ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 29 ਸਤੰਬਰ
ਇਥੇ ਸ਼ਹੀਦ ਭਗਤ ਸਿੰਘ ਚੌਕ ਧਾਰੀਵਾਲ ਵਿੱਚ ਵੁਆਇਸ ਆਫ ਧਾਰੀਵਾਲ ਦੀ ਸਮੁੱਚੀ ਟੀਮ ਵੱਲੋ ਸੰਸਥਾ ਦੇ ਕਨਵੀਨਰ ਡਾ. ਕਮਲਜੀਤ ਸਿੰਘ ਕੇਜੇ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦਾ 117ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਟੀਮ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲਮਾਲਾ ਭੇਟ ਕਰਕੇ ਨਮਨ ਕੀਤਾ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦਾ ਅਹਿਦ ਲਿਆ। ਇਸ ਮੌਕੇ ਸੰਸਥਾ ਦੇ ਕਨਵੀਨਰ ਡਾ.ਕਮਲਜੀਤ ਸਿੰਘ ਕੇਜੇ ਨੇ ਕਿਹਾ ਸ਼ਹੀਦ ਭਗਤ ਸਿੰਘ ਇੱਕ ਸੋਚ ਦਾ ਨਾਮ ਹੈ। ਉਨ੍ਹਾਂ ਦੀ ਸੋਚ ਬਚਪਨ ਤੋਂ ਹੀ ਕ੍ਰਾਂਤੀਕਾਰੀ ਅਤੇ ਇਨਕਲਾਬੀ ਵਿਚਾਰਾਂ ਵਾਲੀ ਸੀ। ਇਸ ਮੌਕੇ ਡਾ, ਕਮਲਜੀਤ ਸਿੰਘ ਕੇਜੇ, ਸੇਵਾਮੁਕਤ ਐੱਸਪੀ ਚਰਨ ਸਿੰਘ ਚਾਹਲ, ਸੇਵਾਮੁਕਤ ਐੱਸਡੀਓ ਸੁਖਦੇਵ ਸਿੰਘ ਚਾਹਲ, ਬਲਵਿੰਦਰ ਸਿੰਘ ਮੱਲ੍ਹੀ, ਸੇਵਾਮੁਕਤ ਐੱਸਡੀਓ ਚਮਨ ਸਿੰਘ ਸੋਹਲ, ਬੀਬੀ ਸੁਖਵਿੰਦਰ ਕੌਰ ਬਾਜਵਾ, ਜਸਜੀਤ ਸਿੰਘ ਕੇਜੇ, ਸ਼ਮਸ਼ੇਰ ਸਿੰਘ ਲੇਹਲ ਤੇ ਹੋਰ ਹਾਜ਼ਰ ਸਨ।
ਫ਼ਗਵਾੜਾ (ਪੱਤਰ ਪ੍ਰੇਰਕ): ਲੋਕ ਹਿਤੈਸ਼ੀ ਕਾਫ਼ਲਾ ਫਗਵਾੜਾ ਵੱਲੋਂ ਟਾਊਨ ਹਾਲ ਵਿੱਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸੁਖਦੇਵ ਸਿੰਘ ਫ਼ਗਵਾੜਾ, ਜਸਵਿੰਦਰ ਸਿੰਘ ਫਗਵਾੜਾ, ਗੁਰਮੁਖ ਲੋਕ ਪ੍ਰੇਮੀ, ਪ੍ਰੋਫੈਸਰ ਜਸਕਰਨ, ਹਰਚਰਨ ਭਾਰਤੀ ਅਤੇ ਕੁਲਦੀਪ ਸਿੰਘ ਕੌੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਸਿੰਘ ਕਿਰਤ ਕਰਨ ਵਾਲੇ ਲੋਕਾਂ ਦੀ ਮੁਕਤੀ ਤੇ ਬਰਾਬਰਤਾ ਲਈ ਉਸਾਰੂ ਸੋਚ ਦੀ ਇਨਕਲਾਬੀ ਵਿਚਾਰਧਾਰਾ ਦਾ ਨਾਮ ਹੈ।
ਸ਼ਾਹਕੋਟ (ਪੱਤਰ ਪ੍ਰੇਰਕ): ਪੰਜਾਬ ਖੇਤ ਮਜ਼ਦੂਰ ਯੂਨੀਅਨ ਉੱਗੀ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ। ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਿਰਤੀ ਜਮਾਤ ਲਈ ਸ਼ਹੀਦ ਭਗਤ ਸਿੰਘ ਦਾ ਜੀਵਨ ਚਾਨਣ ਮੁਨਾਰਾ ਹੈ। ਇਸ ਦੌਰਾਨ ਸਤਨਾਮ ਆਗੂ, ਅਵਤਾਰ ਗਿੱਲ ਅਤੇ ਨਛੱਤਰ ਮਾਲੜੀ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅੰਤ ਵਿੱਚ ਮੀਨਾਕਸ਼ੀ ਅਤੇ ਰਾਮ ਕ੍ਰਿਸ਼ਨ ਨੇ ਸ਼ਹੀਦ ਦੀ ਵਿਚਾਰਧਾਰਾ ’ਤੇ ਕੋਰਿਓਗ੍ਰਾਫੀ ਪੇਸ਼ ਕੀਤੀ।
