ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰੂ ਲਾਲਾਂ ਦੀ ਸੇਵਾ ਬਦਲੇ ਸ਼ਹੀਦੀ ਪਾਉਣ ਵਾਲਾ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ

08:54 AM Jul 26, 2023 IST

ਬਹਾਦਰ ਸਿੰਘ ਗੋਸਲ
Advertisement

ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਨੇ ਆਪਣੀ ਕੁਰਬਾਨੀ ਨਾਲ, ਕਰਬਾਨੀਆਂ ਦੀ ਅਜਿਹੀ ਚਿਣਗ ਲਗਾਈ ਕਿ ਸਿੱਖ ਇਤਿਹਾਸ ਦੇ ਪੰਨੇ ਕੁਰਬਾਨੀਆਂ ਦੇ ਵਿਵਰਣ ਨਾਲ ਭਰੇ ਪਏ ਹਨ। ਛੇਵੇ ਪਾਤਸ਼ਾਹ ਦੇ ਸਮੇਂ ਜਦੋਂ ਉਨ੍ਹਾਂ ਨੂੰ ਚਾਰ ਵੱਡੀਆਂ ਜੰਗਾਂ ਲੜਨੀਆਂ ਪਈਆਂ ਤਾਂ ਹਜ਼ਾਰਾਂ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਆਪਣੇ ਨਾਂ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ’ਤੇ ਦਰਜ ਕਰਵਾਏ। ਉਨ੍ਹਾਂ ਸ਼ਹੀਦਾਂ ਦੀਆਂ ਅਥਾਹ ਕੁਰਬਾਨੀਆਂ ਹੀ ਸਨ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਨੇ ਮੁਗਲਾਂ ਨੂੰ ਡਾਢੀ ਟੱਕਰ ਦੇ ਕੇ ਚਾਰ ਦੀਆਂ ਚਾਰ ਜੰਗਾਂ ਜਿੱਤੀ ਲਈਆਂ।
ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਅਜਿਹੇ ਸਿੰਘ ਸਜਾਏ ਜੋ ਸਦਾ ਕੁਰਬਾਨੀ ਦੇਣ ਲਈ ਤਤਪਰ ਰਹਿੰਦੇ ਸਨ। ਉਨ੍ਹਾਂ ਨੇ ਕੁਰਬਾਨੀਆਂ ਦੇਣ ਵਾਲੇ ਮਰਜੀਵੜਿਆਂ ਦੀ ਅਜਿਹੀ ਖਾਲਸਾ ਫੌਜ ਤਿਆਰ ਕੀਤੀ ਜਿਸ ਦਾ ਕੰਮ ਹੀ ਜ਼ੁਲਮ ਨੂੰ ਟੱਕਰ ਦੇਣਾ ਅਤੇ ਦੁਸ਼ਮਣ ਨਾਲ ਲੜ ਕੇ ਸ਼ਹੀਦੀਆਂ ਪ੍ਰਾਪਤ ਕਰਨਾ ਜਾਂ ਜਿੱਤਾਂ ਪ੍ਰਾਪਤ ਕਰਨਾ ਸੀ। ਦਸਮ ਪਿਤਾ ਨੇ ਆਪ ਵੀ ਸਾਰੇ ਪਰਿਵਾਰ ਦਾ ਬਲੀਦਾਨ ਦੇ ਕੇ ਧਰਮ ਅਤੇ ਕੌਮ ਦੀ ਨਵ-ਉਸਾਰੀ ਦਾ ਕੰਮ ਕੀਤਾ। ਗੁਰੂ ਜੀ ਦੇ ਸੇਵਕ ਵੀ ਅਜਿਹੀਆਂ ਕੁਰਬਾਨੀਆਂ ਤੋਂ ਕਦੇ ਪਿੱਛੇ ਨਹੀਂ ਹਟੇ ਸਗੋਂ ਪਰਿਵਾਰਾਂ ਸਮੇਤ ਸ਼ਹੀਦਾਂ ਦੀ ਵੱਡੀ ਲੜੀ ਵਿੱਚ ਆਪਣਾ ਨਾਂ ਦਰਜ ਕਰਵਾ ਗਏ।
ਅਜਿਹੀ ਹੀ ਇਕ ਕੁਰਬਾਨੀ ਦੀ ਮਿਸਾਲ ਪੁਰਾਣੀ ਸਰਹਿੰਦ ਅਤੇ ਅਜੋਕੇ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਦੇਖਣ ਨੂੰ ਮਿਲਦੀ ਹੈ। ਇਹ ਕੁਰਬਾਨੀ ਬਾਬਾ ਮੋਤੀ ਰਾਮ ਮਹਿਰਾ ਦੀ ਹੈ, ਜਨਿ੍ਹਾਂ ਨੇ ਇਹ ਸ਼ਹੀਦੀ ਗੁਰੂ ਲਾਲਾਂ ਅਤੇ ਮਾਤਾ ਗੁਜਰ ਕੌਰ ਜੀ ਦੀ ਸੇਵਾ ਬਦਲੇ ਪ੍ਰਾਪਤ ਕੀਤੀ।
ਸਿੱਖ ਇਤਿਹਾਸ ਅਨੁਸਾਰ ਜਦੋਂ ਗੁਰੂ ਪਰਿਵਾਰ ਦਾ ਸਰਸਾ ਨਦੀ ’ਤੇ ਵਿਛੋੜਾ ਪੈ ਗਿਆ ਅਤੇ ਮਾਤਾ ਗੁਜਰੀ ਜੀ ਨਾਲ ਦੋ ਛੋਟੇ ਸਾਹਿਬਜ਼ਾਦੇ ਪਰਿਵਾਰ ਤੋਂ ਵਿਛੜ ਗਏ ਤਾਂ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਮਿਲ ਗਿਆ। ਉਹ ਉਨ੍ਹਾਂ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ ਪਰ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਦੀ ਗੁਥਲੀ ਦੇਖ ਉਸ ਦਾ ਮਨ ਲਾਲਚ ਵਿਚ ਆ ਗਿਆ ਅਤੇ ਉਸ ਨੇ ਬੇਈਮਾਨੀ ਕਰਦੇ ਹੋਏ ਮੋਹਰਾਂ ਚੁਰਾ ਕੇ ‘ਚੋਰ ਚੋਰ’ ਦਾ ਰੌਲਾ ਪਾ ਦਿੱਤਾ। ਉਹ ਮਾਤਾ ਜੀ ਦੇ ਸਮਝਾਉਣ ’ਤੇ ਵੀ ਨਾ ਸਮਝਿਆ, ਉਲਟਾ ਮੋਰਿੰਡੇ ਦੇ ਕੋਤਵਾਲ ਜਾਨੀ ਖਾਂ ਨੂੰ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਜਾ ਦੱਸਿਆ। ਕੋਤਵਾਲ ਜਾਨੀ ਖਾਂ ਨੇ ਮਾਤਾ ਜੀ ਸਮੇਤ ਬੱਚਿਆਂ ਨੂੰ ਸੂਬਾ ਸਰਹਿੰਦ ਕੋਲ ਭੇਜ ਦਿੱਤਾ, ਜਿਸ ਨੇ ਤਿੰਨਾਂ ਪਵਿੱਤਰ ਰੂਹਾਂ ਨੂੰ ਠੰਢੇ ਬੁਰਜ ਵਿੱਚ ਪੋਹ ਦੇ ਮਹੀਨੇ ਕੈਦ ਕਰ ਦਿੱਤਾ। ਸੂਬਾ ਸਰਹਿੰਦ ਨੇ ਇਹ ਵੀ ਐਲਾਨ ਕਰ ਦਿੱਤਾ ਕਿ ਜੇ ਕੋਈ ਇਨ੍ਹਾਂ ਦੀ ਮਦਦ ਕਰੇਗਾ ਤਾਂ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ। ਪਰ ਗੁਰੂ ਘਰ ਦੇ ਪ੍ਰੇਮੀ ਮੋਤੀ ਰਾਮ ਮਹਿਰਾ ਨੇ ਆਪਣੀ ਅਤੇ ਪਰਿਵਾਰ ਦੀ ਮੌਤ ਦੀ ਸਜ਼ਾ ਦੀ ਪ੍ਰਵਾਹ ਨਾ ਕਰਦੇ ਹੋਏ ਮਾਤਾ ਗੁਜਰ ਕੌਰ ਅਤੇ ਛੋਟੇ ਗੁਰੂ ਦੇ ਲਾਲਾਂ ਨੂੰ ਤਿੰਨ ਦਨਿ 10,11 ਅਤੇ 12 ਪੋਹ ਨੂੰ ਲਗਾਤਾਰ ਗਰਮ ਦੁੱਧ, ਰੋਟੀ ਅਤੇ ਜਲ ਦੀ ਸੇਵਾ ਸੂਬਾ ਸਰਹਿੰਦ ਤੋਂ ਚੋਰੀ ਕੀਤੀ। ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਤਾਂ ਇਹ ਦੁਖਾਂਤ ਭਰੀ ਖ਼ਬਰ ਮੋਤੀ ਰਾਮ ਮਹਿਰਾ ਨੇ ਹੀ ਮਾਤਾ ਜੀ ਨੂੰ ਸੁਣਾਈ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਦੂਜੇ ਦਨਿ ਹੀ ਗੰਗੂ ਬ੍ਰਾਹਮਣ ਦੇ ਭਰਾ ਪੰਮੇ ਨੇ ਹਾਕਮਾਂ ਕੋਲ ਚੁਗਲੀ ਕੀਤੀ ਕਿ ਮੋਤੀ ਰਾਮ ਮਹਿਰਾ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਦੁੱਧ ਅਤੇ ਜਲ-ਪਾਣੀ ਨਾਲ ਸੇਵਾ ਕੀਤੀ ਸੀ। ਇਹ ਸੁਣ 28 