ਫਿ਼ਲਮ ਇੰਡਸਟਰੀ ਵਿੱਚ ਸ਼ਾਹਰੁਖ ਖਾਨ ਵੀ ਬਾਹਰੋਂ ਆਇਆ ਸੀ: ਸ਼੍ਰੀਆ ਸਰਨ
ਮੁੰਬਈ: ਅਦਾਕਾਰਾ ਸ਼੍ਰੀਆ ਸਰਨ ਨੇ ਭਾਈ-ਭਤੀਜਾਵਾਦ ਦੇ ਵਿਸ਼ੇ ’ਤੇ ਆਪਣੀ ਰਾਏ ਦਿੰਦਿਆਂ ਬੌਲੀਵੁੱਡ ਸਟਾਰ ਸ਼ਾਹਰੁਖ ਖਾਨ ਬਾਰੇ ਗੱਲ ਕੀਤੀ ਹੈ। ਉਸ ਨੇ ਕਿਹਾ ਕਿ ਜਦੋਂ ਸ਼ਾਹਰੁੁਖ ਖਾਨ ਫ਼ਿਲਮ ਇੰਡਸਟਰੀ ਵਿੱਚ ਆਇਆ ਸੀ ਤਾਂ ਉਹ ਵੀ ਬਾਹਰੀ ਵਿਅਕਤੀ ਸੀ। ਅੰਦਰੋਂ ਅਤੇ ਬਾਹਰੋਂ ਵਿਸ਼ੇ ’ਤੇ ਬਹਿਸ ਕਰਦਿਆਂ ਉਸ ਨੇ ਕਿਹਾ ਕਿ ਹਰ ਕੋਈ ਇੱਕ ਸਮੇਂ ਬਾਹਰੋਂ ਹੀ ਆਇਆ ਸੀ। ਉਸ ਨੇ ਕਿਹਾ ਕਿ ਚੀਜ਼ਾਂ ਹੁਣ ਕਾਫ਼ੀ ਬਦਲ ਰਹੀਆਂ ਹਨ ਅਤੇ ਇਹ ਉਦੋਂ ਤੱਕ ਬਦਲਦੀਆਂ ਰਹਿਣਗੀਆਂ ਜਦੋਂ ਤੱਕ ਬਹਿਸ ਸਿਹਤਮੰਦ ਰਹੇਗੀ। ਉਸ ਨੇ ਕਿਹਾ ਕਿ ਹਾਲਾਂਕਿ, ਜੋ ਬਦਲਣ ਦੀ ਜ਼ਰੂਰਤ ਹੈ ਉਹ ਇਹ ਹੈ ਕਿ ਹਰ ਕਿਸੇ ਲਈ ਵੱਧ ਤੋਂ ਵੱੱਧ ਸਕਰੀਨ ਟੈਸਟ ਹੋਣੇ ਚਾਹੀਦੇ ਹਨ। ਹਰੇਕ ਪ੍ਰੋਡਕਸ਼ਨ ਵਿੱਚ ਸਕਰੀਨ ਟੈਸਟ ਦਾ ਇੱਕ ਸੌਖਾ ਅਤੇ ਸਰਲ ਤਰੀਕਾ ਹੋਵੇ ਤਾਂ ਜੋ ਸਾਰੇ ਵਿਅਕਤੀਆਂ ਲਈ ਕਈ ਦਰਵਾਜ਼ੇ ਖੁੱਲ੍ਹ ਸਕਣ। ਸ਼੍ਰੀਆ ਦੀ ਆਉਣ ਵਾਲੀ ਫ਼ਿਲਮ ‘ਸ਼ੋਅਟਾਈਮ’ ਹੈ। ਇਸ ਫ਼ਿਲਮ ਵਿੱਚ ਉਸ ਨਾਲ ਇਮਰਾਨ ਹਾਸ਼ਮੀ, ਮਹਿਮਾ ਮਕਵਾਨਾ ਦੇ ਨਾਲ ਮੌਨੀ ਰਾਏ, ਰਾਜੀਵ ਖੰਡੇਲਵਾਲ, ਵਿਸ਼ਾਲ ਵਸ਼ਿਸ਼ਟ, ਨੀਰਜ ਮਾਧਵ, ਵਿਜੈ ਰਾਜ਼ ਅਤੇ ਨਸੀਰੂਦੀਨ ਸ਼ਾਹ ਵੀ ਹਨ। ਫ਼ਿਲਮ ‘ਸ਼ੋਅਟਾਈਮ’ ਡਿਜ਼ਨੀ ਹੌਟਸਟਾਰ ’ਤੇ 8 ਮਾਰਚ ਨੂੰ ਰਿਲੀਜ਼ ਹੋਵੇਗੀ। -ਆਈਏਐੱਨਐੱਸ