ਪੁਲੀਸ ਕਮਿਸ਼ਨਰ ਸਣੇ ਸੱਤ ਪੁਲੀਸ ਮੁਲਾਜ਼ਮ ਡੀਜੀਪੀਜ਼ ਡਿਸਕ ਨਾਲ ਹੋਣਗੇ ਸਨਮਾਨਿਤ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਅਕਤੂਬਰ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਹੈ ਕਿ ਵਰਧਮਾਨ ਗਰੁੱਪ ਦੇ ਚੇਅਰਮੈਨ ਐੱਸਪੀ ਓਸਵਾਲ ਦੇ ਨਾਲ ਹੋਈ ਠੱਗੀ ਤੋਂ ਬਾਅਦ ਇਸ ਮਾਮਲੇ ਨੂੰ ਹੱਲ ਕਰਨ ਅਹਿਮ ਭੂਮਿਕਾ ਨਿਭਾਉਣ ਵਾਲੇ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ, ਸਾਈਬਰ ਸੈੱਲ ਦੇ ਇੰਚਾਰਜ ਜਤਿੰਦਰ ਸਿੰਘ, ਏਐੱਸਆਈ ਸਿੰਘ ਰਾਜ ਕੁਮਾਰ, ਏਐਸਆਈ ਪਰਮਜੀਤ ਸਿੰਘ, ਹੈੱਡ ਕਾਂਸਟੇਬਲ ਰਾਜੇਸ਼ ਕੁਮਾਰ, ਕਾਂਸਟੇਬਲ ਰੋਹਿਤ ਅਤੇ ਕਾਂਸਟੇਬਲ ਸਿਮਰਨਦੀਪ ਸਿੰਘ ਨੂੰ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲੁਧਿਆਣਾ ਪੁਲੀਸ ਦੀ ਪਿੱਠ ਥਾਪੜੀ ਹੈ। ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਲੁਧਿਆਣਾ ਪੁਲੀਸ ਨੇ ਗੁਹਾਟੀ ਵਿੱਚ ਜਾ ਕੇ ਉੱਥੇ ਦੀ ਪੁਲੀਸ ਦੀ ਮਦਦ ਨਾਲ ਮੁਲਜ਼ਮ ਅਤਨੂ ਚੌਧਰੀ ਅਤੇ ਆਨੰਦ ਚੌਧਰੀ ਨੂੰ ਕਾਬੂ ਕਰ ਲਿਆ। ਇਸ ਵਿੱਚ ਉਨ੍ਹਾਂ ਬੈਂਕ ਕਰਮਚਾਰੀਆਂ ਦੀ ਮਿਲੀਭੁਗਤ ਹੋਣ ਦਾ ਵੀ ਪੂਰਾ ਸ਼ੱਕ ਹੈ। ਇਸ ਵੱਡੀ ਠੱਗੀ ਵਿੱਚ ਆਸਾਮ ਦੇ ਬੈਂਕ ਕਰਮਚਾਰੀ ਵੀ ਸ਼ਾਮਲ ਹੋ ਸਕਦੇ ਹਨ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਬੈਂਕਾਂ ਵਿੱਚ ਕਾਰੋਬਾਰੀਆਂ ਦੇ ਖਾਤੇ ਹਨ, ਉੱਥੋਂ ਵੀ ਜਾਣਕਾਰੀ ਦੇਣ ਦੀ ਜਾਂਚ ਕੀਤੀ ਜਾ ਰਹੀ ਹੈ। ਡੀਸੀਪੀ ਨੇ ਦੱਸਿਆ ਕਿ ਇਸ ਕੇਸ ਵਿੱਚ ਜਿਹੜੇ ਮੁਲਜ਼ਮ ਅਜੇ ਫ਼ਰਾਰ ਹਨ, ਉਹ ਵੱਖ-ਵੱਖ ਰਾਜਾਂ ਵਿੱਚ ਰਹਿ ਰਹੇ ਹਨ ਜਿੱਥੋਂ ਦੀ ਪੁਲੀਸ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।