For the best experience, open
https://m.punjabitribuneonline.com
on your mobile browser.
Advertisement

ਸ਼ਾਹਬਾਜ਼ ਸ਼ਰੀਫ ਲਗਾਤਾਰ ਦੂਜੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ

07:14 AM Mar 04, 2024 IST
ਸ਼ਾਹਬਾਜ਼ ਸ਼ਰੀਫ ਲਗਾਤਾਰ ਦੂਜੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ
Advertisement

ਇਸਲਾਮਾਬਾਦ, 3 ਮਾਰਚ
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਸੀਨੀਅਰ ਨੇਤਾ ਸ਼ਾਹਬਾਜ਼ ਸ਼ਰੀਫ ਵਿਰੋਧੀ ਧਿਰ ਦੀ ਨਾਅਰੇਬਾਜ਼ੀ ਦਰਮਿਆਨ ਨਵੀਂ ਚੁਣੀ ਸੰਸਦ ’ਚ ਆਸਾਨੀ ਨਾਲ ਬਹੁਮਤ ਹਾਸਲ ਕਰਨ ਮਗਰੋਂ ਅੱਜ ਲਗਾਤਾਰ ਦੂਜੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣ ਗਏ ਹਨ। ਉਹ ਗੱਠਜੋੜ ਸਰਕਾਰ ਦੀ ਅਗਵਾਈ ਕਰਨਗੇ। ਉਹ ਲਗਾਤਾਰ ਦੂਜੀ ਵਾਰ ਮੁਲਕ ਦੇ ਪ੍ਰਧਾਨ ਮੰਤਰੀ ਬਣਨ ਵਾਲੇ ਪਹਿਲੇ ਆਗੂ ਬਣ ਗਏ ਹਨ।
ਪੀਐੱਮਐੱਲ-ਐੱਨ ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਸਾਂਝੇ ਉਮੀਦਵਾਰ ਸ਼ਾਹਬਾਜ਼ (72) ਨੂੰ 336 ਮੈਂਬਰੀ ਸਦਨ ’ਚੋਂ 201 ਵੋਟਾਂ ਮਿਲੀਆਂ ਜੋ ਸਦਨ ਦਾ ਨੇਤਾ ਬਣਨ ਲਈ ਲੋੜੀਂਦੀਆਂ ਵੋਟਾਂ ਤੋਂ 32 ਵੋਟਾਂ ਵੱਧ ਹਨ। ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਉਨ੍ਹਾਂ ਦੇ ਵਿਰੋਧੀ ਉਮਰ ਅਯੂਬ ਖਾਨ ਨੂੰ 92 ਵੋਟਾਂ ਮਿਲੀਆਂ। ਨੈਸ਼ਨਲ ਅਸੈਂਬਲੀ ਦੇ ਸਪੀਕਰ ਸਰਦਾਰ ਅਯਾਜ਼ ਸਾਦਿਕ ਨੇ ਨਤੀਜਿਆਂ ਦਾ ਐਲਾਨ ਕਰਦਿਆਂ ਸ਼ਾਹਬਾਜ਼ ਨੂੰ ਪਾਕਿਸਤਾਨ ਦਾ 24ਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਬਹੁਮਤ ਹਾਸਲ ਕਰਨ ਮਗਰੋਂ ਸ਼ਾਹਬਾਜ਼ ਨੇ ਸਾਥੀ ਸੰਸਦ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਬਤੌਰ ਪ੍ਰਧਾਨ ਮੰਤਰੀ ਪਹਿਲੇ ਭਾਸ਼ਣ ਦੌਰਾਨ ਕਸ਼ਮੀਰ ਮਸਲੇ ਦਾ ਉਚੇਚੇ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਗੁਆਂਢੀ ਮੁਲਕਾਂ ਸਮੇਤ ਸਾਰੇ ਅਗਾਂਹਵਧੂ ਮੁਲਕਾਂ ਨਾਲ ਰਿਸ਼ਤੇ ਮਜ਼ਬੂਤ ਕਰਨ ਦਾ ਅਹਿਦ ਵੀ ਦੁਹਰਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕਿਸੇ ਵੱਡੀ ਖੇਡ ਦਾ ਹਿੱਸਾ ਨਹੀਂ ਬਣੇਗਾ ਤੇ ਉਨ੍ਹਾਂ ਦੀ ਸਰਕਾਰ ਆਪਣੇ ਮਿੱਤਰ ਮੁਲਕਾਂ ਦੀ ਗਿਣਤੀ ਵਧਾਏਗੀ। ਉਨ੍ਹਾਂ ਕਿਹਾ, ‘ਅਸੀਂ ਗੁਆਂਢੀ ਮੁਲਕਾਂ ਨਾਲ ਬਰਾਬਰੀ ਦੇ ਆਧਾਰ ’ਤੇ ਸਬੰਧ ਮਜ਼ਬੂਤ ਕਰਾਂਗੇ।’ ਉਨ੍ਹਾਂ ਕਸ਼ਮੀਰ ਤੇ ਫਲਸਤੀਨ ਦੇ ਮਸਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘ਆਓ ਸਾਰੇ ਇਕਜੁੱਟ ਹੋਈਏ ਅਤੇ ਕੌਮੀ ਅਸੈਂਬਲੀ ਨੂੰ ਕਸ਼ਮੀਰੀਆਂ ਤੇ ਫਲਸਤੀਨੀਆਂ ਦੀ ਆਜ਼ਾਦੀ ਲਈ ਮਤਾ ਪਾਸ ਕਰਨਾ ਚਾਹੀਦਾ ਹੈ।’ ਸ਼ਾਹਬਾਜ਼ ਨੇ ਨਕਦੀ ਸੰਕਟ ਨਾਲ ਜੂਝ ਰਹੇ ਮੁਲਕ ਨੂੰ ਕਰਜ਼ਾ ਸੰਕਟ ’ਚੋਂ ਬਾਹਰ ਕੱਢਣ ਦਾ ਵੀ ਅਹਿਦ ਲਿਆ। -ਪੀਟੀਆਈ

