2 ਵਿਦਿਆਰਥੀਆਂ ਦਾ ਜਿਨਸੀ ਸ਼ੋਸ਼ਣ: ਕੇਜਰੀਵਾਲ ਨੇ ਸਕੂਲ ਅਧਿਆਪਕਾਂ ਤੇ ਵਾਈਸ ਪ੍ਰਿੰਸੀਪਲ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ
ਨਵੀਂ ਦਿੱਲੀ, 29 ਅਗਸਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋ ਲੜਕਿਆਂ ਵੱਲੋਂ ਆਪਣੇ ਸਹਿਪਾਠੀਆਂ ’ਤੇ ਜਿਨਸੀ ਸ਼ੋਸ਼ਣ ਕਰਨ ਦੀ ਘਟਨਾ ਦੀ ਪੁਲੀਸ ਨੂੰ ਕਥਿਤ ਤੌਰ 'ਤੇ ਸੂਚਨਾ ਨਾ ਦੇਣ ਕਾਰਨ ਉੱਤਰ ਪੱਛਮੀ ਦਿੱਲੀ ਦੇ ਸਰਕਾਰੀ ਸਕੂਲ ਦੇ ਅਧਿਆਪਕਾਂ ਅਤੇ ਵਾਈਸ-ਪ੍ਰਿੰਸੀਪਲ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਸਿੱਖਿਆ ਡਾਇਰੈਕਟੋਰੇਟ ਨੂੰ ਇਹ ਯਕੀਨੀ ਬਣਾਉਣ ਲਈ ਲਿਖਿਆ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਸਾਰੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਬਾਰੇ ਸਿਖਲਾਈ ਦਿੱਤੀ ਜਾਵੇ। 12 ਅਤੇ 13 ਸਾਲ ਦੀ ਉਮਰ ਦੇ ਦੋ ਵਿਦਿਆਰਥੀਆਂ ਨੇ ਪੁਲੀਸ ਕੋਲ ਵੱਖਰੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਕਿ ਉਨ੍ਹਾਂ ਦੇ ਪੰਜ ਤੋਂ ਛੇ ਸਹਿਪਾਠੀਆਂ ਵੱਲੋਂ ਜਿਨਸੀ ਸ਼ੋਸ਼ਣ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਕਥਿਤ ਘਟਨਾ ਅਪਰੈਲ 'ਚ ਸਕੂਲ ਦੇ 'ਸਮਰ ਕੈਂਪ' ਦੌਰਾਨ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ 13 ਸਾਲਾ ਅੱਠਵੀਂ ਜਮਾਤ ਦੇ ਵਿਦਿਆਰਥੀ ਨੇ ਦੋਸ਼ ਲਾਇਆ ਕਿ ਉਸ ਦੇ ਸਹਿਪਾਠੀ ਉਸ ਨੂੰ ਜ਼ਬਰਦਸਤੀ ਪਾਰਕ ਵਿੱਚ ਲੈ ਗਏ ਅਤੇ ਅਪਰੈਲ ਵਿੱਚ ਗਰਮੀਆਂ ਦੇ ਕੈਂਪ ਦੌਰਾਨ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਉਨ੍ਹਾਂ ਨੇ ਉਸ ਨੂੰ ਇਹ ਗੱਲ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ। ਅਧਿਕਾਰੀਆਂ ਮੁਤਾਬਕ ਕੁਝ ਦਿਨ ਪਹਿਲਾਂ ਲੜਕਿਆਂ ਨੇ ਵਿਦਿਆਰਥੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੇ ਆਪਣੇ ਅਧਿਆਪਕਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਇਸ 'ਤੇ ਅਧਿਆਪਕਾਂ ਨੇ ਉਸ ਨੂੰ ਇਹ ਗੱਲ ਕਿਸੇ ਨੂੰ ਨਾ ਦੱਸਣ ਲਈ ਕਿਹਾ। ਇਸ ਤੋਂ ਬਾਅਦ ਵਿਦਿਆਰਥੀ ਨੇ ਆਪਣੇ ਮਾਪਿਆਂ ਨੂੰ ਘਟਨਾ ਦੀ ਸੂਚਨਾ ਦਿੱਤੀ ਤਾਂ ਮਾਪਿਆਂ ਨੇ ਪੁਲੀਸ ਕੰਟਰੋਲ ਰੂਮ ’ਤੇ ਫੋਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਐਤਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ।