For the best experience, open
https://m.punjabitribuneonline.com
on your mobile browser.
Advertisement

ਪੁਣਛ ’ਚ ਹਵਾਈ ਫ਼ੌਜ ਦੇ ਕਾਫ਼ਲੇ ’ਤੇ ਹਮਲੇ ਸਬੰਧੀ ਕਈ ਗ੍ਰਿਫ਼ਤਾਰੀਆਂ

07:57 AM May 06, 2024 IST
ਪੁਣਛ ’ਚ ਹਵਾਈ ਫ਼ੌਜ ਦੇ ਕਾਫ਼ਲੇ ’ਤੇ ਹਮਲੇ ਸਬੰਧੀ ਕਈ ਗ੍ਰਿਫ਼ਤਾਰੀਆਂ
ਪੁਣਛ ਜ਼ਿਲ੍ਹੇ ’ਚ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਸੁਰੱਖਿਆ ਬਲਾਂ ਦੇ ਜਵਾਨ ਅਤੇ (ਇਨਸੈੱਟ) ਅਤਿਵਾਦੀ ਹਮਲੇ ’ਚ ਸ਼ਹੀਦ ਹਵਾਈ ਫੌਜ ਦਾ ਜਵਾਨ ਵਿੱਕੀ ਪਾਹੜੇ।
Advertisement

ਮੇਂਧੜ/ਜੰਮੂ, 5 ਮਈ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਹਵਾਈ ਫ਼ੌਜ ਦੇ ਕਾਫ਼ਲੇ ’ਤੇ ਹਮਲਾ ਕਰਨ ਵਾਲੇ ਅਤਿਵਾਦੀਆਂ ਦੀ ਅੱਜ ਦੂਜੇ ਦਿਨ ਵੱਡੇ ਪੱਧਰ ’ਤੇ ਭਾਲ ਜਾਰੀ ਰਹੀ। ਪੁਲੀਸ ਨੇ ਪੁੱਛ-ਪੜਤਾਲ ਲਈ ਕਈ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। ਜੰਮੂ ਦੇ ਵਧੀਕ ਡੀਜੀਪੀ ਆਨੰਦ ਜੈਨ, ਫ਼ੌਜ ਅਤੇ ਖ਼ੁਫ਼ੀਆ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨੇ ਸੂਰਨਕੋਟ ਇਲਾਕੇ ’ਚ ਹਮਲੇ ਵਾਲੀ ਥਾਂ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਫ਼ੌਜ ਨੇ ਹੈਲੀਕਾਪਟਰ ਰਾਹੀਂ ਉਪਰੋਂ ਵੀ ਨਿਗਰਾਨੀ ਕੀਤੀ। ਫ਼ੌਜ ਦੀ ਪੈਰਾ ਕਮਾਂਡੋਜ਼ ਦੀਆਂ ਟੀਮਾਂ ਨੂੰ ਵੀ ਤਲਾਸ਼ੀ ਮੁਹਿੰਮ ’ਚ ਲਗਾਇਆ ਗਿਆ ਹੈ। ਸ਼ਾਹਸਿਤਾਰ ਨੇੜੇ ਸ਼ਨਿਚਰਵਾਰ ਸ਼ਾਮ ਹੋਏ ਹਮਲੇ ’ਚ ਹਵਾਈ ਸੈਨਾ ਦੇ ਪੰਜ ਜਵਾਨ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ’ਚੋਂ ਇਕ ਨੇ ਫ਼ੌਜੀ ਹਸਪਤਾਲ ’ਚ ਦਮ ਤੋੜ ਦਿੱਤਾ ਸੀ। ਹਮਲੇ ’ਚ ਹਲਾਕ ਹੋਏ ਜਵਾਨ ਦੀ ਪਛਾਣ ਕਾਰਪੋਰਲ ਵਿੱਕੀ ਪਾਹੜੇ ਵਜੋਂ ਹੋਈ ਹੈ ਅਤੇ ਹਵਾਈ ਸੈਨਾ ਨੇ ਪਰਿਵਾਰ ਨਾਲ ਅਫ਼ਸੋਸ ਜਤਾਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਫ਼ੌਜ ਅਤੇ ਪੁਲੀਸ ਵੱਲੋਂ ਤਾਲਮੇਲ ਬਣਾ ਕੇ ਅਤਿਵਾਦੀਆਂ ਦੀ ਭਾਲ ਲਈ ਸਾਂਝਾ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਸ਼ਾਹਸਿਤਾਰ, ਗੁਰਸਾਈ, ਸਨਾਈ ਅਤੇ ਸ਼ੀਨਦਾਰਾ ਟੌਪ ਸਮੇਤ ਕਈ ਇਲਾਕਿਆਂ ’ਚ ਅਤਿਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਦੇ ਜੰਗਲ ’ਚ ਭੱਜ ਜਾਣ ਦਾ ਖ਼ਦਸ਼ਾ ਹੈ। ਅਤਿਵਾਦੀਆਂ ਨੇ ਹਮਲੇ ’ਚ ਜ਼ਿਆਦਾ ਨੁਕਸਾਨ ਪਹੁੰਚਾਉਣ ਲਈ ਏਕੇ ਅਸਾਲਟ ਰਾਈਫ਼ਲਾਂ, ਅਮਰੀਕਾ ਨਿਰਮਿਤ ਐੱਮ4 ਕਾਰਬਾਈਨ ਅਤੇ ਸਟੀਲ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ’ਚ ਵਾਹਨਾਂ ਦੀ ਚੈਕਿੰਗ ਸਖ਼ਤੀ ਨਾਲ ਕੀਤੀ ਜਾ ਰਹੀ ਹੈ ਜਿਥੇ 25 ਮਈ ਨੂੰ ਲੋਕ ਸਭਾ ਚੋਣਾਂ ਹੋਣੀਆਂ ਹਨ। -ਪੀਟੀਆਈ

