For the best experience, open
https://m.punjabitribuneonline.com
on your mobile browser.
Advertisement

ਤਾਰਾਂ ਭਿੜਨ ਕਾਰਨ ਸੱਤਰ ਏਕੜ ਕਣਕ ਸੜੀ

10:46 AM Apr 20, 2024 IST
ਤਾਰਾਂ ਭਿੜਨ ਕਾਰਨ ਸੱਤਰ ਏਕੜ ਕਣਕ ਸੜੀ
ਪਿੰਡ ਘੁੱਦਾ ਵਿੱਚ ਹਲਕਾ ਇੰਚਾਰਜ ਜਤਿੰਦਰ ਭੱਲਾ ਦਾ ਘਿਰਾਓ ਕਰਦੇ ਹੋਏ ਕਿਸਾਨ।
Advertisement

ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 19 ਅਪਰੈਲ
ਪਿੰਡ ਘੁੱਦਾ ਵਿੱਚ ਅੱਜ ਬਾਅਦ ਦੁਪਹਿਰ ਅੱਗ ਲੱਗਣ ਕਾਰਨ ਖੇਤਾਂ ਕਰੀਬ ਸੱਤਰ ਏਕੜ ਕਣਕ ਦੀ ਫਸਲ ਸੜ ਗਈ। ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਭਿੜਨਾ ਦੱਸਿਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਅਜੇਪਾਲ ਸਿੰਘ ਘੁੱਦਾ ਨੇ ਦੱਸਿਆ ਕਿ ਬਿਜਲੀ ਮਹਿਕਮੇ ਦੀ ਲਾਪਰਵਾਹੀ ਨਾਲ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਆਖਿਆ ਕਿ ਜਦੋਂ ਹਾੜ੍ਹੀ ਦੀ ਵਾਢੀ ਸ਼ੁਰੂ ਹੋਣ ਮੌਕੇ ਖੇਤੀ ਮੋਟਰਾਂ ਦੀ ਸਪਲਾਈ ਮੁਕੰਮਲ ਤੌਰ ’ਤੇ ਬੰਦ ਕੀਤੀ ਜਾਂਦੀ ਹੈ ਤਾਂ ਫਿਰ ਬਿਜਲੀ ਮਹਿਕਮੇ ਵੱਲੋਂ ਸਪਲਾਈ ਚਾਲੂ ਕਿਉਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਤੇਜ਼ ਹਵਾ ਕਾਰਨ ਅੱਗ ਨੇ ਪਲਾਂ ਵਿੱਚ ਫ਼ਸਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਲੱਗਣ ਕਾਰਨ ਪਿੰਡ ਘੁੱਦਾ ਦੇ ਕਿਸਾਨ ਸ਼ਿਵਰਾਜ ਸਿੰਘ, ਗੁਰਚੇਤ ਸਿੰਘ, ਹਰਜਿੰਦਰ ਸਿੰਘ, ਗਮਦੂਰ ਸਿੰਘ, ਜਸਕਰਨ ਸਿੰਘ, ਗੁਰਦੇਵ ਸਿੰਘ, ਜਗਦੀਸ਼ ਸਿੰਘ, ਗੁਰਮੀਤ ਸਿੰਘ, ਜਸਪਾਲ ਸਿੰਘ ਅਤੇ ਬਲਰਾਜ ਸਿੰਘ ਤੇ ਹੋਰਨਾਂ ਦੀ ਕਣਕ ਸੜ ਗਈ। ਹਲਕਾ ਪਟਵਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਤਕਰੀਬਨ ਸੱਤਰ ਏਕੜ ਕਣਕ ਸੜਨ ਦਾ ਅੰਦਾਜ਼ਹ ਹੈ ਪਰ ਪੂਰੇ ਨੁਕਸਾਨ ਦੀ ਜਾਣਕਾਰੀ ਜਾਂਚ ਰਿਪੋਰਟ ਤੋਂ ਬਾਅਦ ਪਤਾ ਚੱਲੇਗੀ। ਅੱਗ ਲੱਗਣ ਦੀ ਘਟਨਾ ਦਾ ਮੌਕਾ ਦੇਖਣ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਤਿੰਦਰ ਸਿੰਘ ਭੱਲਾ ਦਾ ਗੁੱਸੇ ਵਿੱਚ ਆਏ ਹੋਏ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ। ਕਿਸਾਨਾਂ ਨੇ ਹਲਕਾ ਇੰਚਾਰਜ ਨੂੰ ਚੇਤਾਵਨੀ ਦਿੰਦਿਆਂ ਮੰਗ ਕੀਤੀ ਕਿ ਜਿੰਨਾ ਚਿਰ ਜ਼ਿੰਮੇਵਾਰ ਬਿਜਲੀ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਨ੍ਹਾਂ ਨੂੰ ਇੱਥੋਂ ਜਾਣ ਨਹੀਂ ਦਿੱਤਾ ਜਾਵੇਗਾ। ਥਾਣਾ ਸੰਗਤ ਦੀ ਪੁਲੀਸ ਵੱਲੋਂ ਕੁਝ ਕਿਸਾਨ ਆਗੂਆਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਨਾਲ ਲਿਜਾਇਆ ਗਿਆ ਜਦਕਿ ਹਲਕਾ ਇੰਚਾਰਜ ਜਤਿੰਦਰ ਸਿੰਘ ਭੱਲਾ ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਦੇ ਘਿਰਾਓ ਵਿੱਚ ਹੀ ਸਨ।

Advertisement

Advertisement
Author Image

sukhwinder singh

View all posts

Advertisement
Advertisement
×