ਐੱਸਜੀਪੀਸੀ ਅਤੇ ਦੁਕਾਨਦਾਰਾਂ ਦਾ ਰੇੜਕਾ ਮੁੱਕਿਆ
ਰਵਿੰਦਰ ਰਵੀ
ਬਰਨਾਲਾ, 14 ਸਤੰਬਰ
ਪੁਲੀਸ ਵੱਲੋਂ ਦੇਰ ਰਾਤ ਬੱਸ ਸਟੈਂਡ ਦੇ ਦੁਕਾਨਦਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਰਨਾਲਾ ਦੇ ਮੈਨੇਜਰ ਸਮੇਤ ਦੋਵੇਂ ਧਿਰਾਂ ’ਤੇ ਕੇਸ ਦਰਜ ਹੋਣ ’ਤੇ ਦੋਵੇਂ ਧਿਰਾਂ ਨੇ ਆਪਸੀ ਸਹਿਮਤੀ ਨਾਲ ਸਮਝੌਤਾ ਕਰ ਲਿਆ। ਸਮਝੌਤੇ ਅਨੁਸਾਰ ਦੁਕਾਨਾਂ ਦੇ ਕਿਰਾਏਦਾਰ ਦੁਕਾਨਦਾਰ ਦੁਕਾਨਾਂ ਦਾ ਕਿਰਾਇਆ ਐੱਸਜੀਪੀਸੀ ਕੋਲ ਪਹਿਲਾਂ ਵਾਂਗ ਹੀ ਜਮ੍ਹਾਂ ਕਰਵਾਉਣਗੇ ਜਦਕਿ ਪਿਛਲੇ ਕੁੱਝ ਮਹੀਨੇ ਤੋਂ ਕੁੱਝ ਦੁਕਾਨਦਾਰਾਂ ਤੋਂ ਬਾਬਾ ਗਾਂਧਾ ਸਿੰਘ ਡੇਰੇ ਦੇ ਪ੍ਰਬੰਧਕ ਮਹੰਤ ਪਿਆਰਾ ਸਿੰਘ ਵੱਲੋਂ ਆਪਣੀ ਮਾਲਕੀ ਦਾ ਦਾਅਵਾ ਕਰ ਕੇ ਇਕਰਾਰਨਾਮਾ ਕਰ ਕੇ ਕਿਰਾਇਆ ਵਸੂਲ ਕੀਤਾ ਜਾ ਰਿਹਾ ਸੀ। ਬੀਤੇ ਦਿਨੀਂ ਐੱਸਜੀਪੀਸੀ ਦੀ ਟਾਸਕ ਫੋਰਸ ਨੇ ਦਿਨ ਚੜ੍ਹਦੇ ਹੀ ਮੈਨੇਜਰ ਸੁਰਜੀਤ ਸਿੰਘ ਦੀ ਅਗਵਾਈ ’ਚ ਕਿਰਾਇਆ ਨਾ ਦੇਣ ਵਾਲੇ ਦੁਕਾਨਦਾਰਾਂ ਦੀਆਂ 11 ਦੁਕਾਨਾਂ ਨੂੰ ਤਾਲੇ ਲਾ ਦਿੱਤੇ ਸਨ ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਸੀ। ਥਾਣਾ ਸਿਟੀ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਦੇ ਵਾਰ-ਵਾਰ ਸਮਝਾਉਣ ਦੇ ਬਾਵਜੂਦ ਦੇਰ ਰਾਤ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਐੱਸਜੀਪੀਸੀ ਬਰਨਾਲਾ ਦੇ ਮੈਨੇਜਰ ਸੁਰੀਤ ਸਿੰਘ, ਸਰਬਜੀਤ ਸਿੰਘ, ਨਿਰਮਲ ਸਿੰਘ, ਅਕਾਸ਼ਦੀਪ ਸਿੰਘ,ਨਿਰਭੈ ਸਿੰਘ, ਸੁਖਵਿੰਦਰ ਸਿੰਘ ਅਤੇ ਅਣਪਛਾਤੇ ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਸੀ। ਇੰਸਪੈਕਟਰ ਨੇ ਦੱਸਿਆ ਕਿ ਦੁਕਾਨਦਾਰਾਂ ਖ਼ਿਲਾਫ਼ ਰਸਤਾ ਰੋਕਣ ਅਤੇ ਆਵਾਜਾਈ ’ਚ ਵਿਘਨ ਪਾਉਣ ਦੇ ਦੋਸ਼ ’ਚ ਡੇਰੇ ਦੇ ਮਹੰਤ ਪਿਆਰਾ ਸਿੰਘ, ਸੁਰਿੰਦਰ ਸਿੰਘ, ਹਿਤੈਸ਼ ਗੋਇਲ, ਜੀਤ ਸਿੰਘ, ਰਵਿੰਦਰ ਸਿੰਘ, ਗੁਰਮੇਲ ਸਿੰਘ ਤੇ ਮਹੇਸ਼ ਕੁਮਾਰ ਤੋਂ ਇਲਾਵਾ ਕਈ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਐੱਸਜੀਪੀਸੀ ਬਰਨਾਲਾ ਦੇ ਮੈਨੇਜਰ ਸੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਆਪਸੀ ਸਹਿਮਤੀ ਨਾਲ 11 ਦੁਕਾਨਾਂ ਦੇ ਤਾਲੇ ਖੋਲ੍ਹ ਦਿੱਤੇ ਗਏ ਹਨ ਅਤੇ ਦੁਕਾਨਦਾਰਾਂ ਨੇ ਪਿਛਲਾ ਕਿਰਾਇਆ ਵੀ ਜਮ੍ਹਾਂ ਵੀ ਕਰਵਾ ਦਿੱਤਾ ਹੈ।