ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅੱਜ ਹੋਣ ਵਾਲੀ ਮੀਟਿੰਗ ਰੱਦ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਦਸੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 23 ਦਸੰਬਰ ਨੂੰ ਸੱਦੀ ਗਈ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ ਅੱਜ ਅਚਨਚੇਤੀ ਰੱਦ ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਰੂਰੀ ਮਾਮਲੇ ’ਤੇ ਵਿਚਾਰ ਕਰਨ ਲਈ ਇਹ ਹੰਗਾਮੀ ਇਕੱਤਰਤਾ ਬੁਲਾਈ ਗਈ ਸੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਰੁਝੇਵਿਆਂ ਕਾਰਨ ਹੁਣ ਇਹ ਇਕੱਤਰਤਾ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੂਚਨਾ ਅੰਤ੍ਰਿੰਗ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਭੇਜੀ ਜਾ ਰਹੀ ਹੈ। ਇਹ ਹੰਗਾਮੀ ਮੀਟਿੰਗ 72 ਘੰਟੇ ਦੇ ਨੋਟਿਸ ’ਤੇ ਸੱਦੀ ਗਈ ਸੀ ਅਤੇ ਹੁਣ ਇਸ ਨੂੰ ਅਚਨਚੇਤੀ ਰੱਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਇੱਕ ਹੰਗਾਮੀ ਮੀਟਿੰਗ 19 ਦਸੰਬਰ ਨੂੰ ਕੀਤੀ ਗਈ ਸੀ। ਸਿਰਫ ਕੁਝ ਦਿਨਾਂ ਬਾਅਦ ਹੀ ਮੁੜ ਅੰਤ੍ਰਿੰਗ ਕਮੇਟੀ ਦੀ 72 ਘੰਟੇ ਦੇ ਨੋਟਿਸ ’ਤੇ ਹੰਗਾਮੀ ਮੀਟਿੰਗ ਸੱਦੇ ਜਾਣ ਕਾਰਨ ਇਹ ਮੀਟਿੰਗ ਪਹਿਲਾਂ ਹੀ ਚਰਚਾ ਵਿੱਚ ਸੀ ਅਤੇ ਹੁਣ ਇਸ ਨੂੰ ਅਚਨਚੇਤੀ ਰੱਦ ਕੀਤੇ ਜਾਣ ਮਗਰੋਂ ਵੀ ਇਹ ਚਰਚਾ ਵਿੱਚ ਹੈ। ਜ਼ਿਕਰਯੋਗ ਹੈ ਕਿ 19 ਦਸੰਬਰ ਨੂੰ ਸੱਦੀ ਗਈ ਹੰਗਾਮੀ ਮੀਟਿੰਗ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਸਬੰਧਤ ਇੱਕ ਮਾਮਲੇ ਵਿੱਚ ਜਾਂਚ ਦੇ ਆਦੇਸ਼ ਦਿੱਤੇ ਗਏ ਸਨ ਅਤੇ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਗਈ ਸੀ। ਅੰਤ੍ਰਿੰਗ ਕਮੇਟੀ ਵੱਲੋਂ ਮਾਮਲੇ ਦੀ ਜਾਂਚ ਮੁਕੰਮਲ ਹੋਣ ਤੱਕ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ’ਤੇ ਰੋਕ ਲਾ ਦਿੱਤੀ ਗਈ ਸੀ ਅਤੇ ਉਨ੍ਹਾਂ ਦੀਆਂ ਸੇਵਾਵਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਸੌਂਪ ਦਿੱਤੀਆਂ ਸਨ। ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਵਿੱਚ ਇਸ ਫੈਸਲੇ ’ਤੇ ਮੁੜ ਵਿਚਾਰ ਹੋਣ ਦੀਆਂ ਕਿਆਸਰਾਈਆਂ ਸਨ।