ਸ਼ਾਹਬਾਦ: ਮੀਂਹ ਨੇ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹੀ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 10 ਜੁਲਾਈ
ਪਿਛਲੇ ਦੋ ਦਨਿਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਸ਼ਹਿਰ ਦੇ ਬਾਹਰੀ ਤੇ ਅੰਦਰੂਨੀ ਹਿੱਸਿਆਂ ਵਿਚ ਪਾਣੀ ਭਰ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਪੈ ਰਿਹਾ ਹੈ। ਮੀਂਹ ਨੇ ਪ੍ਰਸ਼ਾਸਨ ਦੇ ਪਾਣੀ ਨਿਕਾਸੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਕਈ ਲੋਕਾਂ ਦੇ ਘਰਾਂ ਵਿਚ ਵੀ ਪਾਣੀ ਵੜ ਗਿਆ ਹੈ। ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਘਰ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਸ਼ਹਿਰ ਦੇ ਬਰਾੜਾ ਰੋਡ, ਸੰਤ ਦਲੇਰ ਸਿੰਘ ਦੀ ਕੁਟੀਆ ਦੇ ਸਾਹਮਣੇ ਵਾਲੀ ਸੜਕ, ਕਾਲਜ ਰੋਡ, ਗੁੱਗਾ ਮਾੜੀ ਰੋਡ, ਜੀਟੀ ਰੋਡ, ਲਾਡਵਾ ਚੌਕ, ਬਾਲ ਪਵਨ ਰੋਡ, ਨਗਰ ਪਾਲਿਕਾ ਚੌਕ, ਪ੍ਰਤਾਪ ਮੰਡੀ ਚੌਕ, ਦੇਵੀ ਮੰਦਿਰ ਰੋਡ, ਕਮੇਟੀ ਬਾਜ਼ਾਰ, ਖਾਲਸਾ ਸਰਬਤ ਪਵਨ ਪੁਰਾਦੀ ਸਬਜ਼ੀ ਮੰਡੀ ਤੇ ਨਵੀਂ ਅਨਾਜ ਮੰਡੀ ’ਚ ਚਾਰੇ ਪਾਸੇ ਪਾਣੀ ਭਰਿਆ ਹੋਇਆ ਹੈ। ਮੀਂਹ ਤੋਂ ਪਹਿਲਾਂ ਪਾਣੀ ਨਿਕਾਸੀ ਦੇ ਠੀਕ ਪ੍ਰਬੰਧ ਨਾ ਹੋਣ ਕਾਰਨ ਚਾਰੇ ਪਾਸੇ ਪਾਣੀ ਜਮ੍ਹਾਂ ਹੋ ਗਿਆ ਹੈ। ਦਿਆਲ ਨਗਰ ਅੰਡਰ ਪਾਸ ਵਿਚ ਪਾਣੀ ਭਰ ਜਾਣ ਕਰਕੇ ਲੋਕਾਂ ਲਈ ਮੁਸੀਬਤ ਬਣਿਆ। ਲੋਕਾਂ ਨੂੰ ਨਵੀਂ ਚੁਣੀ ਨਗਰ ਕੌਂਸਲ ਤੋਂ ਉਮੀਦ ਸੀ ਕਿ ਸ਼ਹਿਰ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਪਰ ਸ਼ਹਿਰ ਦੀ ਹਾਲਤ ਜਿਉਂ ਦੀ ਤਿਉਂ ਹੀ ਹੈ।
ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ: ਡੀਸੀ
ਗੂਹਲਾ ਚੀਕਾ (ਪੱਤਰ ਪ੍ਰੇਰਕ): ਡੀਸੀ ਜਗਦੀਸ਼ ਸ਼ਰਮਾ ਨੇ ਅਧਿਕਾਰੀਆਂ ਨੂੰ ਲਗਾਤਾਰ ਹੋ ਰਹੀ ਬਰਸਾਤ ਕਾਰਨ ਘੱਗਰ ਦਰਿਆ ਵਿੱਚ ਵਧੇ ਪਾਣੀ ਦੇ ਪੱਧਰ ’ਤੇ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹਨ। ਇਸ ਮੌਕੇ ਉਨ੍ਹਾਂ ਘੱਗਰ ਨੇੜਲੇ ਇਲਾਕਿਆਂ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇੱਥੇ ਘੱਗਰ ’ਚ ਲਗਪਗ 44 ਹਜ਼ਾਰ ਕਿਊਸਿਕ ਪਾਣੀ ਹੈ ਅਤੇ ਗੇਜ ਦਾ ਪੱਧਰ ਵੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਹੈ। ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।