ਭਗਤ ਸਿੰਘ ਨੂੰ ਸਮਰਪਿਤ ਮੋਮਬੱਤੀ ਮਾਰਚ
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਭਗਤ ਸਿੰਘ ਦੇ ਜਨਮ ਦਿਵਸ ਮੌਕੇ ਬਟਾਲਾ ਕਲੱਬ ਤੋਂ ਗਾਂਧੀ ਚੌਕ ਤੱਕ ਮੋਮਬੱਤੀ ਮਾਰਚ ਕੀਤਾ ਗਿਆ। ਲੋਕ ਚੇਤਨਾ ਮੰਚ ਬਟਾਲਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਗੁਰਦਾਸਪੁਰ ਦੀ ਇਸ ਪਹਿਲ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਭਗਤ ਸਿੰਘ ਦੀਆਂ ਲਿਖਤਾਂ ਬਾਰੇ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਪ੍ਰਧਾਨਗੀ ਡਾ. ਰਵਿੰਦਰ, ਚੌਧਰੀ ਦਲਬੀਰ ਮਸੀਹ, ਡਾ ਅਨੂਪ ਸਿੰਘ, ਡਾ. ਸਤਿੰਦਰ ਰੈਬੀ, ਸੁਖਦੇਵ ਸਿੰਘ ਪ੍ਰੇਮੀ, ਡਾ. ਸਤਿੰਦਰ ਸਿੰਘ ਰੈਬੀ ਅਤੇ ਵਰਗਿਸ ਸਲਾਮਤ ਨੇ ਕੀਤੀ। ਕਵੀਆਂ ਨੇ ਭਗਤ ਸਿੰਘ ਨੂੰ ਸਮਰਪਿਤ ਕਵਿਤਾਵਾਂ ਅਤੇ ਗੀਤ ਸੁਣਾਏ। ਇਸ ਮੌਕੇ ਮੰਚ ਪ੍ਰਧਾਨ ਡਾ. ਦਲਬੀਰ ਮਸੀਹ ਚੌਧਰੀ ਦੀ ਪੁਸਤਕ ‘ਅਮ੍ਰਿਤਸਰ ਡਾਇਸਸ ਦਾ ਇਤਿਹਾਸ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਡਾ. ਰਵਿੰਦਰ, ਬਲਵਿੰਦਰ ਗੰਭੀਰ, ਚੌਧਰੀ ਦਲਬੀਰ ਮਸੀਹ, ਪ੍ਰੋਫੈਸਰ ਪਰਮਜੀਤ ਸਿੰਘ ਨਿੱਕੇ ਘੁੰਮਣ, ਡਾ ਅਨੂਪ ਸਿੰਘ, ਕਾਮਰੇਡ ਰਘਬੀਰ ਸਿੰਘ, ਸੂਬਾ ਸਿੰਘ ਖਹਿਰਾ, ਅਜੀਤ ਕਮਲ , ਕਾਮਰੇਡ ਸਮਸ਼ੇਰ ਸਿੰਘ, ਕਾਮਰੇਡ ਜਗੀਰ ਸਿੰਘ, ਕਾਮਰੇਡ ਰਘਬੀਰ ਵਿਰਕ, ਉਪਕਾਰ ਸਿੰਘ, ਸਤਨਾਮ ਸਿੰਘ, ਸੁਰਿੰਦਰ ਸਿੰਘ ਨਿਮਾਣਾ, ਨਰਿੰਦਰ ਸੰਘਾ, ਕਾਮਰੇਡ ਸੁਲੱਖਣ ਮਸੀਹ ਗਿੱਲ, ਕਾਮਰੇਡ ਜਸਪਾਲ ਸਿੰਘ ਨੇ ਵੀ ਸੰਬੋਧਨ ਕੀਤਾ।
ਸ਼ਹੀਦ ਨੂੰ ਸਮਰਪਿਤ ਕਵੀ ਦਰਬਾਰ
ਫਗਵਾੜਾ (ਪੱਤਰ ਪ੍ਰੇਰਕ): ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸੀਨੀਅਰ ਸਿਟੀਜ਼ਨ ਕੌਂਸਲ ਵੱਲੋਂ ਖੇੜਾ ਰੋਡ ’ਤੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਮਗਰੋਂ ਕਵੀ ਦਰਬਾਰ ਕਰਵਾਇਆ ਗਿਆ। ਇਸ ’ਚ ਪੁੱਜੇ ਕਵੀ ਸੁਭਾਸ਼ ਗੋਗਨਾ, ਦਰਸ਼ਨ ਸਿੰਘ, ਦਲਜੀਤ ਸਿੰਘ ਢੱਡਵਾਲ, ਚੰਦਰ ਪ੍ਰਕਾਸ਼ ਤੇ ਅਵਤਾਰ ਸਿੰਘ ਸੱਗੂ ਨੇ ਭਗਤ ਸਿੰਘ ਦੀ ਜੀਵਨੀ ਨਾਲ ਸਬੰਧਤ ਕਵਿਤਾਵਾ ਸੁਣਾਈਆਂ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸਾਬਕਾ ਕੌਂਸਲ ਪ੍ਰਧਾਨ ਮਲਕੀਅਤ ਸਿੰਘ, ਪ੍ਰਧਾਨਗੀ ਮੰਡਲ ’ਚ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਨਾ ਤੇ ਪਵਨ ਕਾਲੜਾ ਸ਼ਾਮਲ ਹੋਏ।