ਸੀਵਰੇਜ ਕਾਮੇ ਸੰਘਰਸ਼ ਦੇ ਰੌਂਅ ’ਚ; 16 ਤੋਂ ਸੀਵਰੇਜ ਸਿਸਟਮ ਬੰਦ ਕਰਨ ਦਾ ਐਲਾਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਅਕਤੂਬਰ
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸੰਘਰਸ਼ ਕਮੇਟੀ ਨੇ 16 ਅਕਤੂਬਰ ਤੋਂ ਸੀਵਰੇਜ ਸਿਸਟਮ ਬੰਦ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਸੰਗਰੂਰ, ਲਹਿਰਾ, ਮੂਨਕ, ਖਨੌਰੀ ਅਤੇ ਪਾਤੜਾਂ ਦੇ ਡਿਸਪੋਜ਼ਲ ਵਰਕ ਅਤੇ ਟਰੀਟਮੈਂਟ ਪਲਾਂਟ ਬੰਦ ਕੀਤੇ ਜਾਣਗੇ ਅਤੇ ਸੀਵਰੇਜ ਕਾਮੇ ਹੜਤਾਲ ’ਤੇ ਬੈਠਣਗੇ। ਇਥੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸੰਘਰਸ਼ ਕਮੇਟੀ ਦੀ ਹੋਈ ਮੀਟਿੰਗ ਤੋਂ ਬਾਅਦ ਚਮਕੌਰ ਸਿੰਘ ਮਹਿਲਾਂ, ਮੇਲਾ ਸਿੰਘ ਪੁੰਨਾਵਾਲ ਅਤੇ ਸ਼ੇਰ ਸਿੰਘ ਖੰਨਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਮਹੀਨੇ 19 ਸਤੰਬਰ ਨੂੰ ਵਿਭਾਗ ਦੇ ਚੀਫ ਇੰਜਨੀਅਰ ਪਟਿਆਲਾ, ਨਿਗਰਾਨ ਇੰਜੀਨੀਅਰ ਪਟਿਆਲਾ, ਕਾਰਜਕਾਰੀ ਇੰਜੀਨੀਅਰ ਸੰਗਰੂਰ ਅਤੇ ਪਟਿਆਲਾ ਦੇ ਨਾਲ ਸੰਘਰਸ਼ ਕਮੇਟੀ ਦੀ ਸਹਿਮਤੀ ਨਾਲ ਚਲਦੀ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਪਰੰਤੂ ਲਿਖਤੀ ਮੰਗਾਂ ਮੰਨਣ ਦੇ ਬਾਵਜੂਦ ਕੋਈ ਵੀ ਮੰਗ ਦਾ ਨਿਪਟਾਰਾ ਨਹੀਂ ਕੀਤਾ ਗਿਆ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਕੰਪਨੀ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਗੰਢ ਧੁੱਪ ਪੂਰਨ ਰੂਪ ’ਚ ਉਭਰ ਕੇ ਸਾਹਮਣੇ ਆਈ ਹੈ ਜਿਸ ਕਾਰਨ ਸੀਵਰੇਜ ਬੋਰਡ ਦੇ ਕਰਮਚਾਰੀਆਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਹੈ। ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਹੈ ਕਿ 16 ਅਕਤੂਬਰ ਤੋਂ ਸੰਗਰੂਰ, ਲਹਿਰਾ, ਮੂਨਕ, ਖਨੌਰੀ ਅਤੇ ਪਾਤੜਾਂ ਖਨੌਰੀ ਦੇ ਡਿਸਪੋਜ਼ਲ ਵਰਕ ਅਤੇ ਟਰੀਟਮੈਂਟ ਪਲਾਂਟ ਬੰਦ ਕਰਕੇ ਕਰਮਚਾਰੀ ਹੜਤਾਲ ’ਤੇ ਬੈਠਣਗੇ। ਇਸ ਮੌਕੇ ਸੀਤਾ ਰਾਮ ਬਾਲਦ ਕਲਾ, ਸ੍ਰੀ ਨਿਵਾਸ ਸ਼ਰਮਾ, ਹਰਦੀਪ ਸ਼ਰਮਾ, ਗੁਰਜੰਟ ਸਿੰਘ, ਗੁਰਬਿੰਦਰ ਸਿੰਘ ਧਾਲੀਵਾਲ, ਜਗਸੀਰ ਸਿੰਘ, ਸੋਨੂੰ ਆਦਿ ਹਾਜ਼ਰ ਹਨ।