ਸ਼ਾਹਬਾਜ਼ ਸ਼ਰੀਫ਼ ਨੇ ਇਮਰਾਨ ਨੂੰ ਦਿੱਤਾ ਗੱਲਬਾਤ ਦਾ ਸੱਦਾ
ਇਸਲਾਮਾਬਾਦ, 26 ਜੂਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਆਪਣੇ ਸਿਆਸੀ ਵਿਰੋਧੀ ਇਮਰਾਨ ਖ਼ਾਨ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਇਮਰਾਨ ਨੂੰ ਜੇਲ੍ਹ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਬੈਠ ਕੇ ਆਪਸ ’ਚ ਗੱਲ ਕਰ ਸਕਦੇ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਦਾ ਬਾਨੀ ਇਮਰਾਨ ਪਿਛਲੇ ਸਾਲ ਅਗਸਤ ਤੋਂ ਜੇਲ੍ਹ ’ਚ ਹੈ। ਅਪਰੈਲ 2022 ’ਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਉਸ ਖ਼ਿਲਾਫ਼ 200 ਕੇਸ ਪਾਏ ਗਏ ਸਨ ਜਿਨ੍ਹਾਂ ’ਚੋਂ ਕੁਝ ’ਚ ਉਸ ਨੂੰ ਸਜ਼ਾ ਸੁਣਾਈ ਗਈ ਹੈ।
ਨੈਸ਼ਨਲ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ,‘‘ਜੇ ਉਨ੍ਹਾਂ (ਪੀਟੀਆਈ) ਦਾ ਬਾਨੀ ਜੇਲ੍ਹ ’ਚ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਮੈਂ ਦੁਹਰਾਉਂਦਾ ਹਾ ਕਿ ਆਓ, ਬੈਠ ਕੇ ਗੱਲਬਾਤ ਕਰਦੇ ਹਾਂ। ਦੇਸ਼ ਨੂੰ ਰਲ ਕੇ ਅੱਗੇ ਲਿਜਾਣ ਲਈ ਆਓ ਗੱਲਬਾਤ ਕਰੀਏ। ਦੇਸ਼ ਦੀ ਬਿਹਤਰੀ ਲਈ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ ਅਤੇ ਇਸ ਤੋਂ ਬਿਨ੍ਹਾਂ ਹੋਰ ਕੋਈ ਰਾਹ ਨਹੀਂ ਹੈ।’’ ਸਾਲ 2018 ’ਚ ਇਮਰਾਨ ਦੀ ਪਾਰਟੀ ਪੀਟੀਆਈ ਵੱਲੋਂ ਜਿੱਤੀਆਂ ਚੋਣਾਂ ’ਤੇ ਟਿੱਪਣੀ ਕਰਦਿਆਂ ਸ਼ਰੀਫ਼ ਨੇ ਕਿਹਾ, ‘‘ਚੋਣਾਂ ’ਚ ਹੇਰਾਫੇਰੀ ਦੇ ਬਾਵਜੂਦ ਅਸੀਂ ਸੰਸਦ ’ਚ ਬੈਠੇ ਸੀ। ਮੇਰੇ ਪਹਿਲੇ ਭਾਸ਼ਨ ਦੌਰਾਨ ਕੀਤੀ ਗਈ ਨਾਅਰੇਬਾਜ਼ੀ ਨੂੰ ਇਤਿਹਾਸ ’ਚ ਕਾਲੇ ਅਧਿਆਏ ਵਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ।’’ ਉਨ੍ਹਾਂ ਕਿਹਾ ਕਿ ਸਿਆਸਤਦਾਨ ਹੋਵੇ ਜਾਂ ਹੋਰ ਕੋਈ ਵਿਅਕਤੀ, ਜੇ ਕਿਸੇ ਨਾਲ ਕੋਈ ਬੇਇਨਸਾਫ਼ੀ ਹੋ ਰਹੀ ਹੈ ਤਾਂ ਫਿਰ ਉਸ ਨੂੰ ਨਿਆਂ ਮਿਲਣਾ ਚਾਹੀਦਾ ਹੈ। -ਪੀਟੀਆਈ