ਮੋਰਿੰਡਾ ਵਾਸੀਆਂ ਲਈ ਸੰਤਾਪ ਬਣਿਆ ਸੀਵਰੇਜ
ਪੱਤਰ ਪ੍ਰੇਰਕ
ਮੋਰਿੰਡਾ, 1 ਸਤੰਬਰ
ਸ਼ਹਿਰ ਵਿੱਚ ਸੀਵਰੇਜ ਪਾਉਣ ਉਪਰੰਤ ਸ਼ਹਿਰ ਵਾਸੀਆਂ ਨੂੰ ਸਹੂਲਤ ਤਾਂ ਕੀ ਮਿਲਣੀ ਸੀ ਉਲਟਾ ਦਿੱਕਤਾਂ ਖੜ੍ਹੀਆਂ ਹੋ ਗਈਆਂ ਹਨ। ਮੋਰਿੰਡਾ ਵਿੱਚ ਸੀਵਰੇਜ ਸਾਲ 1992 ਤੋਂ ਪੈਣਾ ਸ਼ੁਰੂ ਹੋਇਆ ਸੀ ਜੋ ਅੱਜ ਤਕ ਜਾਰੀ ਹੈ।
ਇਸ ਬਾਰੇ ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ, ਬਿੰਦਰ ਸਿੰਘ ਕੰਗ, ਪਵਨ ਕੁਮਾਰ, ਸੰਤੋਸ਼ ਕੁਮਾਰ, ਜੁਗਰਾਜ ਸਿੰਘ ਮਾਨਖੇੜੀ, ਭੁਪਿੰਦਰ ਸਿੰਘ, ਸਾਦਿਕ ਖਾਨ, ਜਗਪਾਲ ਸਿੰਘ ਕੰਗ ਆਦਿ ਨੇ ਦੱਸਿਆ ਕਿ ਸ਼ਹਿਰ ਵਿੱਚ ਸੀਵਰੇਜ ਦੇ ਪਾਣੀ ਕਾਰਨ ਲਗਪਗ 10 ਏਕੜ ਜ਼ਮੀਨ ਬੰਜਰ ਹੋ ਗਈ ਹੈ। ਸਰਕਾਰ ਵਲੋਂ ਸੀਵਰੇਜ ’ਤੇ ਕਰੋੜਾਂ ਰੁਪਏ ਖਰਚਣ ਉਪਰੰਤ ਸ਼ਹਿਰ ਵਿੱਚ ਇੰਟਰਲੌਕ ਟਾਈਲ ਦਾ ਕੰਮ ਕਰਵਾਇਆ ਗਿਆ ਸੀ ਜੋ ਸੀਵਰੇਜ ਦੇ ਪਾਣੀ ਕਾਰਨ ਖ਼ਰਾਬ ਹੋ ਗਿਆ ਹੈ। ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਸੀਵਰੇਜ ਦੇ ਮੈਨਹੋਲ ਓਵਰਫਲੋਅ ਹੋ ਰਹੇ ਹਨ। ਗੰਦਾ ਪਾਣੀ ਲਗਾਤਾਰ ਲੋਕਾਂ ਦੇ ਘਰਾਂ, ਗਲੀਆਂ ਤੇ ਖੇਤਾਂ ਵਿੱਚ ਦਾਖ਼ਲ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਮਬਾਗ਼ ਰੋਡ ’ਤੇ ਤਿੰਨ ਮੈਨਹੋਲਾਂ ’ਚੋਂ ਹਮੇਸ਼ਾ ਲਗਾਤਾਰ ਪਾਣੀ ਓਵਰਫਲੋਅ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸੀਵਰੇਜ ਨੂੰ ਸਾਂਭਣ ਲਈ ਕਰੋੜਾਂ ਰੁਪਏ ਖ਼ਰਚ ਕੇ ਸੀਵਰੇਜ ਟਰੀਟਮੈਂਟ ਪਲਾਂਟ ਲਗਾਇਆ ਹੋਇਆ ਹੈ। ਪਰ ਉੱਥੇ ਜੈਨਰੇਟਰ ਦੀ ਘਾਟ ਕਾਰਨ ਜਦੋਂ ਬਿਜਲੀ ਚਲੀ ਜਾਂਦੀ ਹੈ ਤਾਂ ਇਸ ਪਲਾਂਟ ਦੀਆਂ ਮੋਟਰਾਂ ਬੰਦ ਹੋ ਜਾਂਦੀਆਂ ਹਨ। ਇਸ ਕਾਰਨ ਸਾਰਾ ਪਾਣੀ ਵਾਪਸ ਪਾਈਪਾਂ ਵਿੱਚ ਆ ਕੇ ਨੀਵੀਂ ਥਾਂ ਬਣੇ ਮੈਨਹੋਲਾਂ ’ਚੋਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ।
ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਪਲਾਂਟ ਵਿੱਚ ਜੈਨਰੇਟਰ ਨਗਰ ਕੌਂਸਲ ਮੋਰਿੰਡਾ ਵੱਲੋਂ ਲਗਾਇਆ ਜਾਣਾ ਹੈ। ਇਸ ਬਾਰੇ ਜਦੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕੌਂਸਲ ਵੱਲੋਂ ਸੀਵਰੇਜ ਵਿਭਾਗ ਕੋਲ ਜੈਨਰੇਟਰ ਦੇ ਪੈਸੇ ਜਮ੍ਹਾਂ ਕਰਵਾ ਦਿੱਤੇ ਗਏ ਹਨ, ਜਲਦੀ ਜੈਨਰੇਟਰ ਲਗਵਾ ਦਿੱਤਾ ਜਾਵੇਗਾ।