ਸ਼ਹੀਦ ਭਗਤ ਸਿੰਘ ਦਾ ਪੁਸਤਕ ਪ੍ਰੇਮ
ਗੁਰਦੇਵ ਸਿੰਘ ਸਿੱਧੂ
ਭਗਤ ਸਿੰਘ ਦੀ ਸ਼ਹੀਦੀ ਤੋਂ ਪਿੱਛੋਂ ਸਾਮਰਾਜੀ ਸਰਕਾਰ ਨੇ ਉਸ ਨੂੰ ਇੱਕ ਖੂੰਖਾਰ ਨੌਜਵਾਨ ਦੇ ਰੂਪ ਵਿੱਚ ਪੇਸ਼ ਕੀਤਾ ਕਿਉਂਕਿ ਅਜਿਹਾ ਕਰਨਾ ਸਰਕਾਰ ਦੇ ਹਿੱਤ ਵਿੱਚ ਸੀ। ਪਰ ਅਫ਼ਸੋਸ ਦੀ ਗੱਲ ਹੈ ਕਿ ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਅਗਲੇ ਸਮੇਂ ਵਿੱਚ ਵੀ ਉਸ ਦੇ ਇਸੇ ਰੂਪ ਨੂੰ ਪ੍ਰਚਾਰਿਆ ਜਾਂਦਾ ਰਿਹਾ। ਸ਼ੁਕਰ ਦੀ ਗੱਲ ਹੈ ਕਿ ਭਗਤ ਸਿੰਘ ਦੀ ਜਨਮ ਸ਼ਤਾਬਦੀ ਦੇ ਵਰ੍ਹੇ ਦੌਰਾਨ ਨਵੇਂ ਲੇਖਕਾਂ ਨੇ ਉਸ ਬਾਰੇ ਗੰਭੀਰਤਾ ਨਾਲ ਪੜ੍ਹਿਆ ਅਤੇ ਉਸ ਦੇ ਅਧਿਐਨਸ਼ੀਲ ਹੋਣ ਦੇ ਤੱਥ ਨੂੰ ਸੰਜੀਦਗੀ ਨਾਲ ਉਜਾਗਰ ਕੀਤਾ। ਨਿਰਸੰਦੇਹ ਉਸ ਦੇ ਇਸ ਗੁਣ ਕਾਰਨ ਉਸ ਦੀ ਪਛਾਣ ਇੱਕ ਸੰਵੇਦਨਸ਼ੀਲ ਗੰਭੀਰ ਪਾਠਕ ਅਤੇ ਚਿੰਤਕ ਵਜੋਂ ਹੋਈ।
ਭਗਤ ਸਿੰਘ ਨੂੰ ਪੁਸਤਕਾਂ ਪੜ੍ਹਨ ਦਾ ਸ਼ੌਕ ਬਚਪਨ ਤੋਂ ਹੀ ਲੱਗਾ। ਉਹ ਜਿਉਂ ਹੀ ਅੱਖਰ ਉਠਾਲਣ ਯੋਗ ਹੋਇਆ, ਆਪਣੇ ਘਰ ਵਿੱਚ ਪਈਆਂ ‘ਭਾਰਤ ਮਾਤਾ ਬੁੱਕ ਏਜੰਸੀ’ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਪੜ੍ਹਨ ਲੱਗਾ। ਪੇਂਡੂ ਅੱਧ-ਪੜ੍ਹ ਲੋਕਾਂ ਨੂੰ ਦੇਸ਼ ਦੀ ਵਰਤਮਾਨ ਦੁਰਦਸ਼ਾ ਤੋਂ ਜਾਣੂ ਕਰਵਾਉਣ ਲਈ ਸਿੱਧੀ ਪੱਧਰੀ ਭਾਸ਼ਾ ਵਿੱਚ ਲਿਖੀਆਂ ਇਹ ਪੁਸਤਕਾਂ ਪੜ੍ਹਨ ਅਤੇ ਸਮਝਣ ਵਿੱਚ ਉਸ ਨੂੰ ਕੋਈ ਦਿੱਕਤ ਨਹੀਂ ਸੀ ਆਉਂਦੀ। ਇਸ ਪੁਸਤਕ-ਪਾਠ ਨੇ ਇੱਕ ਪਾਸੇ ਤਾਂ ਉਸ ਨੂੰ ਸਮਕਾਲੀ ਸਮਾਜੀ-ਸਿਆਸੀ ਮਸਲਿਆਂ ਨੂੰ ਸਮਝਣ ਦੇ ਰਾਹ ਤੋਰਿਆ ਅਤੇ ਦੂਜੇ ਪਾਸੇ ਉਸ ਅੰਦਰ ਇੱਕ ਜਗਿਆਸੂ ਪਾਠਕ ਨੂੰ ਜਨਮ ਦਿੱਤਾ, ਜਿਸ ਨੇ ਆਪਣੀ ਗਿਆਨ ਪ੍ਰਾਪਤੀ ਦੀ ਅਭਿਲਾਸ਼ਾ ਨੂੰ ਸੰਤੁਸ਼ਟ ਕਰਨ ਲਈ ਉਮਰ ਭਰ ਪੁਸਤਕਾਂ ਨੂੰ ਆਪਣਾ ਸੰਗੀ ਬਣਾਈ ਰੱਖਿਆ।
ਨੈਸ਼ਨਲ ਕਾਲਜ ਵਿਚਲੇ ਵਿਦਿਆਰਥੀ ਜੀਵਨ ਦੌਰਾਨ ਉਹ ਪ੍ਰਸਿੱਧ ਸੁਤੰਤਰਤਾ ਸੰਗਰਾਮੀ ਅਤੇ ਦੇਸ਼ ਦੇ ਆਜ਼ਾਦੀ ਅੰਦੋਲਨ ਦੇ ਇਤਿਹਾਸਕਾਰ ਸ੍ਰੀ ਸਨਿਆਲ ਦੇ ਸੰਪਰਕ ਵਿੱਚ ਆਇਆ ਤਾਂ ਉਸ ਦੀ ਪ੍ਰੇਰਨਾ ਸਦਕਾ ਪੜ੍ਹਨਾ ਉਸ ਲਈ ਖਬਤ ਬਣ ਗਿਆ। ਇਸ ਮਨੋਰਥ ਲਈ ਉਸ ਨੇ ਦਵਾਰਕਾ ਦਾਸ ਲਾਇਬ੍ਰੇਰੀ ਦਾ ਪੂਰਾ ਲਾਭ ਉਠਾਇਆ। ਲਾਜਪਤ ਭਵਨ ਦੇ ਅਹਾਤੇ ਅੰਦਰ ਸਥਿਤ ਇਹ ਲਾਇਬ੍ਰੇਰੀ ਸ਼ਹਿਰ ਦੇ ਕਾਲਜਾਂ ਦੇ ਘੇਰੇ ਵਿੱਚ ਪੈਂਦੀ ਹੋਣ ਕਾਰਨ ਇੱਥੇ ਸਦਾ ਹੀ ਨੌਜਵਾਨ ਪਾਠਕਾਂ ਦਾ ਤਾਂਤਾ ਲੱਗਿਆ ਰਹਿੰਦਾ। ਭਗਤ ਸਿੰਘ ਇਸ ਲਾਇਬ੍ਰੇਰੀ ਦਾ ਨਿਯਮਤ ਪਾਠਕ ਸੀ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਉਸ ਦੇ ਸਿਰ ਉੱੱਤੇ ਪੁਸਤਕਾਂ, ਵਿਸ਼ੇਸ਼ ਕਰ ਕੇ ਰਾਜਨੀਤੀ ਅਤੇ ਇਤਿਹਾਸ ਦੇ ਵਿਸ਼ੇ ਦੀਆਂ ਪੁਸਤਕਾਂ ਪੜ੍ਹਨ ਦਾ ਭੂਤ ਸਵਾਰ ਸੀ। ਇਸ ਲਾਇਬ੍ਰੇਰੀ ਦੇ ਆਸਰੇ ਇਸ ਸਮੇਂ ਉਸ ਦਾ ਅਧਿਐਨ ਖੇਤਰ ਕਿੰਨਾ ਵਿਸ਼ਾਲ ਹੋਇਆ, ਇਸ ਤੱਥ ਦਾ ਕੁਝ ਕੁ ਅਨੁਮਾਨ ਉਸ ਦੁਆਰਾ 1924 ਵਿੱਚ ਹਿੰਦੀ ਵਿੱਚ ਲਿਖੇ ਲੇਖ ‘ਪੰਜਾਬ ਕੀ ਭਾਸ਼ਾ ਤਥਾ ਲਿਪੀ ਸਮੱਸਿਆ’ ਤੋਂ ਲਗਾਇਆ ਜਾ ਸਕਦਾ ਹੈ। ਪੰਜਾਬੀਆਂ ਦੇ ਇੱਕ ਵਰਗ ਦੀ ਅਸਾਵੀਂ ਸੋਚ ਕਾਰਨ ਪੰਜਾਬ ਵਿੱਚ ਇਹ ਮੁੱਦਾ ਹਮੇਸ਼ਾਂ ਹੀ ਬਹਿਸ ਅਧੀਨ ਰਿਹਾ ਹੈ ਅਤੇ ਉਨ੍ਹੀਂ ਦਿਨੀਂ ਵੀ ਸੀ। ਪੰਜਾਬ ਹਿੰਦੀ ਸਾਹਿਤ ਸੰਮੇਲਨ ਨੇ ਇਸ ਵਿਸ਼ੇ ਬਾਰੇ ਇੱਕ ਨਬਿੰਧ ਲੇਖਨ ਮੁਕਾਬਲਾ ਕਰਵਾਇਆ। ਭਗਤ ਸਿੰਘ ਨੇ ਇਸ ਪ੍ਰਤੀਯੋਗਤਾ ਲਈ ਲਿਖੇ ਨਬਿੰਧ ਵਿੱਚ ਪੰਜਾਬ ਦੀ ਭਾਸ਼ਾ ਅਤੇ ਲਿਪੀ ਸਮੱਸਿਆ ਨੂੰ ਹੱਲ ਕਰਨ ਬਾਰੇ ਸੁਝਾਅ ਦੇਣ ਤੋਂ ਪਹਿਲਾਂ ਸਮੱਸਿਆ ਦਾ ਪਿਛੋਕੜ ਦੱਸਣ ਲਈ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਪੰਜਾਬ ਦੇ ਇਤਿਹਾਸ ’ਤੇ ਪੰਛੀ ਝਾਤ ਪਾਈ ਹੈ। ਲੇਖ ‘ਸਤਿਆਰਥ ਪ੍ਰਕਾਸ਼’ ਵਿੱਚ ਦਰਜ ਸਵਾਮੀ ਦਇਆ ਨੰਦ ਦੇ ਕਥਨਾਂ ਕਾਰਨ ਸਿੱਖਾਂ ਅਤੇ ਆਰੀਆ ਸਮਾਜ ਦਰਮਿਆਨ ਉਪਜੇ ਵਿਵਾਦ ਬਾਰੇ ਵੀ ਟਿੱਪਣੀ ਕਰਦਾ ਹੈ। ਲੇਖ ਵਿੱਚ ਗੈਰੀਬਾਲਡੀ, ਮੈਜ਼ਿਨੀ, ਰੂਸੋ, ਵਾਲਟੇਅਰ, ਟਾਲਸਟਾਏ, ਕਾਰਲ-ਮਾਰਕਸ, ਮੈਕਸਮ ਗੋਰਕੀ ਸਬੰਧੀ ਆਏ ਹਵਾਲੇ ਲੇਖਕ ਦੇ ਵਿਸ਼ਾਲ ਅਧਿਐਨ ਦੀ ਸ਼ਾਹਦੀ ਭਰਦੇ ਹਨ। ਸਭ ਤੋਂ ਵੱਡੀ ਗੱਲ ਇਹ ਕਿ ਇਸ ਲੇਖ ਵਿੱਚੋਂ ਭਗਤ ਸਿੰਘ ਦੀ ਦੇਸ਼ ਪਿਆਰ ਨਾਲ ਓਤ ਪੋਤ ਸੋਚ ਦਾ ਪ੍ਰਗਟਾਵਾ ਵੀ ਹੁੰਦਾ ਹੈ। ਉਨ੍ਹੀਂ ਦਿਨੀਂ ਭਗਤ ਸਿੰਘ ਦੇ ਮਨ ਵਿੱਚ ਆਜ਼ਾਦੀ ਪ੍ਰਾਪਤ ਕਰਨ ਦਾ ਭਾਵ ਕਿੰਨਾ ਭਾਰੂ ਸੀ, ਇਸ ਦਾ ਪਤਾ ਇੱਥੋਂ ਲੱਗਦਾ ਹੈ ਕਿ ਉਸ ਨੇ ਇਸ ਲੇਖ ਵਿੱਚ ਆਪਣੀ ਗੱਲ ਦਾ ਤੋੜਾ ਵੀ ਲੇਖ ਨੂੰ ਦੇਸ਼ ਪਿਆਰ ਦੀਆਂ ਭਾਵਨਾਵਾਂ ਨਾਲ ਜੋੜ ਕੇ ਝਾੜਿਆ। ਉਹ ਗੁਰੂ ਗੋਬਿੰਦ ਸਿੰਘ ਦੁਆਰਾ ਪੂਰਵਲੇ ਗੁਰੂ ਸਾਹਿਬਾਨ ਦੇ ਭਗਤੀ ਭਾਵ ਦੇ ਨਾਲ ਸ਼ਕਤੀ ਭਾਵ ਦਾ ਸਮਾਵੇਸ਼ ਕਰਨ ਦੀ ਪ੍ਰੋੜ੍ਹਤਾ ਹਿੱਤ ‘ਜਉ ਤਉ ਪ੍ਰੇਮ ਖੇਲਣ ਕਾ ਚਾਉ।।’ ਅਤੇ ‘ਸੂਰਾ ਸੋ ਪਹਿਚਾਨੀਐ।’’ ਤੁਕਾਂ ਦਰਜ ਕਰਦਾ ਹੈ। ਇਉਂ ਹੀ ਲੋਕ ਸਾਹਿਤ ਦੀ ਵੰਨਗੀ ਦੀ ਚੋਣ ਕਰਦਿਆਂ ਵੀ ਭਗਤ ਸਿੰਘ ਨੇ ਅੰਗਰੇਜ਼ ਸਰਕਾਰ ਵਿਰੋਧੀ ਭਾਵਨਾ ਉਪਜਾਉਣ ਵਾਲੀ ਇਸ ਕਾਵਿ ਟੂਕ ਨੂੰ ਪਹਿਲ ਦਿੱਤੀ:
ਓ ਰਾਹੀਆ ਰਾਹੇ ਜਾਂਦਿਆ ਗੱਲ ਮੇਰੀ ਸੁਣ ਜਾ।
ਸਿਰ ’ਤੇ ਪੱਗ ਤੇਰੇ ਵਲੈਤ ਦੀ ਇਹਨੂੰ ਫੂਕ ਮੁਆਤੜਾ ਲਾ।
ਇਸ ਲੇਖ ਤੋਂ ਇਹ ਤੱਥ ਵੀ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਲੇਖ ਲਿਖੇ ਜਾਣ ਤੱਕ ਭਗਤ ਸਿੰਘ ਕਾਰਲ ਮਾਰਕਸ, ਕਮਿਊਨਿਜ਼ਮ ਅਤੇ ਰੂਸੀ ਇਨਕਲਾਬ ਬਾਰੇ ਜਾਣਕਾਰੀ ਪ੍ਰਾਪਤ ਕਰ ਚੁੱਕਾ ਸੀ। ਕਿਸੇ ਦੇਸ਼ ਦੇ ਸਾਹਿਤ ਕਾਰਨ ਉਸ ਦੇਸ਼ ਦੀ ਸਿਆਸਤ ਉੱਪਰ ਪੈਣ ਵਾਲੇ ਪ੍ਰਭਾਵ ਦਾ ਬਿਆਨ ਕਰਦਿਆਂ ਉਸ ਨੇ ਲਿਖਿਆ ਸੀ, ‘ਜੇ ਟਾਲਸਟਾਏ, ਕਾਰਲ ਮਾਰਕਸ ਅਤੇ ਮੈਕਸਿਮ ਗੋਰਕੀ ਆਦਿ ਨੇ ਨਵਾਂ ਸਾਹਿਤ ਪੈਦਾ ਕਰਨ ਵਿੱਚ ਸਾਲਾਂ ਭਰ ਦੀ ਮਿਹਨਤ ਨਾ ਪਾਈ ਹੁੰਦੀ ਤਾਂ ਰੂਸ ਵਿੱਚ ਕ੍ਰਾਂਤੀ ਨਹੀਂ ਹੋ ਸਕਦੀ ਸੀ, ਕਮਿਊਨਿਜ਼ਮ ਦਾ ਪ੍ਰਚਾਰ ਤੇ ਪ੍ਰਸਾਰ ਤਾਂ ਦੂਰ ਰਿਹਾ।’
