ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਕੌੜਾ ਪੱਤਣ ਤੋਂ ਪੈਂਟੂਨ ਪੁਲ ਚੁੱਕੇ ਜਾਣ ਕਾਰਨ ਸੱਤ ਪਿੰਡ ‘ਟਾਪੂ’ ਬਣੇ

08:06 AM Jul 02, 2024 IST
ਕਿਸ਼ਤੀ ਰਾਹੀਂ ਦਰਿਆ ਪਾਰ ਕਰਦੇ ਹੋਏ ਲੋਕ।

ਐੱਨਪੀ ਧਵਨ
ਪਠਾਨਕੋਟ, 1 ਜੁਲਾਈ
ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਕੋਲ ਪੈਂਦੇ ਮਕੌੜਾ ਪੱਤਣ ’ਤੇ ਬਣਿਆ ਪੈਂਟੂਨ ਪੁਲ ਮੌਨਸੂਨ ਸੀਜ਼ਨ ਸ਼ੁਰੂ ਹੋਣ ਕਾਰਨ ਚੁੱਕ ਦਿੱਤਾ ਗਿਆ ਹੈ। ਇਸ ਕਾਰਨ ਹੁਣ ਦਰਿਆ ਤੋਂ ਪਾਰ ਵੱਸੇ ਸੱਤ ਪਿੰਡਾਂ ਦੇ ਲੋਕਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟ ਗਿਆ ਹੈ। ਪੈਂਟੂਨ ਪੁਲ ਚੁੱਕੇ ਜਾਣ ਕਾਰਨ ਹੁਣ ਲੋਕਾਂ ਨੂੰ ਸਾਮਾਨ ਲਿਆਉਣ ਅਤੇ ਲਿਜਾਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਲੋਕ ਇੱਕ ਤੋਂ ਦੂਜੀ ਥਾਂ ਜਾਣ ਲਈ ਕਿਸ਼ਤੀ ਦਾ ਸਹਾਰਾ ਲੈ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਆਜ਼ਾਦੀ ਦੇ 76 ਸਾਲ ਬੀਤਣ ਮਗਰੋਂ ਵੀ ਉਨ੍ਹਾਂ ਨੂੰ ਪੱਕਾ ਪੁਲ ਨਸੀਬ ਨਹੀਂ ਹੋ ਸਕਿਆ। ਇਨ੍ਹਾਂ ਪਿੰਡਾਂ ਵਿੱਚ ਲਸਿਆਣ, ਕਜਲੇ, ਚੇਬੇ, ਭਰਿਆਲ, ਮਮੀ ਚਕਰੰਗਾ, ਕੂਕਰ ਤੇ ਤੂਰ ਸ਼ਾਮਲ ਹਨ। ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਦਰਦ ਹੈ ਕਿ ਉਹ ਇੱਕ ਟਾਪੂਨੁਮਾ ਜ਼ਿੰਦਗੀ ਬਤੀਤ ਕਰ ਲਈ ਮਜਬੂਰ ਹਨ। ਇੱਕ ਪਾਸੇ ਤੋਂ ਪਾਕਿਸਤਾਨ ਵੱਲੋਂ ਉਝ ਦਰਿਆ ਆਉਂਦਾ ਹੈ ਤੇ ਦੂਸਰੇ ਪਾਸੇ ਭਾਰਤ ਵੱਲੋਂ ਰਾਵੀ ਦਰਿਆ ਆਉਂਦਾ ਹੈ ਤੇ ਇਹ ਦੋਵੇਂ ਦਰਿਆ ਇਸ ਮਕੌੜਾ ਪੱਤਣ ’ਤੇ ਮਿਲਦੇ ਹਨ। ਇੱਥੋਂ ਪਾਕਿਸਤਾਨ 2.50 ਕਿਲੋਮੀਟਰ ਦੀ ਵਿੱਥ ’ਤੇ ਹੈ। ਉਨ੍ਹਾਂ ਦੱਸਿਆ ਕਿ ਪੈਂਟੂਨ ਪੁਲ ਜੁਲਾਈ ਤੋਂ ਅਕਤੂਬਰ ਤੱਕ 4 ਮਹੀਨੇ ਲਈ ਚੁੱਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸ਼ਤੀ ਵੀ ਸ਼ਾਮ ਢਲਦੇ ਸਾਰ ਹੀ ਜਾਣੀ ਬੰਦ ਹੋ ਜਾਂਦੀ ਹੈ। ਪਿੰਡਾਂ ਵਸਨੀਕਾਂ ਗੁਰਵਿੰਦਰ, ਬੱਬਲ, ਅਮਰੀਕ ਸਿੰਘ ਤੇ ਨਿਰਮਲ ਸਿੰਘ ਆਦਿ ਨੇ ਕਿਹਾ ਕਿ ਪੁਲ ਚੁੱਕੇ ਜਾਣ ਕਾਰਨ ਉਨ੍ਹਾਂ ਦੀਆਂ ਸਮੱਸਿਆਵਾਂ ਵਧ ਗਈਆਂ ਹਨ। ਉਨ੍ਹਾਂ ਨੂੰ ਭੋਜਨ ਸਮੱਗਰੀ, ਮਸ਼ੀਨਰੀ ਤੇ ਹੋਰ ਹੋਰ ਜ਼ਰੂਰੀ ਸਾਮਾਨ ਆਪਣੇ ਖੇਤਾਂ ਤੱਕ ਪਹੁੰਚਾਉਣ ਲਈ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇੱਥੇ ਹੀ ਬੱਸ ਨਹੀਂ ਜਦੋਂ ਕੋਈ ਗਰਭਵਤੀ ਮਹਿਲਾ ਰਾਤ ਸਮੇਂ ਬਿਮਾਰ ਹੋ ਜਾਵੇ ਤਾਂ ਉਸ ਨੂੰ ਪਠਾਨਕੋਟ ਹਸਪਤਾਲ ਲਿਜਾਣਾ ਜੰਗ ਜਿੱਤਣ ਦੇ ਬਰਾਬਰ ਹੋ ਜਾਂਦਾ ਹੈ। ਲੋਕਾਂ ਨੇ ਕਿਹਾ ਕਿ ਉਹ ਤਾਂ ਅੱਜ ਵੀ ਗੁਲਾਮਾਂ ਵਾਲਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਇਸੇ ਕਰਕੇ ਉਨ੍ਹਾਂ ਦੇ ਪਿੰਡਾਂ ਵਿੱਚ ਕੋਈ ਵੀ ਆਪਣੀ ਲੜਕੀ ਵਿਆਹੁਣ ਨੂੰ ਤਿਆਰ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਸਮੇਂ ਸਿਆਸੀ ਪਾਰਟੀਆਂ ਦੇ ਆਗੂ ਆਉਂਦੇ ਹਨ ਅਤੇ ਪੱਕਾ ਪੁਲ ਬਣਾਉਣ ਦਾ ਲਾਰਾ ਲਗਾ ਕੇ ਵੋਟਾਂ ਬਟੋਰ ਕੇ ਚਲੇ ਜਾਂਦੇ ਹਨ ਪਰ ਚੋਣਾਂ ਤੋਂ ਬਾਅਦ ਕੋਈ ਵੀ ਆਗੂ ਆਪਣੀ ਸ਼ਕਲ ਨਹੀਂ ਦਿਖਾਉਂਦਾ। ਉਨ੍ਹਾਂ ਮੰਗ ਕੀਤੀ ਕਿ ਮਕੌੜਾ ਪੱਤਣ ’ਤੇ ਪੱਕਾ ਪੁਲ ਬਣਾਇਆ ਜਾਵੇ।

Advertisement

Advertisement
Advertisement