ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ: ਰੰਧਾਵਾ
ਹਰਜੀਤ ਸਿੰਘ
ਡੇਰਾਬੱਸੀ, 28 ਸਤੰਬਰ
ਲਾਇਨਜ਼ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਮੁਬਾਰਕਪੁਰ ਡੀਐੱਸਪੀ ਦਫ਼ਤਰ ਵਿੱਚ ਅੱਖਾਂ ਦਾ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ 23 ਸਾਲ ਦੀ ਉਮਰ ਵਿੱਚ ਆਪਣਾ ਆਪ ਦੇਸ਼ ਤੋਂ ਕੁਰਬਾਨ ਕਰਨ ਵਾਲੇ ਉਸ ਅਮਰ ਸ਼ਹੀਦ ਦੇ ਸਾਹਸ, ਤਿਆਗ ਅਤੇ ਕੁਰਬਾਨੀ ਨੂੰ ਸਾਡੀਆਂ ਆਉਣ ਵਾਲੀ ਪੀੜ੍ਹੀਆਂ ਹਮੇਸ਼ਾ ਯਾਦ ਰੱਖਣਗੀਆਂ। ਉਨ੍ਹਾਂ ਨੇ ਲਾਇਨਜ਼ ਕਲੱਬ ਵੱਲੋਂ ਹਲਕੇ ਅੰਦਰ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ। ਵਿਧਾਇਕ ਨੇ ਭਗਤ ਸਿੰਘ ਦੀ ਮੁਬਾਰਕਪੁਰ ਡੀਐੱਸਪੀ ਦਫ਼ਤਰ ਵਿੱਚ ਸਥਿਤ ਬੈਰਕ ਜਿੱਥੇ ਉਨ੍ਹਾਂ ਨੂੰ ਸ਼ਿਮਲਾ ਜੇਲ੍ਹ ਵਿੱਚ ਲਿਜਾਂਦੇ ਹੋਏ ਰਸਤੇ ਵਿੱਚ ਇੱਕ ਰਾਤ ਲਈ ਰੋਕਿਆ ਗਿਆ ਸੀ ਦੀ ਨੁਹਾਰ ਬਦਲਣ ਲਈ ਐੱਸਡੀਐੱਮ ਅਮਿਤ ਗੁਪਤਾ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਨ੍ਹਾਂ ਨੇ ਆਪਣੇ ਵੱਲੋਂ ਆਪਣੀ ਇੱਕ ਮਹੀਨੇ ਦੇ ਤਨਖਾਹ ਵੀ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਐੱਸਡੀਐੱਮ ਅਮਿਤ ਗੁਪਤਾ, ਡੀਐੱਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ, ਡੀਐੱਸਪੀ ਜ਼ੀਰਕਪੁਰ ਜਸਪਿੰਦਰ ਸਿੰਘ ਅਤੇ ਐੱਸਐੱਮਓ ਡਾਕਟਰ ਧਰਮਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।
ਕੈਂਪ ਦੌਰਾਨ ਡਾਕਟਰ ਸੁਮਿਤਰਾ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਨੇ ਪੁਲੀਸ ਮੁਲਾਜ਼ਮਾਂ ਸਮੇਤ 100 ਤੋਂ ਵੱਧ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਇਸ ਦੌਰਾਨ ਲੋਕਾਂ ਦੀ ਸ਼ੂਗਰ ਦੀ ਵੀ ਜਾਂਚ ਕੀਤੀ ਗਈ।