ਜਲੰਧਰ ਦੇ ਪੱਛਮੀ ਹਲਕੇ ’ਚ ਪਾਣੀ ਦੇ ਸੱਤ ਨਮੂਨੇ ਫੇਲ੍ਹ
ਪੱਤਰ ਪ੍ਰੇਰਕ
ਜਲੰਧਰ, 17 ਜੁਲਾਈ
ਦੂਸ਼ਿਤ ਪਾਣੀ ਕਾਰਨ ਇਥੋਂ ਦੇ ਪੱਛਮੀ ਹਲਕੇ ਵਿਚ ਕਬੀਰ ਵਿਹਾਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ’ਚ ਰਹਿਣ ਵਾਲੇ ਲੋਕ ਪੰਜਵੇਂ ਦਿਨ ਵੀ ਦਸਤ, ਪੇਟ ਦਰਦ ਤੇ ਉਲਟੀਆਂ ਕਾਰਨ ਪ੍ਰੇਸ਼ਾਨ ਰਹੇ। ਹਾਲਾਂਕਿ, ਸਿਹਤ ਵਿਭਾਗ ਵੱਲੋਂ ਪ੍ਰਭਾਵਿਤ ਇਲਾਕਿਆ ਤੋਂ ਲਏ ਗਏ ਪਾਣੀ ਦੇ ਨਮੂਨੇ ਲੈਬ ’ਚ ਟੈਸਟ ਕਰਨ ਮਗਰੋਂ ਪੀਣ ਲਈ ਅਯੋਗ ਕਰਾਰ ਦਿੱਤੇ ਗਏ ਹਨ। ਪਾਣੀ ਦੇ ਲਏ ਗਏ ਨਮੂਨਿਆ ਵਿੱਚੋਂ ਸੱਤ ਫੇਲ੍ਹ ਹੋ ਗਏ ਤੇ ਅੱਜ ਚਾਰ ਨਵੇਂ ਕੇਸ ਆਉਣ ਨਾਲ ਹੁਣ ਤੱਕ ਮਰੀਜ਼ਾਂ ਦੀ ਗਿਣਤੀ 18 ਹੋ ਗਈ ਹੈ। ਇਸ ਦੌਰਾਨ ਹੈਜ਼ੇ ਦੀ ਜਾਂਚ ਲਈ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।
ਇਸ ਸਬੰਧੀ ਸਿਵਲ ਸਰਜਨ ਡਾ. ਜਗਦੀਪ ਚਾਵਲਾ ਨੇ ਦੱਸਿਆ ਕਿ ਅੱਜ ਵੀ ਸਿਹਤ ਵਿਭਾਗ ਦੀ ਟੀਮ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਕਲੋਰੀਨ ਦੀਆਂ ਗੋਲੀਆਂ ਤੇ ਓਆਰਐੱਸ ਦੇ ਪੈਕਟ ਵੰਡੇ। ਇਸ ਦੇ ਨਾਲ ਹੀ ਲੋਕਾਂ ਨੂੰ ਡਾਇਰੀਆ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ੋਭਨਾ ਬਾਂਸਲ ਦੀ ਟੀਮ ਨੇ ਨਿਊ ਗੌਤਮ ਨਗਰ ’ਚ 155 ਦੀ ਆਬਾਦੀ ਵਾਲੇ 35 ਘਰਾਂ, ਕਬੀਰ ਬਿਹਾਰ ’ਚ 130 ਦੀ ਆਬਾਦੀ ਵਾਲੇ 51 ਤੇ ਪਿੰਕ ਸਿਟੀ ਅਤੇ ਬੈਂਕ ਕਾਲੋਨੀ ’ਚ 41 ਘਰਾਂ ਦਾ ਟੀਕਾਕਰਨ ਕੀਤਾ। 251 ਦੀ ਆਬਾਦੀ ਵਾਲੀ ਕਾਲੋਨੀ ਦਾ ਸਰਵੇਖਣ ਕਰਨ ਉਪਰੰਤ 242 ਕਲੋਰੀਨ ਦੀਆਂ ਗੋਲੀਆਂ ਤੇ ਓਆਰਐੱਸ ਦੇ 133 ਪੈਕੇਟ ਵੰਡੇ ਗਏ। ਇਸ ਦੌਰਾਨ ਡਾਇਰੀਆ ਦੇ ਚਾਰ ਨਵੇਂ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ’ਚ ਸਮੱਸਿਆ ਘੱਟ ਹੋਣ ਦੇ ਸੰਕੇਤ ਨਹੀਂ ਮਿਲ ਰਹੇ ਹਨ। ਪਾਣੀ ਸਮੇਤ ਸੈਂਪਲ ਲੈ ਕੇ ਜਾਂਚ ਲਈ ਖਰੜ ਭੇਜੇ ਗਏ ਸਨ।