ਸੀਵਰਮੈਨ ਦੀ ਮੌਤ: ਜਮਹੂਰੀ ਅਧਿਕਾਰ ਸਭਾ ਨੇ ਅਧਿਕਾਰੀਆਂ ’ਤੇ ਉਂਗਲ ਚੁੱਕੀ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 3 ਜੂਨ
ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਦੀ ਪੜਤਾਲੀਆ ਟੀਮ ਨੇ 25 ਅਪਰੈਲ ਨੂੰ ਸ਼ਹਿਰ ’ਚ ਸੀਵਰੇਜ ਦੀ ਸਫ਼ਾਈ ਦੌਰਾਨ ਮਾਰੇ ਗਏ ਇੱਕ ਨੌਜਵਾਨ ਸਬੰਧੀ ਆਪਣੀ ਰਿਪੋਰਟ ਨਸ਼ਰ ਕੀਤੀ ਹੈ। ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰ. ਬੱਗਾ ਸਿੰਘ, ਸਕੱਤਰ ਸਦੀਪ ਸਿੰਘ ਅਤੇ ਪ੍ਰੈਸ ਸਕੱਤਰ ਡਾ. ਅਜੀਤਪਾਲ ਸਿੰਘ ਵੱਲੋਂ ਜਾਰੀ ਰਿਪੋਰਟ ’ਚ 36 ਸਾਲਾ ਸੂਰਜ ਕੁਮਾਰ ਦੀ ਮੌਤ ਲਈ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਉਂਗਲ ਧਰੀ ਗਈ ਹੈ। ਰਿਪੋਰਟ ਮੁਤਾਬਕ ਸੂਰਜ ਕੁਮਾਰ ਨੂੰ ਸ਼ਹਿਰ ਦੀ ਸਿਵੀਆਂ ਰੋਡ ’ਤੇ ਖੇਤਾ ਬਸਤੀ ਨੇੜੇ ਸੀਵਰੇਜ ਦੀ ਸਫ਼ਾਈ ਕਰਨ ਲਈ ਮੈਨ ਹੋਲ ਵਿੱਚ ਉਤਾਰਿਆ ਗਿਆ ਸੀ ਜਦਕਿ ਐਕਟ 2013 ਅਧੀਨ ਕਿਸੇ ਵੀ ਵਿਅਕਤੀ ਨੂੰ ਸੀਵਰੇਜ ਅੰਦਰ ਭੇਜਣ ਦੀ ਮੁਕੰਮਲ ਮਨਾਹੀ ਹੈ।
ਰਿਪੋਰਟ ਮੁਤਾਬਿਕ ਸੂਰਜ ਕੁਮਾਰ ਸੀਵਰੇਜ ਨਾਲ ਸਬੰਧਤ ਨਿੱਜੀ ਕੰਪਨੀ ਲਈ ਕੰਮ ਕਰਦਾ ਸੀ ਅਤੇ ਉਹ ਆਪਣੀ ਮਰਜ਼ੀ ਨਾਲ ਨਹੀਂ ਬਲਕਿ ਕੰਪਨੀ ਅਧਿਕਾਰੀ ਦੇ ਕਹਿਣ ’ਤੇ ਹੀ ਹਾਦਸੇ ਵਾਲੀ ਜਗ੍ਹਾ ’ਤੇ ਕੰਮ ਕਰਨ ਗਿਆ ਸੀ। ਆਗੂਆਂ ਨੇ ਕਿਹਾ ਕਿ ਇਸ ਮੌਤ ਲਈ ਅਧਿਕਾਰੀਆਂ ਨੂੰ ਨਿਯਮਾਂ ਦੀ ਪਾਬੰਦੀ ਤੋਂ ਦਿੱਤੀ ਢਿੱਲ ਜ਼ਿੰਮੇਵਾਰ ਹੈ। ਉਨ੍ਹਾਂ ਮੁਲਜ਼ਮ ਅਧਿਕਾਰੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੇ ਜਾਣ ਦੀ ਵਕਾਲਤ ਕਰਦਿਆਂ ਮ੍ਰਿਤਕ ਦੇ ਪਰਿਵਾਰ ਨੂੰ 30 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।