Advertisement

ਰਾਸ਼ਟਰਪਤੀ ਦੀ ਚੋਣ ਲਈ ਵਿਸ਼ੇਸ਼ ਸੈਸ਼ਨ 9 ਨੂੰ

ਇਸਲਾਮਾਬਾਦ: ਸ਼ਾਹਬਾਜ਼ ਸ਼ਰੀਫ ਦੀ ਨਵੇਂ ਪ੍ਰਧਾਨ ਮੰਤਰੀ ਵਜੋਂ ਚੋਣ ਤੋਂ ਬਾਅਦ ਦੇਸ਼ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਕੌਮੀ ਅਸੈਂਬਲੀ ਦਾ ਸਾਂਝਾ ਸੈਸ਼ਨ 9 ਮਾਰਚ ਨੂੰ ਸੱਦਿਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕੌਮੀ ਅਸੈਂਬਲੀ ਦੇ ਸਪੀਕਰ ਅਯਾਜ਼ ਸਾਦਿਕ ਨੇ ਅੱਜ 9 ਮਾਰਚ ਨੂੰ ਸਵੇਰੇ 10 ਵਜੇ ਸੰਸਦ ਦਾ ਇਜਲਾਸ ਸੱਦਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਪੀਪੀਪੀ ਤੇ ਪੀਐੱਮਐੱਲ-ਐੱਨ ਦੇ ਸਾਂਝੇ ਉਮੀਦਵਾਰ ਤੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਪੀਕੇਐੱਮਏਪੀ ਦੇ ਮੁਖੀ ਮਹਿਮੂਦ ਅਚਾਕਜ਼ਈ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਨਾਜ਼ਮਦਗੀਆਂ ਦਾਖਲ ਕੀਤੀਆਂ ਹਨ। -ਏਐੱਨਆਈ

Advertisement
Author Image

Advertisement
Advertisement
×