ਭਗਤ ਸਿੰਘ ਨੇ ਜੋ ਪੁਸਤਕਾਂ ਪੜ੍ਹੀਆਂ, ਉਹ ਉਸ ਦੇ ਚਿੰਤਨ ਨੂੰ ਨਵੀਂ ਦਿਸ਼ਾ ਦੇਣ ਦਾ ਕਾਰਨ ਬਣੀਆਂ। ਉਸ ਨੇ ਇਨ੍ਹੀਂ ਦਿਨੀਂ ਅਰਾਜਕਤਾਵਾਦੀ ਆਗੂ ਬਾਕੂਨਿਨ ਨੂੰ ਪੜ੍ਹਿਆ, ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ ਅਤੇ ਲੈਨਿਨ, ਟਰਾਟਸਕੀ ਤੇ ਆਪਣੇ ਦੇਸ਼ਾਂ ਵਿੱਚ ਸਫਲ ਇਨਕਲਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜ੍ਹਿਆ ਜਿਨ੍ਹਾਂ ਦੇ ਪ੍ਰਭਾਵ ਕਾਰਨ ਉਹ ਰੁਮਾਂਟਿਕ ਅਰਾਜਕਤਾਵਾਦ ਦਾ ਲੜ ਛੱਡ ਕੇ ਸਮਾਜਵਾਦ ਨਾਲ ਜੁੜ ਗਿਆ ਅਤੇ ਅੰਤਲੇ ਦਿਨ ਤੱਕ ਕੀਤੇ ਅਧਿਐਨ ਕਾਰਨ ਉਸ ਦੀ ਸਮਾਜਵਾਦ ਪ੍ਰਤੀ ਸਮਝ ਜ਼ਿਆਦਾ ਨਿੱਖਰਦੀ ਗਈ। ਆਪਣੇ ਲੇਖ ‘ਮੈਂ ਨਾਸਤਿਕ ਕਿਉਂ ਹਾਂ?’ ਵਿੱਚ ਭਗਤ ਸਿੰਘ ਨੇ ਇਸ ਵਿਚਾਰਧਾਰਕ ਤਬਦੀਲੀ ਦਾ ਬਿਆਨ ਇਉਂ ਕੀਤਾ ਹੈ, ‘ਇਹ ਮੇਰੇ ਇਨਕਲਾਬੀ ਜੀਵਨ ਵਿੱਚ ਆਇਆ ਵੱਡਾ ਮੋੜ ਸੀ। ‘ਅਧਿਐਨ ਕਰਨ’ ਦੇ ਅਹਿਸਾਸ ਦੀਆਂ ਤਰੰਗਾਂ ਮੇਰੇ ਮਨ ਵਿੱਚ ਉੱਭਰਦੀਆਂ ਰਹੀਆਂ। ਅਧਿਐਨ ਕਰ, ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਯੋਗ ਹੋ ਜਾਏਂ। ਆਪਣੇ ਸਿਧਾਂਤ ਦੀ ਹਮਾਇਤ ਵਿੱਚ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਅਧਿਐਨ ਕਰ। ਮੈਂ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ ਤੇ ਵਿਸ਼ਵਾਸਾਂ ਵਿੱਚ ਬਹੁਤ ਵੱਡੀ ਤਬਦੀਲੀ ਆ ਗਈ। ਸਾਡੇ ਤੋਂ ਪਹਿਲਾਂ ਦੇ ਇਨਕਲਾਬੀਆਂ ਵਿੱਚ ਸਿਰਫ਼ ਤਸ਼ੱਦਦ ਦੇ ਤੌਰ ਤਰੀਕਿਆਂ ਦਾ ਰੁਮਾਂਸ ਏਨਾ ਭਾਰੂ ਸੀ, ਹੁਣ ਉਸ ਦੀ ਥਾਂ ਗੰਭੀਰ ਵਿਚਾਰਾਂ ਨੇ ਲੈ ਲਈ।’
