ਚੋਰੀ ਦੇ ਸੱਤ ਮੋਟਰਸਾਈਕਲ ਅਤੇ ਦੋ ਐਕਟਿਵਾ ਬਰਾਮਦ
ਪੱਤਰ ਪ੍ਰੇਰਕ
ਜਲੰਧਰ, 10 ਜੂਨ
ਰਾਮਾਂਮੰਡੀ ਪੁਲੀਸ ਨੇ ਤਿੰਨ ਨੌਜਵਾਨਾਂ ਪਾਸੋਂ ਚੋਰੀ ਦੇ ਸੱਤ ਮੋਟਰਸਾਈਕਲ ਅਤੇ ਦੋ ਐਕਟਿਵਾ ਬਰਾਮਦ ਕੀਤੇ ਹਨ। ਮੁੱਖ ਅਫਸਰ ਥਾਣਾ ਨਵਦੀਪ ਸਿੰਘ ਜਲੰਧਰ ਦੀ ਅਗਵਾਈ ਹੇਠ ਐਸਆਈ ਜਸਬੀਰ ਸਿੰਘ ਵੱਲੋਂ ਮੁੱਖਬਰ ਖਾਸ ਦੀ ਇਤਲਾਹ ‘ਤੇ ਮੋਟਰਸਾਈਕਲ, ਐਕਟਿਵਾ ਚੋਰੀ ਕਰਨ ਵਾਲੇ ਗੁਰਦੀਪ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਜੋਹਲਾਂ ਜਲੰਧਰ, ਗੁਰਜਿੰਦਰ ਸਿੰਘ ਉਰਫ ਰੂਬੀ ਪੁੱਤਰ ਗੋਪਾਲ ਕ੍ਰਿਸ਼ਨ ਵਾਸੀ ਪਿੰਡ ਢਿੱਲਵਾਂ ਜਲੰਧਰ ਅਤੇ ਹਰਦੀਪ ਪੁੱਤਰ ਸਤਪਾਲ ਵਾਸੀ ਪਿੰਡ ਪਤਾਰਾ ਜਲੰਧਰ ਨੂੰ ਚੁਗਿੱਟੀ ਚੌਕ ਤੋਂ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਪੁਲੀਸ ਅਧਿਕਾਰੀ ਅਨੁਸਾਰ ਹਿਰਾਸਤ ਵਿਚ ਲਏ ਗਏ ਤਿੰਨਾਂ ਨੌਜਵਾਨਾਂ ਪਾਸੋਂ ਸਖਤੀ ਨਾਲ ਪੁੱਛ ਗਿੱਛ ਕੀਤੀ ਗਈ ਅਤੇ ਜਿਨ੍ਹਾਂ ਦੀ ਨਿਸ਼ਾਨਦੇਹੀ ‘ਤੇ ਹੋਰ ਚੋਰੀ ਕੀਤੇ ਹੋਏ 7 ਮੋਟਰਸਾਈਕਲ ਅਤੇ ਐਕਟਿਵਾ ਬਰਾਮਦ ਕੀਤੀਆਂ ਗਈਆਂ।
ਤਿੰਨ ਮੋਟਰਸਾਈਕਲ ਤੇ ਐਕਟਿਵਾ ਬਰਾਮਦ
ਸ਼ਾਹਕੋਟ (ਪੱਤਰ ਪ੍ਰੇਰਕ): ਸ਼ਾਹਕੋਟ, ਮਹਿਤਪੁਰ ਅਤੇ ਨਕੋਦਰ ਪੁਲੀਸ ਨੇ ਨਾਜਾਇਜ਼ ਸ਼ਰਾਬ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਡੀਐਸਪੀ ਸ਼ਾਹਕੋਟ ਹਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਸ਼ਾਹਕੋਟ ਅਧੀਨ ਆਉਂਦੀ ਚੌਕੀ ਤਲਵੰਡੀ ਸੰਘੇੜਾ ਦੇ ਇੰਚਾਰਜ ਨਿਰਮਲ ਸਿੰਘ ਨੇ ਛਾਪਾਮਾਰੀ ਕਰਕੇ ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਹਰਜਿੰਦਰ ਸਿੰਘ ਉਰਫ ਪਟਵਾਰੀ ਵਾਸੀ ਸੋਹਲ ਜਗੀਰ ਨੂੰ 18 ਬੋਤਲਾਂ ਨਾਜਾਇਜ਼ ਦੇਸ਼ੀ ਸ਼ਰਾਬ ਸਮੇਤ ਕਾਬੂ ਕੀਤਾ। ਥਾਣਾ ਮਹਿਤਪੁਰ ਦੇ ਏ.ਐਸ.ਆਈ ਦਵਿੰਦਰ ਸਿੰਘ ਨੇ ਛਾਪਾਮਾਰੀ ਕਰਕੇ ਜਗਨ ਨਾਥ ਪੁੱਤਰ ਬਾਲੂ ਰਾਮ ਵਾਸੀ ਗੋਬਿੰਦ ਨਗਰ ਖੁੰਡੇ ਨੂੰ 10 ਬੋਤਲਾਂ ਨਾਜਾਇਜ਼ ਦੇਸ਼ੀ ਸਰਾਬ ਅਤੇ 75 ਕਿਲੋ ਲਾਹਣ ਸਮੇਤ ਕਾਬੂ ਕੀਤਾ। ਡੀ.ਐਸ.ਪੀ ਨਕੋਦਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਨਕੋਦਰ ਅਧੀਨ ਆਉਂਦੀ ਚੌਕੀ ਉੱਗੀ ਦੇ ਇੰਚਾਰਜ ਉਮੇਸ਼ ਕੁਮਾਰ ਪਠਾਣੀਆਂ ਨੇ ਇਲਾਕੇ ਵਿਚ ਲੁੱਟਾਂ-ਖੋਹਾਂ ਕਰਨ ਵਾਲੇ ਸੁਖਵਿੰਦਰ ਸਿੰਘ ਉਰਫ ਕਾਕਾ ਪੁੱਤਰ ਬਲਦੇਵ ਸਿੰਘ, ਰਣਵੀਰ ਸਿੰਘ ਪੁੱਤਰ ਲਾਲ ਸਿੰਘ, ਰਾਜਾ ਪੁੱਤਰ ਬੀਰਾ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸਾਧੂ ਵਾਸੀਆਨ ਕਾਹਲਵਾਂ ਥਾਣਾ ਸਦਰ ਕਪੂਰਥਲਾ ਨੂੰ ਕਾਬੂ ਕੀਤਾ। ਮੁਲਜ਼ਮਾਂ ਕੋਲੋਂ ਚੋਰੀ ਦੇ ਤਿੰਨ ਮੋਟਰਸਾਈਕਲ, ਇਕ ਐਕਟਿਵਾ, 12 ਮੋਬਾਈਲ ਆਦਿ ਬਰਾਮਦ ਹੋਏ।