For the best experience, open
https://m.punjabitribuneonline.com
on your mobile browser.
Advertisement

ਹਸਪਤਾਲ ’ਚ ਅੱਗ ਲੱਗਣ ਕਾਰਨ ਸੱਤ ਨਵਜੰਮੇ ਬੱਚਿਆਂ ਦੀ ਮੌਤ

07:55 AM May 27, 2024 IST
ਹਸਪਤਾਲ ’ਚ ਅੱਗ ਲੱਗਣ ਕਾਰਨ ਸੱਤ ਨਵਜੰਮੇ ਬੱਚਿਆਂ ਦੀ ਮੌਤ
ਵਿਵੇਕ ਵਿਹਾਰ ਇਲਾਕੇ ਵਿੱਚ ਅੱਗ ਲੱਗਣ ਦੀ ਘਟਨਾ ਦੀ ਜਾਂਚ ਕਰਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਮਈ
ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਵਿੱਚ ਬੱਚਿਆਂ ਦੇ ਹਸਪਤਾਲ ਵਿੱਚ ਅੱਗ ਲੱਗਣ ਕਾਰਨ ਸੱਤ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਜਦਕਿ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਐੱਨਸੀਪੀਸੀਆਰ) ਨੇ ਘਟਨਾ ਦੀ ਜਾਂਚ ਲਈ ਟੀਮ ਦਾ ਗਠਨ ਕੀਤਾ ਹੈ।
ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਦੇ ਅਧਿਕਾਰੀਆਂ ਨੇ ਦੱਸਿਆ ਕਿ ‘ਬੇਬੀ ਕੇਅਰ ਨਿਊ ​​ਬੌਰਨ’ ਹਸਪਤਾਲ ਵਿੱਚ ਸ਼ਨਿਚਰਵਾਰ ਰਾਤ ਕਰੀਬ 11:30 ਵਜੇ ਅੱਗ ਲੱਗੀ ਤੇ ਦੋ ਹੋਰ ਇਮਾਰਤਾਂ ਵਿੱਚ ਫੈਲ ਗਈ। ਡਿਵੀਜ਼ਨਲ ਫਾਇਰ ਅਫਸਰ ਰਾਜਿੰਦਰ ਅਟਵਾਲ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ 16 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ ਸਨ। ਉਨ੍ਹਾਂ ਦੱਸਿਆ ਕਿ ਦੋ ਮੰਜ਼ਿਲਾ ਇਮਾਰਤ ’ਚ ਆਕਸੀਜਨ ਸਿਲੰਡਰ ਫਟਣ ਕਾਰਨ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਇਕ ਹੋਰ ਫਾਇਰ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿਚ ਦੋ ਬੁਟੀਕ, ਨਾਲ ਲੱਗਦੀ ਇਮਾਰਤ ’ਚ ਇੰਡਸਇੰਡ ਬੈਂਕ ਦਾ ਹਿੱਸਾ ਤੇ ਦੁਕਾਨ ਵੀ ਨੁਕਸਾਨੀ ਗਈ।
ਡੀਐੱਫਐੱਸ ਦੇ ਮੁਖੀ ਅਤੁਲ ਗਰਗ ਨੇ ਦੱਸਿਆ ਕਿ 12 ਨਵਜੰਮੇ ਬੱਚਿਆਂ ਨੂੰ ਹਸਪਤਾਲ ਤੋਂ ਬਾਹਰ ਕੱਢਿਆ ਗਿਆ ਸੀ ਪਰ ਇਨ੍ਹਾਂ ’ਚੋਂ ਸੱਤ ਦੀ ਮੌਤ ਹੋ ਗਈ। ਪੰਜ ਬੱਚੇ ਦੂਜੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਪੁਲੀਸ ਨੇ ਮੁਤਾਬਕ ਲਾਸ਼ਾਂ ਪੋਸਟਮਾਰਟਮ ਲਈ ਜੀਟੀਬੀ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ। ਡੀਸੀਪੀ (ਸ਼ਾਹਦਰਾ) ਸੁਰਿੰਦਰ ਚੌਧਰੀ ਨੇ ਦੱਸਿਆ ਕਿ ਹਸਪਤਾਲ ਦੇ ਮਾਲਕ ਨਵੀਨ ਕੀਚੀ ਖ਼ਿਲਾਫ਼ ਵਿਵੇਕ ਵਿਹਾਰ ਥਾਣੇ ’ਚ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਚੌਧਰੀ ਨੇ ਕਿਹਾ ਕਿ ਉਹ ਹਸਪਤਾਲ ਦੇ ਅੱਗ ਬੁਝਾਊ ਪ੍ਰਮਾਣ ਪੱਤਰ ਦੀ ਜਾਂਚ ਕਰ ਰਹੇ ਹਨ। ਐੱਨਸੀਪੀਸੀਆਰ ਨੇ ਘਟਨਾ ਦੀ ਜਾਂਚ ਲਈ ਟੀਮ ਤਾਇਨਾਤ ਕੀਤੀ ਹੈ। ਐੱਨਸੀਪੀਸੀਆਰ ਦੇ ਚੇਅਰਮੈਨ ਪ੍ਰਿਯੰਕ ਕਾਨੂੰਗੋ ਨੇ ਕਿਹਾ ਕਿ ਕਮਿਸ਼ਨ ਨੇ ਘਟਨਾ ਤੇ ਨੋਟਿਸ ਲਿਆ ਹੈ ਤੇ ਜਾਂਚ ਲਈ ਇਕ ਟੀਮ ਹਸਪਤਾਲ ਦਾ ਦੌਰਾ ਕਰੇਗੀ।

Advertisement

ਕਸੂਰਵਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਲਾਪਰਵਾਹੀ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ‘ਐਕਸ’ ’ਤੇ ਲਿਖਿਆ ਕਿ ਸਰਕਾਰ ਵਿਵੇਕ ਵਿਹਾਰ ਵਿੱਚ ਅੱਗ ਲੱਗਣ ਦੀ ਦੀ ਘਟਨਾ ਵਿੱਚ ਆਪਣੇ ਬੱਚੇ ਗੁਆਉਣ ਵਾਲਿਆਂ ਦੇ ਨਾਲ ਹੈ ਅਤੇ ਪ੍ਰਸ਼ਾਸਨ ਜ਼ਖਮੀਆਂ ਦਾ ਢੁਕਵਾਂ ਇਲਾਜ ਯਕੀਨੀ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਪ ਰਾਜਪਾਲ ਵੀਕੇ ਸਕਸੈਨਾ ਨੇ ਵੀ ਚੀਫ ਸੈਕਟਰੀ ਨਰੇਸ਼ ਕੁਮਾਰ ਨੂੰ ਘਟਨਾ ਦੀ ਜਾਂਚ ਕਰਨ ਲਈ ਕਿਹਾ ਹੈ।

Advertisement
Author Image

sukhwinder singh

View all posts

Advertisement
Advertisement
×