ਹਾਕੀ ਖਿਡਾਰਨ ਨਵਨੀਤ ਕੌਰ ਤੋਂ ਸ਼ਾਹਬਾਦ ਵਾਸੀਆਂ ਨੂੰ ਕਾਫ਼ੀ ਉਮੀਦਾਂ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 27 ਸਤੰਬਰ
ਇੱਥੋਂ ਦੀ ਧੀ ਨਵਨੀਤ ਕੌਰ ਏਸ਼ੀਅਨ ਚੈਂਪੀਅਨਸ਼ਿਪ 2023 ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਹੈ। ਇੱਥੋਂ ਦੀਆਂ ਕਈ ਖਿਡਾਰਨਾਂ ਇਕ ਸਮੇਂ ਹੀ ਭਾਰਤੀ ਮਹਿਲਾ ਹਾਕੀ ਟੀਮ ਵਿਚ ਖੇਡਦੀਆਂ ਰਹੀਆਂ ਹਨ। ਏਸ਼ੀਅਨ ਚੈਂਪੀਅਨਸ਼ਿਪ 2023 ਲਈ ਨਵਨੀਤ ਕੌਰ ਦੀ ਹੀ ਇਸ ਜ਼ਿਲ੍ਹੇ ਵਿੱਚੋਂ ਚੋਣ ਹੋਈ ਹੈ। ਹਾਕੀ ਖਿਡਾਰੀ ਨਵਨੀਤ ਕੌਰ ਤੋਂ ਸ਼ਾਹਬਾਦ ਦੇ ਹਾਕੀ ਪ੍ਰੇਮੀਆਂ ਨੂੰ ਬਹੁਤ ਉਮੀਦਾਂ ਹਨ। ਉਸ ਨੇ ਸਾਲ 2020 ਵਿਚ ਟੋਕੀਓ ਓਲਿੰਪਕ, 2022 ਵਿਚ ਏਸ਼ੀਆ ਕੱਪ ਵਿਚ ਕਾਂਸੀ ਦਾ ਤਗ਼ਮਾ, 2022 ਵਿਚ ਹੀ ਕਾਮਨਵੈਲਥ ਗੇਮਜ਼ ਵਿਚ ਕਾਂਸੀ ਦਾ ਤਗ਼ਮਾ, 2022 ਵਿਚ ਸੀਨੀਅਰ ਵਰਲਡ ਕੱਪ, 2018 ਵਿਚ ਏਸ਼ੀਅਨ ਗੇਮਜ਼ ਵਿਚ ਚਾਂਦੀ ਮੈਡਲ, 2018 ਵਿਚ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ ਵਿੱਚ ਚਾਂਦੀ ਦਾ ਤਗ਼ਮਾ, 2018 ਵਿਚ ਸੀਨੀਅਰ ਵਰਲਡ ਕੱਪ ਅਤੇ ਕਾਮਨਵੈਲਥ ਗੇਮਜ਼, 2017 ਵਿਚ ਏਸ਼ੀਆ ਕੱਪ ਵਿਚ ਸੋਨ ਤਗ਼ਮ, 2013 ਵਿਚ ਜੂਨੀਅਰ ਵਰਲਡ ਕੱਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਖਿਡਾਰਨ ਨਵਨੀਤ ਕੌਰ ਦੇ ਪਿਤਾ ਬੂਟਾ ਸਿੰਘ ਨੇ ਕਿਹਾ ਹੈ ਕਿ ਚੀਨ ਵਿਚ ਚਲ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿਚ 8 ਅਕਤੂਬਰ ਤਕ ਮਹਿਲਾ ਹਾਕੀ ਮੈਚ ਖੇਡੇ ਜਾਣਗੇ। ਉਨ੍ਹਾਂ ਕਿਹਾ ਕਿ ਉਨਾਂ ਦੀ ਧੀ ਨਵਨੀਤ ਕੌਰ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿਚ ਹਾਕੀ ਕੋਚ ਦਰੋਣਾਚਾਰੀਆ ਐਵਾਰਡੀ ਬਲਦੇਵ ਸਿੰਘ ਦਾ ਅਹਿਮ ਯੋਗਦਾਨ ਰਿਹਾ ਹੈ।