Advertisement

‘ਇੰਡੀਆ’ ਗੱਠਜੋੜ ਅਤਿਵਾਦ ਵਿਰੋਧੀ ਗਰਿੱਡ ਮਜ਼ਬੂਤ ਕਰੇਗਾ: ਜੈਰਾਮ ਰਮੇਸ਼

ਨਵੀਂ ਦਿੱਲੀ: ਕਾਂਗਰਸ ਨੇ ਪੁਣਛ ’ਚ ਹੋਏ ਅਤਿਵਾਦੀ ਹਮਲੇ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਜੇਕਰ ਪਾਰਟੀ ਅਤੇ ‘ਇੰਡੀਆ’ ਗੱਠਜੋੜ ਦੇ ਭਾਈਵਾਲ ਸੱਤਾ ’ਚ ਆਏ ਤਾਂ ਉਹ ਜੰਮੂ ਕਸ਼ਮੀਰ ’ਚ ਅਤਿਵਾਦ ਵਿਰੋਧੀ ਗਰਿੱਡ ਮਜ਼ਬੂਤ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਦਾਅਵਾ ਕੀਤਾ ਕਿ ਕੰਟਰੋਲ ਰੇਖਾ ਨੇੜੇ ਰਾਜੌਰੀ-ਪੁਣਛ ਇਲਾਕਿਆਂ ’ਚ 2007 ਤੋਂ 2014 ਵਿਚਕਾਰ ਅਤਿਵਾਦ ਦੀ ਕੋਈ ਘਟਨਾ ਨਹੀਂ ਵਾਪਰੀ ਸੀ। ਉਨ੍ਹਾਂ ਕਿਹਾ ਕਿ ਪਹਿਲੀ ਜਨਵਰੀ, 2023 ਤੋਂ ਲੈ ਕੇ ਹੁਣ ਤੱਕ 25 ਬਹਾਦਰ ਸੁਰੱਖਿਆ ਕਰਮੀ ਅਤੇ ਅੱਠ ਆਮ ਨਾਗਰਿਕ ਰਾਜੌਰੀ-ਪੁਣਛ ਇਲਾਕਿਆਂ ’ਚ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਆਗੂ ਰਾਹੁਲ ਗਾਂਧੀ ਨੇ ਵੀ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਸ਼ਰਮਨਾਕ ਅਤੇ ਅਫ਼ਸੋਸਨਾਕ ਕਰਾਰ ਦਿੱਤਾ। -ਪੀਟੀਆਈ

ਜੰਮੂ ਕਸ਼ਮੀਰ ’ਚੋਂ ਅਤਿਵਾਦ ਅਜੇ ਖ਼ਤਮ ਨਹੀਂ ਹੋਇਆ: ਫਾਰੂਕ

ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਹਵਾਈ ਫ਼ੌਜ ਦੇ ਕਾਫ਼ਲੇ ’ਤੇ ਹੋਏ ਅਤਿਵਾਦੀ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਜੰਮੂ ਕਸ਼ਮੀਰ ’ਚ ਅਤਿਵਾਦ ਅਜੇ ਖ਼ਤਮ ਨਹੀਂ ਹੋਇਆ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਆਖਦੀ ਆ ਰਹੀ ਹੈ ਕਿ ਅਤਿਵਾਦ ਲਈ ਧਾਰਾ 370 ਜ਼ਿੰਮੇਵਾਰ ਸੀ ਪਰ ਹੁਣ ਇਸ ਹਮਲੇ ਨਾਲ ਵਾਦੀ ਦੀ ਹਕੀਕਤ ਤੋਂ ਪਰਦਾ ਉੱਠ ਗਿਆ ਹੈ। ਉਨ੍ਹਾਂ ਕਿਹਾ ਕਿ ਧਾਰਾ 370 ਖ਼ਤਮ ਹੋਣ ਤੋਂ ਬਾਅਦ ਵੀ ਲਗਾਤਾਰ ਅਤਿਵਾਦੀ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਦੁਹਰਾਇਆ ਕਿ ਖ਼ਿੱਤੇ ’ਚੋਂ ਅਤਿਵਾਦ ਦੇ ਖ਼ਾਤਮੇ ਦਾ ਇਕੋ ਇਕ ਰਾਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਾਰਤਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਰਮਾਣੂ ਸ਼ਕਤੀਆਂ ਹਨ ਅਤੇ ਜੇਕਰ ਕੋਈ ਵਾਰਤਾ ਸ਼ੁਰੂ ਨਾ ਹੋਈ ਤਾਂ ਇਹ ਤਬਾਹੀ ਵੱਲ ਲਿਜਾਵੇਗੀ। ਉਨ੍ਹਾਂ ਕਿਹਾ ਕਿ ਰਾਜੌਰੀ, ਸੂਰਨਕੋਟ ਅਤੇ ਹੋਰ ਨਾਲ ਲਗਦੇ ਇਲਾਕਿਆਂ ’ਚ ਅਤਿਵਾਦ ਦੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਆ ਰਹੀਆਂ ਹਨ। ਫਾਰੂਕ ਨੇ ਕਿਹਾ ਕਿ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਦੀਆਂ ਖਾਹਸ਼ਾਂ ’ਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਪਰ ਸਰਕਾਰ ਸਿਰਫ਼ ਲੋਕਾਂ ਦੀਆਂ ਭਾਵਨਾਵਾਂ ਨਾਲ ਹੀ ਖੇਡਦੀ ਆਈ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×