ਯੂਕਰੇਨ ਦੇ ਖੇਰਸਾਨ ਖੇਤਰ ’ਚ ਸੱਤ ਲੋਕਾਂ ਦੀ ਮੌਤ
ਕੀਵ, 13 ਅਗਸਤ
ਰੂਸ ਵੱਲੋਂ ਯੂਕਰੇਨ ਦੇ ਖੇਰਸਾਨ ਖੇਤਰ ਵਿਚ ਕੀਤੀ ਗੋਲਾਬਾਰੀ ’ਚ 23 ਦਿਨਾਂ ਦੀ ਬੱਚੀ ਸਣੇ 7 ਲੋਕ ਮਾਰੇ ਗਏ ਹਨ। ਡਨਿਪਰ ਨਦੀ ਕੰਢੇ ਵਸੇ ਪਿੰਡ ’ਤੇ ਹੋਈ ਗੋਲਾਬਾਰੀ ਵਿਚ ਇਕ ਪਰਿਵਾਰ ਮਾਰਿਆ ਗਿਆ ਹੈ। ਮ੍ਰਿਤਕਾਂ ਵਿਚ ਪਤੀ-ਪਤਨੀ, 12 ਸਾਲਾ ਲੜਕਾ ਤੇ ਇਕ 23 ਦਿਨਾਂ ਦੀ ਬੱਚੀ ਸ਼ਾਮਲ ਹੈ। ਇਕ ਹੋਰ ਇਲਾਕਾ ਵਾਸੀ ਵੀ ਮਾਰਿਆ ਗਿਆ ਹੈ। ਨੇੜਲੇ ਪਿੰਡ ’ਚ ਦੋ ਹੋਰ ਵਿਅਕਤੀ ਵੀ ਮਾਰੇ ਗਏ ਹਨ, ਤੇ ਇਕ ਮਹਿਲਾ ਫੱਟੜ ਹੋਈ ਹੈ। ਖੇਰਸਾਨ ਦੇ ਗਵਰਨਰ ਨੇ ਅੱਜ ਦੱਸਿਆ ਕਿ ਰੂਸੀ ਹਮਲੇ ਵਿਚ ਤਿੰਨ ਜਣੇ ਫੱਟੜ ਹੋਏ ਹਨ। ਯੂਕਰੇਨ ਦੇ ਫ਼ੌਜੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੱਖਣੀ ਇਲਾਕੇ ਵਿਚ ਕੁਝ ਸਫ਼ਲਤਾ ਹਾਸਲ ਕੀਤੀ ਹੈ। ਜ਼ੈਪੋਰਿਜ਼ੀਆ ਦੇ ਦੱਖਣੀ ਖੇਤਰ ਵਿਚ ਇਕ ਪਿੰਡ ਉਤੇ ਮੁੜ ਕਬਜ਼ਾ ਕੀਤਾ ਗਿਆ ਹੈ ਤੇ ਕੁਝ ਹੋਰ ਖੇਤਰਾਂ ਵਿਚ ਵੀ ਸਫ਼ਲਤਾ ਮਿਲੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤਿਆਂ ਵਿਚ 1000 ਕਿਲੋਮੀਟਰ ਲੰਮੀ ਸਰਹੱਦ ’ਤੇ ਕਈ ਥਾਵਾਂ ਉਤੇ ਟਕਰਾਅ ਹੋਇਆ ਹੈ। ਯੂਕਰੇਨ ਪੱਛਮੀ ਮੁਲਕਾਂ ਵੱਲੋਂ ਮਿਲੇ ਹਥਿਆਰਾਂਂ ਦੀ ਮਦਦ ਨਾਲ ਜਵਾਬੀ ਹਮਲਾ ਜਾਰੀ ਰੱਖ ਰਿਹਾ ਹੈ। ਰੂਸ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਹਵਾਈ ਰੱਖਿਆ ਪ੍ਰਣਾਲੀ ਨੇ ਬੈੱਲਗੋਰੋਡ ਖੇਤਰ ਵਿਚ ਦੋ ਡਰੋਨ ਡੇਗ ਦਿੱਤੇ ਹਨ। ਇਕ ਡਰੋਨ ਕੁਰਸਕ ਖੇਤਰ ਵਿਚ ਵੀ ਡੇਗਿਆ ਗਿਆ ਹੈ। ਇਹ ਦੋਵੇਂ ਥਾਵਾਂ ਯੂਕਰੇਨ ਦੇ ਨਾਲ ਲੱਗਦੀਆਂ ਹਨ। -ਏਪੀ