ਭਗਤ ਸਿੰਘ ਦੀ ਜੇਲ੍ਹ ਡਾਇਰੀ, ਜਿਸ ਵਿੱਚ ਉਸ ਨੇ ਜੇਲ੍ਹ ਵਾਸ ਦੌਰਾਨ ਪੜ੍ਹੀਆਂ ਪੁਸਤਕਾਂ ਦੀਆਂ ਟੂਕਾਂ ਅਤੇ ਹੋਰ ਜਾਣਕਾਰੀ ਅੰਕਿਤ ਕੀਤੀ ਹੈ, ਵਾਚਣ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਭਗਤ ਸਿੰਘ ਕਿਸੇ ਪੁਸਤਕ ਨੂੰ ਪੜ੍ਹਨ ਤੱਕ ਹੀ ਸੀਮਤ ਨਹੀਂ ਸੀ ਰਹਿੰਦਾ, ਉਹ ਉਸ ਵਿੱਚੋਂ ਮਹੱਤਵਪੂਰਨ ਪੰਕਤੀਆਂ ਲਿਖ ਲੈਂਦਾ ਸੀ। ਫਿਰ ਇਨ੍ਹਾਂ ਪੰਕਤੀਆਂ ਬਾਰੇ ਪਹਿਲਾਂ ਆਪ ਵਾਰ ਵਾਰ ਵਿਚਾਰ ਕਰਦਾ ਅਤੇ ਫਿਰ ਦੋਸਤਾਂ ਨਾਲ ਵਿਚਾਰਨ ਉਪਰੰਤ ਕਸੌਟੀ ਉੱਤੇ ਖਰੇ ਉੱਤਰਨ ਵਾਲੇ ਵਿਚਾਰਾਂ ਨੂੰ ਆਪਣੀ ਸਮਝ ਦਾ ਭਾਗ ਬਣਾ ਕੇ ਉਨ੍ਹਾਂ ਅਨੁਸਾਰ ਚੱਲਣ ਦਾ ਯਤਨ ਕਰਦਾ। ਭਗਤ ਸਿੰਘ ਦੀ ਅਗਵਾਈ ਵਿੱਚ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੀਆਂ ਕਾਰਵਾਈਆਂ ਦੀ ਫਰਾਂਸ ਦੀ ਮਜ਼ਦੂਰ ਜਥੇਬੰਦੀ ਦੇ ਅਰਾਜਕਤਾਵਾਦੀ ਨੌਜਵਾਨ ਆਗੂ ਵੇਲਾਂ ਅਤੇ ਆਇਰਲੈਂਡ ਦੇ ਸੰਗਰਾਮੀਂ ਦੇਸ਼ਭਗਤ ਡੇਨ.ਓ. ਬ੍ਰੀਨ ਦੀਆਂ ਕਾਰਵਾਈਆਂ ਨਾਲ ਸਮਾਨਤਾ ਤੋਂ ਇਸ ਤੱਥ ਦੀ ਪੁਸ਼ਟੀ ਹੁੰਦੀ ਹੈ।
ਚੰਗੀਆਂ ਪੁਸਤਕਾਂ ਕੇਵਲ ਆਪ ਪੜ੍ਹਨਾ ਹੀ ਭਗਤ ਸਿੰਘ ਦਾ ਸ਼ੌਕ ਨਹੀਂ ਸੀ, ਉਸ ਦੀ ਇੱਛਾ ਹੁੰਦੀ ਸੀ ਕਿ ਇਹ ਪੁਸਤਕਾਂ ਹੋਰਨਾਂ ਪਾਠਕਾਂ ਦੇ ਹੱਥਾਂ ਵਿੱਚ ਵੀ ਜਾਣ। ਜਦੋਂ ਉਸ ਨੇ ਵੀਰ ਸਾਵਰਕਰ ਦੀ ਲਿਖਤ ‘ਫਸਟ ਵਾਰ ਆਫ ਇੰਡੀਅਨ ਇੰਡੀਪੈਂਡੈਂਸ’ (ਭਾਰਤ ਦਾ ਪਹਿਲਾ ਸੁਤੰਤਰਤਾ ਸੰਗਰਾਮ) ਪੜ੍ਹੀ, ਤਾਂ ਝੂਮ ਉੱਠਿਆ। 1857 ਦੇ ਗ਼ਦਰ ਬਾਰੇ ਪੜ੍ਹਨ ਲਈ ਆਮ ਤੌਰ ਉੱਤੇ ਜੋ ਕਿਤਾਬਾਂ ਮਿਲਦੀਆਂ ਸਨ ਉਹ ਜਾਂ ਤਾਂ ਅੰਗਰੇਜ਼ ਲੇਖਕਾਂ ਦੀਆਂ ਲਿਖੀਆਂ ਹੋਈਆਂ ਸਨ ਜਾਂ ਅੰਗਰੇਜ਼ਾਂ ਦੀ ਖੁਸ਼ਾਮਦ ਕਰਨ ਵਾਲੇ ਇਤਿਹਾਸਕਾਰਾਂ ਦੀਆਂ; ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਸ਼ਮ੍ਹਾਂ ਉੱਤੇ ਮਰ ਮਿਟਣ ਵਾਲੇ ਪਰਵਾਨਿਆਂ ਨੂੰ ਡਾਕੂਆਂ, ਲੁਟੇਰਿਆਂ, ਮਜ਼੍ਹਬੀ ਜਨੂੰਨੀਆਂ ਆਦਿ ਦੇ ਰੂਪ ਵਿੱਚ ਚਿਤਰਿਆ ਸੀ। ਸਾਵਰਕਰ ਨੇ ਆਪਣੀ ਪੁਸਤਕ ਵਿੱਚ ਇੰਡੀਆ ਆਫਿਸ ਲਾਇਬ੍ਰੇਰੀ ਦੇ ਰਿਕਾਰਡ ਦੀ ਘੋਖ ਪੜਤਾਲ ਕਰ ਕੇ ਅਜਿਹੇ ਹਵਾਲੇ ਦਿੱਤੇ ਸਨ ਜਿਨ੍ਹਾਂ ਤੋਂ ਇਹ ਅੰਗਰੇਜ਼ਾਂ ਦੀ ਗ਼ੁਲਾਮੀ ਵਿੱਚੋਂ ਨਿਕਲ ਕੇ ਆਜ਼ਾਦੀ ਲਈ ਲੜੀ ਗਈ ਕੌਮੀ ਜੰਗ ਸਿੱਧ ਹੁੰਦਾ ਸੀ। ਇਸ ਕਾਰਨ ਭਗਤ ਸਿੰਘ ਨੇ ਮਹਿਸੂਸ ਕੀਤਾ ਕਿ ਇਹ ਕਿਤਾਬ ਹਰ ਦੇਸ਼ ਭਗਤ ਹਿੰਦੁਸਤਾਨੀ ਨੂੰ ਪੜ੍ਹਨੀ ਚਾਹੀਦੀ ਹੈ। ਪਰ ਇਹ ਪੁਸਤਕ ਸਰਕਾਰ ਦੁਆਰਾ ਜ਼ਬਤ ਕੀਤੀ ਗਈ ਹੋਣ ਕਾਰਨ ਆਮ ਨਹੀਂ ਸੀ ਮਿਲਦੀ; ਇਸ ਲਈ ਭਗਤ ਸਿੰਘ ਨੇ ਦਵਾਰਕਾ ਦਾਸ ਲਾਇਬ੍ਰੇਰੀ ਦੇ ਲਾਇਬ੍ਰੇਰੀਅਨ ਸ੍ਰੀ ਸ਼ਾਸਤਰੀ ਦੇ ਸਹਿਯੋਗ ਨਾਲ ਇਸ ਨੂੰ ਦੋ ਭਾਗਾਂ ਵਿੱਚ ਵੰਡ ਕੇ ਮੁੜ ਛਪਵਾਇਆ ਅਤੇ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਨੂੰ ਇਸ ਦੀਆਂ ਕਾਪੀਆਂ ਖ਼ੁਦ ਦੇ ਕੇ ਆਇਆ।
