ਪਿਹੋਵਾ ਵਿੱਚ ਸੀਵਰੇਜ ਦੀ ਸਫ਼ਾਈ ਸ਼ੁਰੂ
ਸੱਤਪਾਲ ਰਾਮਗੜ੍ਹੀਆ
ਪਿਹੋਵਾ, 25 ਜੁਲਾਈ
ਇੱਥੇ ਅੱਜ ਸੀਵਰੇਜ ਦੀ ਸਫ਼ਾਈ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਸੀ ਕਿ ਬਰਸਾਤ ਦੇ ਸਮੇਂ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਤੋਂ ਨਿਪਟਣ ਲਈ ਸਾਰੇ ਅਧਿਕਾਰੀ ਤੇਜ਼ੀ ਨਾਲ ਕੰਮ ਕਰਨ। ਸੀਵਰੇਜ ਜਾਮ ਅਤੇ ਨਾਲੇ ਬੰਦ ਹੋਣ ਕਾਰਨ ਜਲ ਨਿਕਾਸੀ ਵਿੱਚ ਵਿਘਨ ਨਹੀਂ ਪੈਣਾ ਚਾਹੀਦਾ। ਜੇ ਸਮੇਂ ’ਤੇ ਸਫ਼ਾਈ ਨਹੀਂ ਕੀਤੀ ਗਈ ਤਾਂ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਖੇਡ ਮੰਤਰੀ ਨੇ ਕਿਹਾ ਕਿ ਛੇਤੀ ਹੀ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਅਤੇ ਡ੍ਰੈਨੇਜ਼ ਸਿਸਟਮ ਨੂੰ ਲੈ ਕੇ ਪਲਾਨ ਤਿਆਰ ਕੀਤਾ ਜਾਵੇਗਾ। ਇਸ ਵਿੱਚ ਸ਼ਹਿਰ ਵਾਸੀਆਂ ਦੀ ਰਾਏ ਵੀ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਲੋਨੀਆਂ ਪੁਰਾਣੇ ਸਮੇਂ ਦੀਆਂ ਵਸੀ ਹੋਈਆਂ ਹਨ। ਜਨਿ੍ਹਾਂ ਵਿੱਚ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ। ਫੋਰ ਮਰਲਾ ਕਲੋਨੀ ਇਨ੍ਹਾਂ ਵਿੱਚੋਂ ਇੱਕ ਹੈ ਪਰ ਇਨ੍ਹਾਂ ਲਈ ਕੋਈ ਢੰਗ ਲੱਭਿਆ ਜਾ ਸਕਦਾ ਹੈ। ਇਸ ਮੌਕੇ ਨਗਰ ਪਾਲਿਕਾ ਸਕੱਤਰ ਅੰਕੁਸ਼ ਪਰਾਸ਼ਰ ਨੇ ਦੱਸਿਆ ਕਿ ਨਾਲਿਆਂ ਦੀ ਸਫ਼ਾਈ ਲਈ ਸਫ਼ਾਈ ਕਰਮਚਾਰੀਆਂ ਦੀ ਡਿਊਟੀ ਲਾਈ ਗਈ ਹੈ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।