For the best experience, open
https://m.punjabitribuneonline.com
on your mobile browser.
Advertisement

ਫ਼ਿਕਰਾਂ ਦੇ ਸਾਏ

08:47 AM Nov 10, 2024 IST
ਫ਼ਿਕਰਾਂ ਦੇ ਸਾਏ
Advertisement

ਕੇਵਲ ਸਿੰਘ ਰੱਤੜਾ

Advertisement

ਕੁਦਰਤ ਘੜਦੀ ਪਰਬਤ, ਦਰਿਆ, ਪੌਣਾਂ ਅਤੇ ਮੈਦਾਨਾਂ ਨੂੰ
ਬੰਦੇ ਆਪ ਮਿਜ਼ਾਈਲਾਂ ਘੜੀਆਂ, ਮਾਰਨ ਲਈ ਇਨਸਾਨਾਂ ਨੂੰ।

Advertisement

ਮੈਂ ਨਿਰਵੈਰ ਜਦੋਂ ਦਾ ਹੋਇਆ, ਬੇਫ਼ਿਕਰੀ ਜਹੀ ਵਧ ਗਈ ਏ,
ਬਦਲ ਨਜ਼ਰੀਆ, ਲੱਗਦੈ ਠੱਲ੍ਹ ਵੀ ਪਾ ਲਾਂਗੇ ਤੂਫ਼ਾਨਾਂ ਨੂੰ।

ਤੀਜੀ ਜੰਗ ਦਾ ਕਿਆਸ ਕਰਾਂ ਤਾਂ ਕੰਬ ਜਾਂਦੀ ਹੈ ਰੂਹ ਮੇਰੀ,
ਦੋ ਸਾਨ੍ਹਾਂ ਦੇ ਭੇੜ ਨੇ, ਮਿੱਟੀ ਕਰਤਾ ਸੀ ਅਫ਼ਗ਼ਾਨਾਂ ਨੂੰ।

ਵਿੱਚ ਕਰੋੜਾਂ ਬੰਦੇ ਰਾਤੀਂ ਭੁੱਖੇ ਢਿੱਡੀਂ ਸੌਂ ਜਾਂਦੇ ਜਦ,
ਬੰਬਾਂ ਦੇ ਸਿਰ ਧੌਂਸ ਦਿਖਾਉਣੀ, ਲਾਹਨਤ ਝੂਠੀਆਂ ਸ਼ਾਨਾਂ ਨੂੰ।

ਮੁਫ਼ਤ ਦੀ ਬਿਜਲੀ ,ਅੰਨ, ਦਾਲ ਨਾਲ ਕਰਜ਼ਾਈ ਸਰਕਾਰਾਂ ਨੇ,
ਅਣਖਾਂ ਛੱਡ ਭਿਖਾਰੀ ਲੋਕੀਂ ਝਾਕਣ ਕੀ ਗਿਰੇਬਾਨਾਂ ਨੂੰ।

ਕਈ ਬੇਦੋਸ਼ੇ ਸਾਲਾਂ ਬੱਧੀ, ਜੇਲ੍ਹਾਂ ਵਿੱਚ ਡੱਕੇ ਰਹਿੰਦੇ ਨੇ
ਬਾਇੱਜ਼ਤ ਜਦ ਬਰੀ ਹੋ ਜਾਂਦੇ, ਕੌਣ ਭਰੂ ਨੁਕਸਾਨਾਂ ਨੂੰ।

ਕਿਹੜੇ ਭੇਤ ਦਫ਼ਤਰੀ ਹੁੰਦੇ, ਜੀਹਦੀ ਕਸਮ ਮੰਤਰੀ ਖਾਂਦੇ
ਹੋਵੇ ਬਿਆਨ ਹਲਫ਼ੀਆ ਜਾਂ ਫਿਰ ਤਾਲਾ ਲੱਗੇ ਜ਼ੁਬਾਨਾਂ ਨੂੰ।

ਸੱਚ ਬੋਲਿਉ ਅੱਧਾ, ਆਖਣ ਡਰਦੇ, ਲੇਖਕ ਨਿੰਦਿਆ ਤੋਂ
ਹਉਮੈਂ ਲੱਭਦੀ ਭੀੜ, ਤੁਰੇ ਜਦ ਅਰਥੀ ਵੱਲ ਸ਼ਮਸ਼ਾਨਾਂ ਨੂੰ।

ਕੁਝ ਫ਼ਿਕਰਾਂ ਦੇ ਸਾਏ, ‘ਰੱਤੜਾ’ ਸੰਗੀ ਰੱਖੀਂ ਉਮਰਾਂ ਲਈ
ਜਿੱਥੋਂ ਸੁਣੇ ਆਵਾਜ਼ ਹੱਕ ਦੀ, ਸਿਜਦਾ ਉਨ੍ਹਾਂ ਸਥਾਨਾਂ ਨੂੰ।
ਸੰਪਰਕ: 82838-30599

ਦਿਲ ਦਰਵਾਜ਼ੇ

ਮਨਜੀਤ ਸਿੰਘ ਬੱਧਣ

ਰੁੱਸ ਕੇ ਪਰ੍ਹਾਂ ਹੋ ਬੈਠੇ ਨੂੰ ਮੁੜ ਬੁਲਾਵਣ ਲਈ,
ਸੁਫ਼ਨੇ ਜੋ ਟੁੱਟ ਗਏ ਨੇ ਮੁੜ ਸਜਾਵਣ ਲਈ,
ਮੁੜ ਇਕੱਠਿਆਂ ਮੁੜ-ਮੁੜ ਮੁਸਕਾਵਣ ਲਈ,
ਦਿਲ ਦੇ ਦਰ-ਦਰਵਾਜ਼ੇ ਖੋਲ੍ਹੇ ਹੋਏ ਨੇ।

