ਨਹਿਰ ਵਿੱਚ ਪਾੜ ਪੈਣ ਕਾਰਨ ਕਈ ਏਕੜ ਫਸਲ ਡੁੱਬੀ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 16 ਅਗਸਤ
ਪਿੰਡ ਖਡਿਆਲ ਅਤੇ ਚੱਠੇ ਨਨਹੇੜਾ ਵਿਚਾਲੇ ਅੱਜ ਸਵੇਰੇ ਨਹਿਰ ਟੁੱਟਣ ਕਾਰਨ ਕਈ ਏਕੜ ਫਸਲ ਪਾਣੀ ਦੀ ਮਾਰ ਹੇਠ ਆ ਗਈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 6 ਕੁ ਵਜੇ ਸੁਨਾਮ ਬ੍ਰਾਂਚ (ਨੀਲੋਵਾਲ ਨਹਿਰ) ਵਿੱਚ ਪਾੜ ਪੈ ਗਿਆ, ਜਿਸ ਕਾਰਨ ਹੁਣ ਖਡਿਆਲ ਅਤੇ ਚੱਠੇ ਨਨਹੇੜਾ ਪਿੰਡਾਂ ਦੀ ਜ਼ਮੀਨ ਪਾਣੀ ਦੀ ਮਾਰ ਹੇਠ ਆ ਗਈ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਜਲਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਇਸ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਹਿਲਾਂ ਪਾੜ ਛੋਟਾ ਸੀ ਪ੍ਰੰਤੂ ਹੁਣ ਵਧ ਕੇ ਕਰੀਬ 20 ਫੁੱਟ ਤੱਕ ਹੋ ਗਿਆ ਹੈ ਜਿਸ ਨੂੰ ਸਥਾਨਕ ਲੋਕ ਪੂਰਨ ਦੀ ਕੋਸ਼ਿਸ਼ ਕਰ ਰਹੇ। ਉੱਧਰ, ਇਸ ਬਾਰੇ ਪਤਾ ਲੱਗਦਿਆਂ ਹੀ ਨਹਿਰੀ ਵਿਭਾਗ ਹਰਕਤ ਵਿੱਚ ਆ ਗਿਆ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾੜ ਪੂਰਨ ਲਈ ਯਤਨਸ਼ੀਲ ਹੋ ਗਿਆ। ਨਹਿਰੀ ਵਿਭਾਗ ਦੇ ਐੱਸਡੀਓ ਗੁਰਜੀਤ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਮਿੱਟੀ ਦੇ ਗੱਟਿਆਂ ਨਾਲ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾੜ ਪੂਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਜੋ ਕਿ ਅੱਜ ਸ਼ਾਮ ਤੱਕ ਮੁਕੰਮਲ ਕਰ ਲਿਆ ਜਾਵੇਗਾ। ਖਡਿਆਲ ਦੇ ਸਤਿਗੁਰ ਸਿੰਘ, ਤਰਸੇਮ ਸਿੰਘ, ਭਗਵਾਨ ਸਿੰਘ, ਧੀਰ ਸਿੰਘ, ਨਿੱਕਾ ਸਿੰਘ, ਧਰਮ ਸਿੰਘ ਸਮੇਤ ਦਰਜਨ ਤੋਂ ਵੱਧ ਕਿਸਾਨਾਂ ਦੀ ਕਰੀਬ ਸਵਾ ਸੌ ਏਕੜ ਝੋਨੇ ਦੀ ਫਸਲ ਦੇ ਨਾਲ ਹੀ ਪਸ਼ੂਆਂ ਲਈ ਬੀਜਿਆ ਹਰਾ ਚਾਰਾ ਅਤੇ ਸਬਜ਼ੀਆਂ ਦੀਆਂ ਫਸਲਾਂ ਵੀ ਬਰਬਾਦ ਹੋ ਗਈਆਂ। ਨਹਿਰ ਵਿੱਚ ਪਾੜ ਪੈਣ ਕਾਰਨ ਪਿੰਡ ਚੱਠੇ ਨਨਹੇੜਾ ਦੇ ਕੁਝ ਕਿਸਾਨਾਂ ਦੇ ਖੇਤਾਂ ਦਾ ਰਕਬਾ ਪਾਣੀ ਦੀ ਮਾਰ ਹੇਠ ਆਇਆ ਹੈ।