਣੇ ਉੱਤੇ ਲੈ ਲਈ।
ਆਪ ਨੇ ਬਿਆਨ ਦਿੱਤਾ: “ਮੇਰਾ ਨਾਂ ਮੇਵਾ ਸਿੰਘ, ਮੈਂ ਰੱਬ ਤੋਂ ਡਰਨ ਵਾਲਾ ਬੰਦਾ ਹਾਂ, ਹਰ ਰੋਜ਼ ਅਰਦਾਸ ਕਰਦਾ ਹਾਂ... ਮੇਰਾ ਧਰਮ ਮੈਨੂੰ ਕਿਸੇ ਨਾਲ ਦੁਸ਼ਮਣੀ ਰੱਖਣੀ ਨਹੀਂ ਸਿਖਾਉਂਦਾ ਅਤੇ ਨਾ ਹੀ ਮੇਰੀ ਹਾਪਕਿਨਸਨ ਨਾਲ ਕੋਈ ਨਿੱਜੀ ਦੁਸ਼ਮਣੀ ਸੀ। ਉਹ ਗਰੀਬ ਲੋਕਾਂ ’ਤੇ ਬਹੁਤ ਜ਼ੁਲਮ ਕਰਦਾ ਸੀ। ਮੈਂ ਇਕ ਸੱਚਾ ਸਿੱਖ ਹੋਣ ਦੇ ਨਾਤੇ ਆਪਣੇ ਦੇਸ਼ਵਾਸੀਆਂ ਤੇ ਹੋਰਾਂ ਨਾਲ ਕੀਤੇ ਗਲਤ ਕੰਮਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ। ਇਸ ਕਾਰਨ ਮੈਂ ਹਾਪਕਿਨਸਨ ਦੀ ਜਾਨ ਲਈ ਹੈ ਤੇ ਆਪਣੀ ਜਾਨ ਕੁਰਬਾਨ ਕਰ ਰਿਹਾ ਹਾਂ। ਮੈਂ ਇੱਕ ਸੱਚੇ ਸਿੱਖ ਦਾ ਫਰਜ਼ ਨਿਭਾਉਂਦਾ ਹੋਇਆ ਵਾਹਿਗੁਰੂ ਨੂੰ ਯਾਦ ਕਰਦਾ ਹੋਇਆਂ ਸ਼ਹਾਦਤ ਦੇਵਾਂਗਾ। ....ਮੈਂ ਆਪਣੇ ਭਾਈਚਾਰੇ ਅਤੇ ਧਰਮ ਦੀ ਅਣਖ ਤੇ ਇੱਜ਼ਤ ਲਈ ਹਾਪਕਿਨਸਨ ਦਾ ਕਤਲ ਕੀਤਾ ਹੈ। ਮੈਂ ਇਹ ਸਭ ਕੁੱਝ ਬਰਦਾਸ਼ਤ ਨਹੀਂ ਕਰ ਸਕਦਾ। ਜੱਜ ਸਾਹਿਬ, ਜੇ ਇਹ ਸਭ ਕੁਝ ਚਰਚ ਵਿੱਚ ਹੁੰਦਾ ਤਾਂ ਕੀ ਤੁਸੀਂ ਈਸਾਈ ਬਰਦਾਸ਼ਤ ਕਰਦੇ। ਕਿਸੇ ਸਿੱਖ ਲਈ ਵੀ ਗੁਰਦੁਆਰੇ ’ਚ ਇਹ ਹੁੰਦਾ ਵੇਖਣ ਨਾਲੋਂ ਮਰ ਜਾਣਾ ਚੰਗਾ ਹੈ। ਮੈਨੂੰ ਕਿਸੇ ਇਨਸਾਫ ਦੀ ਆਸ ਨਹੀਂ। ਇਹ ਬਿਆਨ ਇਸ ਕਰਕੇ ਦੇ ਰਿਹਾ ਹਾਂ ਤਾਂ ਜੋ ਲੋਕਾਂ ਨੂੰ ਪਤਾ ਲਗੇ ਕਿ ਸਾਡੇ ਨਾਲ ਕੀ ਵਰਤਾਉ ਹੁੰਦਾ ਰਿਹਾ ਹੈ। ਸਾਨੂੰ ਜੱਜਾਂ ਕੋਲੋਂ, ਪੁਲੀਸ ਕੋਲੋਂ ਜਾਂ ਹੋਰ ਕਿਸੇ ਹੋਰ ਕੋਲੋਂ ਕਦੇ ਇਨਸਾਫ ਨਹੀਂ ਮਿਲਿਆ .....।”
29 ਅਕਤੂਬਰ, 1914 ਨੂੰ ਭਾਈ ਸਾਹਿਬ ਦੁਆਰਾ ਆਪਣੇ ਸ਼ਬਦਾਂ ’ਚ ਕਤਲ ਦੀ ਜ਼ਿੰਮੇਵਾਰੀ ਲੈਣ ਉਪਰੰਤ ਅਦਾਲਤ ਨੇ ਪੌਣੇ ਦੋ ਘੰਟੇ ਵਿੱਚ ਆਪ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਫਾਂਸੀ ਦੀ ਸਜ਼ਾ ਦਾ ਫੈਸਲਾ ਸੁਣ ਕੇ ਭਾਈ ਮੇਵਾ ਸਿੰਘ ਦੇ ਚਿਹਰੇ ’ਤੇ ਰੌਣਕ ਆ ਗਈ ਤੇ ਉਸ ਨੇ ਉੱਚੀ ਅਵਾਜ਼ ਵਿੱਚ ਆਖਿਆ ‘ਸ਼ੁਕਰ ਹੈ ਵਾਹਿਗੁਰੂ ! ਤੈਂ ਸੰਸਾਰ ਦੇ ਨਿਤਾਣੇ ਲੋਕਾਂ ਖਾਤਰ ਮੇਰੀ ਕੀਤੀ ਕੁਰਬਾਨੀ ਨੂੰ ਕਬੂਲ ਕੀਤਾ ਹੈ।’ ਭਾਈ ਸਾਹਿਬ ਜੇਲ੍ਹ ਅੰਦਰ ਹਮੇਸ਼ਾ ਗੁਰਬਾਣੀ ਪੜ੍ਹਦੇ ਰਹਿੰਦੇ ਸਨ। ਫਾਂਸੀ ਦੇ ਦਿਨ ਤੱਕ ਉਨ੍ਹਾਂ ਦਾ ਭਾਰ ਵਧ ਗਿਆ ਸੀ। ਨਿਊ ਨਿਊਵੈਸਟਮਿੰਸਟਰ ਜੇਲ੍ਹ ਅੰਦਰ 11 ਜਨਵਰੀ, 1915 ਨੂੰ ਸਵੇਰੇ 7:45 ਵਜੇ ਆਪ ਹੱਸਦੇ ਹੋਏ ਦੇਸ਼ ਕੌਮ ਖਾਤਰ ਸ਼ਹੀਦ ਹੋ ਗਏ।
ਸੰਪਰਕ: 98766-98068