ਫਿਰੌਤੀ ਲਈ ਧਮਕਾਉਣ ਵਾਲੇ ਗਰੋਹ ਦੇ ਸੱਤ ਮੈਂਬਰ ਗ੍ਰਿਫ਼ਤਾਰ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 1 ਜੁਲਾਈ
ਮੁਹਾਲੀ ਪੁਲੀਸ ਨੇ ