ਸੀਵਰੇਜ ਸਮੱਸਿਆ: ਵਫ਼ਦ ਵੱਲੋਂ ਰਵਜੋਤ ਸਿੰਘ ਨਾਲ ਮੁਲਾਕਾਤ
ਪੱਤਰ ਪ੍ਰੇਰਕ
ਮਾਨਸਾ, 6 ਨਵੰਬਰ
ਸ਼ਹਿਰ ’ਚ ਥਾਂ-ਥਾਂ ’ਤੇ ਫੈਲ ਰਹੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਸਬੰਧ ’ਚ ਸੰਸਥਾ ‘ਵੁਆਇਸ ਆਫ ਮਾਨਸਾ’ ਜਥੇਬੰਦੀ ਦਾ ਇੱਕ ਵਫ਼ਦ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੀ ਅਗਵਾਈ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੂੰ ਚੰਡੀਗੜ੍ਹ ਵਿੱਚ ਮਿਲਿਆ। ਵਫ਼ਦ ਮੈਂਬਰਾਂ ਨੇ ਮਾਨਸਾ ਦੀ ਮੌਜੂਦਾ ਸਥਿਤੀ ਅਤੇ ਸੀਵਰੇਜ ਦੀ ਸਮੱਸਿਆ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਐਲਾਨ ਵਾਲੇ ਵੀਡੀਓਜ਼ ਸ਼ੇਅਰ ਕੀਤੇ। ਉਨ੍ਹਾਂ ਦੱਸਿਆ ਕਿ ਮੰਤਰੀ ਵੱਲੋਂ ਮੌੜ ਵਾਂਗ ਮਾਨਸਾ ਲਈ ਵੀ ਸਪੈਸ਼ਲ ਪੈਕੇਜ ਵਜੋਂ ਜਾਰੀ ਕੀਤੇ ਜਾਣ ਵਾਲੀ 44 ਕਰੋੜ ਦੀ ਰਕਮ ਬਾਰੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਫੌਰਨ ਕਾਰਵਾਈ ਕਰ ਕੇ ਉਨ੍ਹਾਂ ਕੋਲ ਭੇਜਣ ਦੇ ਆਦੇਸ਼ ਮੌਕੇ ’ਤੇ ਹੀ ਜਾਰੀ ਕੀਤੇ। ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਮੁਰੰਮਤ ਲਈ ਵੀ ਫੰਡ ਜਾਰੀ ਕਰਨ ਲਈ ਕਿਹਾ ਗਿਆ। ਇਸ ਮੌਕੇ ਹਰਿੰਦਰ ਸਿੰਘ ਮਾਨਸ਼ਾਹੀਆ, ਡਾ. ਲਖਵਿੰਦਰ ਸਿੰਘ ਮੂਸਾ ਤੇ ਵਿਸ਼ਵਦੀਪ ਬਰਾੜ ਵੀ ਮੌਜੂਦ ਸਨ।