ਦਸੰਬਰ 1704 ਨੂੰ ਸੂਬਾ ਸਰਹਿੰਦ ਨੇ ਮੋਤੀ ਰਾਮ ਮਹਿਰਾ ਅਤੇ ਉਸ ਦੇ ਪਰਿਵਾਰ ਨੂੰ ਕੈਦ ਕਰ ਲਿਆ। ਸੂਬੇ ਵੱਲੋਂ ਪੁੱਛੇ ਜਾਣ ’ਤੇ ਉਨ੍ਹਾਂ ਬਨਿਾਂ ਡਰੇ ਸਭ ਸੱਚ-ਸੱਚ ਦੱਸ ਦਿੱਤਾ ਅਤੇ ਕਿਹਾ ਕਿ ਅਜਿਹਾ ਉਨ੍ਹਾਂ ਨੇ ਹੱਕ, ਸੱਚ ਅਤੇ ਇਨਸਾਫ਼ ਦੀ ਰਾਖੀ ਲਈ ਕੀਤਾ। ਅਜਿਹਾ ਕਰਨ ਤੇ ਉਨ੍ਹਾਂ ਨੂੰ ਆਪਣੇ ਆਪ ’ਤੇ ਮਾਣ ਹੈ। ਸੂਬਾ ਸਰਹਿੰਦ ਨੇ ਗੁਰੂ ਲਾਲਾਂ ਦੀ ਸੇਵਾ ਬਦਲੇ ਮੋਤੀ ਰਾਮ ਨੂੰ ਚਾਰ ਦਨਿ ਕੈਦ ਵਿੱਚ ਰੱਖਿਆ ਅਤੇ ਅਨੇਕਾਂ ਲਾਲਚ ਤੇ ਡਰਾਵੇ ਦਿੱਤੇ। ਆਖਰ ਪਹਿਲੀ ਜਨਵਰੀ 1705 ਈ: ਨੂੰ ਮੋਤੀ ਰਾਮ ਮਹਿਰਾ ਦੇ ਪਰਿਵਾਰ ਦੇ ਮੈਂਬਰਾਂ ਨੂੰ ਇੱਕ-ਇੱਕ ਕਰ ਕੇ ਕੋਹਲੂ ਵਿਚ ਪੀੜਨ ਦਾ ਜ਼ੁਲਮਾਨਾ ਹੁਕਮ ਸੁਣਾ ਦਿੱਤਾ। ਇਨ੍ਹਾਂ ਪਰਿਵਾਰਕ ਮੈਂਬਰਾਂ ਵਿੱਚ ਮੋਤੀ ਰਾਮ ਮਹਿਰਾ ਆਪ, ਉਨ੍ਹਾਂ ਦੇ 4 ਤੇ 6 ਸਾਲ ਦੇ ਬੇਟੇ, ਪਤਨੀ ਅਤੇ 72 ਸਾਲ ਦੇ ਬਜ਼ੁਰਗ ਮਾਤਾ ਜੀ ਸਨ। ਸਾਰੇ ਪਰਿਵਾਰ ਨੂੰ ਜ਼ਾਲਮਾਂ ਅਥਾਹ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਪਰ ਉਨ੍ਹਾਂ ਗੁਰੂ ਘਰ ਦੇ ਪ੍ਰੇਮੀਆਂ ਨੇ ਸੂਬਾ ਸਰਹਿੰਦ ਦੇ ਤਸੀਹਿਆਂ ਦੀ ਪ੍ਰਵਾਹ ਨਹੀਂ ਕੀਤੀ ਅਤੇ ਗੁਰੂ ਲਾਲਾਂ ਦੀ ਸੇਵਾ ਬਦਲੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ।
ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹੀਦੀ ਨੂੰ ਅੱਜ 318 ਤੋਂ ਵੱਧ ਸਾਲ ਹੋ ਚੁੱਕੇ ਹਨ। ਸਿੱਖ ਕੌਮ ਉਨ੍ਹਾਂ ਦੀ ਵਿਲੱਖਣ ਕੁਰਬਾਨੀ ਨੂੰ ਸਦਾ ਨਤਮਸਤਕ ਹੁੰਦੀ ਰਹੇਗੀ। ਬਾਬਾ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਅਦੁੱਤੀ ਸ਼ਹੀਦੀ ਦੇ ਪ੍ਰਚਾਰ ਅਤੇ ਪ੍ਰਸਾਰ ਸਬੰਧੀ ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ:) ਲੁਧਿਆਣਾ 21-09-2004 ਨੂੰ ਹੋਂਦ ਵਿੱਚ ਆਈ ਸੀ, ਜਿਸ ਦੇ ਯਤਨਾਂ ਸਦਕਾ ਫਰਵਰੀ 2016 ਵਿੱਚ ਫਤਿਹਗੜ੍ਹ ਸਾਹਿਬ ਵਿੱਚ ਪੰਜ ਏਕੜ ਜ਼ਮੀਨ ’ਚ ਬਾਬਾ ਜੀ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੁੰਦਰ ਯਾਦਗਾਰ ਬਣਾਈ ਗਈ ਹੈ, ਜੋ 2019 ਵਿੱਚ ਬਣ ਕੇ ਤਿਆਰ ਹੋਈ ਸੀ।
ਸੰਪਰਕ: 98764-52223

Advertisement
Advertisement