ਡਿਪਟੀ ਕਮਿਸ਼ਨਰ ਦੀ ਸਖ਼ਤੀ ਮਗਰੋਂ ਬੰਦ ਹੋਈ ਸੀਵਰੇਜ ਦੀ ਲੀਕੇਜ
ਸ਼ਗਨ ਕਟਾਰੀਆ
ਜੈਤੋ, 12 ਦਸੰਬਰ
ਇੱਥੇ ਸਰਸਵਤੀ ਜੀਨੀਅਸ ਸਕੂਲ ਨੇੜਲੇ ‘ਆਮ ਆਦਮੀ ਕਲੀਨਿਕ’ ਅੱਗੇ ਭਰੇ ਸੀਵਰੇਜ ਦੇ ਪਾਣੀ ਦੀ ਚਰਚਾ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨਾਂ ਤੱਕ ਅੱਪੜ ਗਈ ਹੈ। ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਨੀਤ ਕੁਮਾਰ ਨੇ ਮਰੀਜ਼ਾਂ ਅਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਦੀ ਇਸ ਔਖਿਆਈ ਦਾ ਨੋਟਿਸ ਲੈਂਦਿਆਂ ਮੁਕਾਮੀ ਪ੍ਰਸ਼ਾਸਕਾਂ ਦੀ ਚੂੜੀ ਕੱਸੀ, ਤਾਂ ਰਾਤੋ-ਰਾਤ ਪਾਣੀ ਗਾਇਬ ਹੋ ਗਿਆ।
ਗੌਰਤਲਬ ਹੈ ਕਿ ਸ਼ਹਿਰ ਦੀ ਨਾਕਸ ਸੀਵਰੇਜ ਨਿਕਾਸੀ ਕਾਰਨ ਕਲੀਨਿਕ ਸਾਹਮਣੇ ਬਣੇ ਮੈਨਹੋਲ ਵਿੱਚੋਂ ਪਾਣੀ ਫ਼ੁਆਰੇ ਛੱਡਦਾ ਹੋਇਆ ਦੂਰ-ਦੂਰ ਤੱਕ ਗਲੀ ਵਿੱਚ ਭਰਿਆ ਹੋਇਆ ਸੀ। ਇਹ ਸਮੱਸਿਆ ਮੀਂਹ ਤੋਂ ਬਗ਼ੈਰ ਆਮ ਦਿਨਾਂ ਵਿੱਚ ਵੀ ਅਕਸਰ ਰਹਿੰਦੀ ਸੀ। ਅਜਿਹਾ ਹੀ ਹਾਲ ਬਾਜਾ ਚੌਕ ਤੋਂ ਚੌਕ ਨੰਬਰ ਦੋ ਤਰਫ਼ ਮੁੱਖ ਬਾਜ਼ਾਰ ਵਾਲੀ ਸੜਕ ਦਾ ਬਣਿਆ ਰਹਿੰਦਾ ਹੈ। ਲੋਕਾਂ ਵੱਲੋਂ ਇਸ ਸਮੱਸਿਆ ਨੂੰ ਸ਼ਿੱਦਤ ਨਾਲ ਉਠਾਏ ਜਾਣ ਮਗਰੋਂ ਪ੍ਰਸ਼ਾਸਨ ਦੇ ਦਰਬਾਰ ਵਿੱਚ ਫ਼ਰਿਆਦ ਦੀ ਸੁਣਵਾਈ ਹੋਈ ਹੈ। ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੇ ‘ਉੱਪਰਲੇ’ ਹੁਕਮਾਂ ’ਤੇ ਹਰਕਤ ਵਿੱਚ ਆਉਂਦਿਆਂ, ਲੋਕਾਂ ਨੂੰ ਸਮੱਸਿਆ ਤੋਂ ਨਿਜਾਤ ਦੁਆ ਦਿੱਤੀ ਹੈ। ਸੂਤਰਾਂ ਮੁਤਾਬਕ ਭਾਵੇਂ ਅਸਥਾਈ ਹੱਲ ਨਾਲ ਇਹ ਸੰਭਵ ਹੋਇਆ ਹੈ ਅਤੇ ਆਗਾਮੀ ਦਿਨਾਂ ਵਿੱਚ ਕਿਸੇ ਵੀ ਵਕਤ ਇਹ ਮੁਸ਼ਕਲ ਸਿਰ ਚੁੱਕ ਸਕਦੀ ਹੈ। ਲੋਕਾਂ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਹੈ ਕਿ ਮਸਲੇ ਨੂੰ ਪੱਕੇ ਤੌਰ ’ਤੇ ਹੱਲ ਕਰਨ ਲਈ ਯੋਜਨਾਬੰਦੀ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਦੀ ਮਦਦ ਲਈ ਹਰ ਵੇਲੇ ਤਿਆਰ ਹੈ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇ ਉਨ੍ਹਾਂ ਕੋਲ ਜ਼ਿਲ੍ਹਾ ਵਾਸੀ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਆਉਂਦੇ ਹਨ, ਤਾਂ ਉਹ ਤੁਰੰਤ ਪ੍ਰਭਾਵ ਉਨ੍ਹਾਂ ਦੀਆਂ ਮੁਸ਼ਕਿਲਾਂ/ਸਮੱਸਿਆਵਾਂ ਨੂੰ ਹੱਲ ਕਰਨ।