ਸ਼ਾਹਬਾਦ: ਸੰਸਦ ਮੈਂਬਰ ਨੇ ਕੇਂਦਰੀ ਮੰਤਰੀ ਨੂੰ ਸੌਂਪਿਆ ਮੰਗ ਪੱਤਰ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 3 ਅਗਸਤ
ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਕੁਰੂਕਸ਼ੇਤਰ ਲੋਕ ਸਭਾ ਦੇ ਸ਼ਾਹਬਾਦ ਖੇਤਰ ਵਿੱਚ ਕੌਮੀ ਰਾਜ ਮਾਰਗ-44 ’ਤੇ ਸੋਮਾ ਕੰਪਨੀ ਵੱਲੋਂ ਬਣਾਏ ਦੋ ਜ਼ਮੀਨਦੋਜ਼ ਰਸਤਿਆਂ ’ਤੇ ਫਲਾਈ ਓਵਰ ਦੀ ਉਚਾਈ ਗਰਾਊਂਡ ਤੋਂ ਕਾਫੀ ਘੱਟ ਹੈ ਤੇ ਜ਼ਮੀਨਦੋਜ਼ ਰਸਤਿਆਂ ਵਿੱਚ ਸੜਕ ਦੀ ਉਚਾਈ 2-3 ਫੁੱਟ ਘੱਟ ਹੈ। ਇਸ ਕਰਕੇ ਬਰਸਾਤੀ ਪਾਣੀ ਇਸ ਵਿੱਚ ਜਮ੍ਹਾਂ ਹੋ ਜਾਂਦਾ ਹੈ ਤੇ ਆਵਾਜਾਈ ਕਈ ਦਿਨਾਂ ਤੱਕ ਪ੍ਰਭਾਵਿਤ ਰਹਿੰਦੀ ਹੈ। ਸੰਸਦ ਮੈਂਬਰ ਨਾਇਬ ਸਿੰਘ ਸੈਣੀ ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕ੍ਰਿਸ਼ਨ ਕੁਮਾਰ ਬੇਦੀ ਨੇ ਇਸ ਸਮੱਸਿਆ ਸਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਮਿਲ ਕੇ ਇਕ ਮੰਗ ਪੱਤਰ ਸੌਂਪਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਭੂਮੀਗਤ ਰਸਤਿਆਂ ਵਿੱਚ ਬਰਸਾਤ ਦਾ ਪਾਣੀ ਜਮ੍ਹਾਂ ਹੋਣ ਕਰ ਕੇ ਕਈ ਵਾਰ ਹਾਦਸੇ ਹੁੰਦੇ ਹਨ। ਜੇ ਇਨ੍ਹਾਂ ਸਥਾਨਾਂ ਦਾ ਪੱਧਰ ਉਚਿਤ ਉਚਾਈ ’ਤੇ ਰਖਿਆ ਜਾਂਦਾ ਹੈ ਤਾਂ ਇਹ ਸਮੱਸਿਆ ਆਉਣੀ ਨਹੀਂ ਸੀ , ਅਜੇਹਾ ਕਿਉਂ ਨਹੀਂ ਕੀਤਾ ਗਿਆ। ਇਸ ਦੇ ਪਿਛੇ ਅਧਿਕਾਰੀਆਂ ਤੇ ਨਿਰਮਾਣ ਏਜੰਸੀ ਤੋਂ ਹੋਈ ਭੁੱਲ ਨੂੰ ਲੈ ਕੇ ਐਨ ਐਚ ਆਈ ਦੀ ਤਕਨੀਕੀ ਟੀਮ ਤੇ ਜਿਲਾ ਪੱਧਰ ਦੇ ਅਧਿਕਾਰੀਆਂ ਵਲੋਂ ਸਾਝੇਂ ਤੌਰ ਤੇ ਨਿਰੀਖਣ ਕਰਾਉਣਾ ਜਰੂਰੀ ਹੈ। ਇਸ ਲਈ ਇਸ ਸਮੱਸਿਆ ਨੂੰ ਧਿਆਨ ਹਿੱਤ ਰੱਖ ਕੇ ਇਸ ਦਾ ਹੱਲ ਕਰਨਾ ਜ਼ਰੂਰੀ ਹੈ। ਉਨ੍ਹਾਂ ਕੇਂਦਰੀ ਮੰਤਰੀ ਦੇ ਸਾਹਮਣੇ ਮਾਰਕੰਡਾ ਨਦੀ ਤੋਂ ਲੈ ਕੇ ਸਰਕਾਰੀ ਸੀਨੀਅਰ ਸੈਕੰਡਰੀ ਸ਼ਾਹਬਾਦ ਜੀਟੀ ਰੋਡ ਤੱਕ ਐਲੀਵੇਟਡ ਫਲਾਈ ਓਵਰ ਬਣਾਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਸ਼ਾਹਬਾਦ ਦਾ ਸਰਕਾਰੀ ਸਕੂਲ, ਹਾਕੀ ਸਟੇਡੀਅਮ, ਰੇਲਵੇ ਸਟੇਸ਼ਨ, ਬੱਸ ਸਟੈਂਡ , ਐੱਸਡੀਐਮ ਦਫ਼ਤਰ, ਤਹਿਸੀਲ ਦਫਤਰ, ਵਕੀਲ ਚੈਂਬਰ, ਬੀਡੀਪੀ ਓ ਦਫਤਰ, ਪੀਡਬਲਯੂਡੀ ਆਰਾਮ ਘਰ, ਜੀਟੀ ਰੋਡ ਦੇ ਸੱਜੇ ਪਾਸੇ ਹਨ। ਜਦਕਿ ਸ਼ਾਹਬਾਦ ਸ਼ਹਿਰ ਖਬੇ ਪਾਸੇ ਹੈ।
ਅਜਿਹੇ ਵਿੱਚ ਸ਼ਹਿਰ ਦੇ ਹਰ ਇਕ ਵਿਅਕਤੀ ਨੂੰ ਕਿਸੇ ਵੀ ਕੰਮ ਲਈ ਜੀਟੀ ਰੋਡ ਪਾਰ ਕਰ ਕੇ ਆਉਣਾ ਪੈਂਦਾ ਹੈ ਤੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਥੇ ਜਲਦ ਤੋਂ ਜਲਦ ਐਲੀਵੇਟਿਡ ਫਲਾਈ ਓਵਰ ਦਾ ਨਿਰਮਾਣ ਕਰਾਇਆ ਜਾਏ। ਕੇਂਦਰੀ ਸੜਕ ਮੰਤਰੀ ਨਿਤਨ ਗਡਕਰੀ ਨੇ ਇਸ ਮੰਗ ਤੇ ਅਧਿਕਾਰੀਆਂ ਨੂੰ ਬੁਲਾ ਕੇ ਤੁਰੰਤ ਇਸ ਪ੍ਰਪੋਜ਼ਲ ਨੂੰ ਤਿਆਰ ਕਰ ਕੇ ਤੇ ਮੌਕੇ ’ਤੇ ਜਾ ਕੇ ਨਿਰੀਖਣ ਕਰ ਜਲਦ ਰਿਪੋਰਟ ਦੇਣ ਲਈ ਕਿਹਾ ਹੈ।