ਦੁਕਾਨ ’ਚ ਬੈਠ ਕੇ ਸ਼ਰਾਬ ਪੀਣ ਦੇ ਦੋਸ਼ ਹੇਠ ਸੱਤ ਨਾਮਜ਼ਦ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੀ ਜੀਟੀਬੀ ਮਾਰਕੀਟ ਵਿੱਚ ਨਾਜਾਇਜ਼ ਤੌਰ ’ਤੇ ਦੁਕਾਨ ਵਿੱਚ ਬੈਠ ਕੇ ਸ਼ਰਾਬ ਪੀਣ ਦੇ ਦੋਸ਼ ਹੇਠ ਥਾਣਾ ਸਿਟੀ-2 ਖੰਨਾ ਦੀ ਪੁਲੀਸ ਨੇ ਸੱਤ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕਰਨ ਵਾਲੀਆ ਵਾਸੀ ਉੱਚਾ ਵਿਹੜਾ ਖੰਨਾ ਅਤੇ ਸਿਮਰਨਜੀਤ ਸਿੰਘ ਵਾਸੀ ਪਿੰਡ ਲਲਹੇੜੀ ਖੰਨਾ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਸਿਟੀ-2 ਦੇ ਏਐੱਸਆਈ ਹਰਨੇਕ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਗਸ਼ਤ ਦੌਰਾਨ ਅਮਲੋਹ ਚੌਕ ਖੰਨਾ ਵਿੱਚ ਮੌਜੂਦ ਸਨ ਕਿ ਇੱਕ ਮੁਖਬਰ ਨੇ ਇਤਲਾਹ ਦਿੱਤੀ ਕਿ ਜੀਟੀਬੀ ਮਾਰਕੀਟ ਵਿੱਚ ਇੱਕ ਦੁਕਾਨ ਦਾ ਮਾਲਕ ਆਪਣੀ ਦੁਕਾਨ ’ਤੇ ਆਪਣੇ ਗਾਹਕਾਂ ਨੂੰ ਬਿਠਾ ਕੇ ਸ਼ਰਾਬ ਪਿਆ ਰਿਹਾ ਹੈ, ਜਿਸ ਕੋਲ ਨਾ ਹੀ ਲਾਇਸੈਂਸ ਹੈ ਅਤੇ ਨਾ ਕੋਈ ਪਰਮਿਟ ਹੈ ਤੇ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਦੁਕਾਨ ’ਤੇ ਛਾਪਾ ਮਾਰਿਆ ਜਿਸ ਦੌਰਾਨ ਦੁਕਾਨ ਵਿੱਚ ਸੱਤ ਵਿਅਕਤੀ ਸ਼ਰਾਬ ਪੀ ਰਹੇ ਸਨ, ਜੋ ਪੁਲੀਸ ਦੇਖ ਕੇ ਉੱਥੋਂ ਭੱਜ ਗਏ। ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਫ਼ਰਾਰ ਹੋਏ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।