ਖਿਜ਼ਾਵਾਂ ਵਿੱਚ ਸਾਵਣ ਮੁੜ ਖਿੜਾਵਣ ਲਈ,
ਚੁੱਪ-ਚੁੱਪ ਹੋਏ ਸਾਜ਼ ਮੁੜ ਟੁਣਕਾਵਣ ਲਈ,
ਛੁੱਟ ਗਿਆ ਗੀਤ ਮੁੜ ਗੁਣਗੁਣਾਵਣ ਲਈ,
ਦਿਲ ਦੇ ਦਰ-ਦਰਵਾਜ਼ੇ ਖੋਲ੍ਹੇ ਹੋਏ ਨੇ।

ਦੋਸ਼ੀ ਮੈਂ ਹੀ ਨਹੀਂ ਸੀ ਤੈਨੂੰ ਸਮਝਾਵਣ ਲਈ,
ਮਨ ਤੇਰੇ ਦੇ ਕਈ ਸੰਸੇ-ਸ਼ੰਕੇ ਮਿਟਾਵਣ ਲਈ,
ਖ਼ੁਸ਼ਕ ਅੱਖਾਂ ਤੇਰੀਆਂ ਵੀ ਛਲਕਾਵਣ ਲਈ,
ਦਿਲ ਦੇ ਦਰ-ਦਰਵਾਜ਼ੇ ਖੋਲ੍ਹੇ ਹੋਏ ਨੇ।

ਦਰਦ ਕੀ ਹੁੰਦਾ ਤੈਨੂੰ ਵੀ ਦਰਸਾਵਣ ਲਈ,
ਤੇਰੇ ਮੇਰੇ ਇਹ ਦਰਦ ਫੇਰ ਮਿਟਾਵਣ ਲਈ,
ਇੱਕ ਦੂਸਰੇ ਤੋਂ ਆਪਾਂ ਨੂੰ ਬਖ਼ਸ਼ਾਵਣ ਲਈ,
ਦਿਲ ਦੇ ਦਰ-ਦਰਵਾਜ਼ੇ ਖੋਲ੍ਹੇ ਹੋਏ ਨੇ।
* * *

ਬਾਬਾ ਨਾਨਕ ਦੇ ਨਾਂ

ਪ੍ਰਸ਼ੋਤਮ ਪੱਤੋ

ਉੱਠ ਭਾਈ ਮਰਦਾਨਿਆ,
ਨਾਨਕ ਨੂੰ ਲੱਭ ਕੇ ਲਿਆ।
ਅੱਜ ਫੇਰ ਹੜ੍ਹ ਆਇਆ
ਵੇ ਕੌਡੇ ਰਾਖ਼ਸ਼ਾਂ ਦਾ
ਰਹੇ ਕੱਚੇ ਆਦਮ ਨੂੰ ਖਾ।
ਭਾਗੋ ਘਰ ਭਰੇ
ਖੀਰ ਪੂੜੇ,
ਲਾਲੋ ਰੋਟੀ ਵੱਲੋਂ ਵੀ ਗਿਆ।
ਲਾਲੋ ਦੇ ਹਾਣੀਆਂ ਦਾ
ਖ਼ੂਨ ਚੂਸ-ਚੂਸ ਅੱਜ
ਭਾਗੋ ਰਿਹਾ ਲੰਗਰ ਲਗਾ।
ਸਿਖਰ ਦੁਪਹਿਰੇ ਡਾਕੇ
ਪੈਣ ਜਿੱਥੇ ਇੱਜ਼ਤਾਂ ਤੇ
ਧੀਆਂ ਦੇਣ ਕੁੱਖ ’ਚ ਮਰਵਾ।
ਦੇਸ਼ ਨੂੰ ਰਜਾਉਣ ਵਾਲਾ
ਕਾਮਾ ਭੁੱਖਾ ਮਰੇ ਇੱਥੇ,
ਪੈ ਗਿਆ ਖ਼ੁਦਕੁਸ਼ੀਆਂ ਦੇ ਰਾਹ।
ਚਿੱਟੇ ਨੇ ਖਾ ਲਏ
ਵਿਹਲੇ ਪੁੱਤ ਮਾਪਿਆਂ ਦੇ,
ਬਾਕੀ ਰਹੇ ਵਿਦੇਸ਼ਾਂ ਨੂੰ ਜਾ।
ਤੇਰਾ ਨਾਮ ਵਰਤ ਕੇ
ਨਾਵਾਂ ’ਕੱਠਾ ਕਰੀ ਜਾਂਦੇ,
ਿਜੱਥੇ ਚਾਹੇ ਨਾਮ ਲਿਖਾ।
ਕਿਰਤ ਕਰੋ, ਨਾਮ ਜਪੋ,
ਵੰਡ ਛਕੋ ਉਪਦੇਸ਼ਾਂ ਨੂੰ
ਤੇਰਿਆਂ ਹੀ ਦਿੱਤਾ ਹੈ ਭੁਲਾ।
ਸੰਪਰਕ: 98550-38775

Advertisement
Author Image

joginder kumar

View all posts

Advertisement