ਭਗਤ ਸਿੰਘ ਪ੍ਰਿੰਸੀਪਲ ਛਬੀਲ ਦਾਸ ਤੋਂ ਵਿਸ਼ੇਸ਼ ਤੌਰ ਉੱਤੇ ਪ੍ਰਭਾਵਿਤ ਸੀ। ਉਸ ਨੇ ਪ੍ਰਿੰਸੀਪਲ ਛਬੀਲ ਦਾਸ ਲਿਖਤ ਕਈ ਲੇਖ ਜਿਵੇਂ ‘ਕੀ ਪੜ੍ਹੀਏ?’ ‘ਭਾਰਤ ਮਾਤਾ’, ‘ਸੋਸ਼ਲਿਜ਼ਮ ਕੀ ਹੈ?’ ਆਦਿ ਤੋਂ ਬਿਨਾਂ ਪ੍ਰਿੰਸ ਕੋਪਾਟਕਿਨ ਦਾ ਲੇਖ ‘ਐਨ ਅਪੀਲ ਟੂ ਦਿ ਯੰਗ’ (ਨੌਜਵਾਨਾਂ ਨੂੰ ਅਪੀਲ) ਵੀ ਕਿਤਾਬਚਿਆਂ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਵਾਏ ਅਤੇ ਵਿਦਿਆਰਥੀਆਂ ਵਿੱਚ ਵੰਡੇ। ਗੱਲ ਕੀ, ਉਹ ਆਪਣੇ ਸਾਥੀਆਂ ਦੀ ਸੋਚ ਧਾਰਾ ਨੂੰ ਇੱਕ ਵਿਸ਼ੇਸ਼ ਸੇਧ ਦੇਣ ਲਈ ਯਤਨਸ਼ੀਲ ਰਹਿੰਦਾ ਸੀ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਗੁਪਤ ਟਿਕਾਣਿਆਂ ਉੱਤੇ ਹੋਰ ਕਿਸੇ ਲੋੜੀਂਦੀ ਵਸਤੂ ਦੀ ਕਮੀ ਤਾਂ ਹੋ ਸਕਦੀ ਸੀ ਪਰ ਪੁਸਤਕਾਂ ਵੱਡੀ ਗਿਣਤੀ ਵਿੱਚ ਹੁੰਦੀਆਂ ਸਨ। ਅਸੈਂਬਲੀ ਵਿੱਚ ਬੰਬ ਸੁੱਟੇ ਜਾਣ ਦੀ ਘਟਨਾ ਪਿੱਛੋਂ ਜਦ ਪੁਲੀਸ ਨੇ ਇਨਕਲਾਬੀ ਨੌਜਵਾਨਾਂ ਦੇ ਆਗਰਾ ਕੇਂਦਰ ਉੱਤੇ ਛਾਪਾ ਮਾਰਿਆ ਤਾਂ ਉਸ ਦੇ ਹੱਥ ਲਗਭਗ ਇੱਕ ਦਰਜਨ ਹਿੰਦੀ ਅਤੇ ਉਰਦੂ ਪੁਸਤਕਾਂ ਅਤੇ ਦੋ ਦਰਜਨ ਤੋਂ ਵੱਧ ਅੰਗਰੇਜ਼ੀ ਪੁਸਤਕਾਂ ਹੱਥ ਲੱਗੀਆਂ। ਅਜਿਹਾ ਭਗਤ ਸਿੰਘ ਦੇ ਖ਼ੁਦ ਅਧਿਐਨਸ਼ੀਲ ਹੋਣ ਅਤੇ ਸਾਥੀਆਂ ਨੂੰ ਇਸ ਪਾਸੇ ਲਾਉਣ ਦੀ ਰੁਚੀ ਦਾ ਪ੍ਰਮਾਣ ਹੈ।
ਸੰਪਰਕ: 94170-49417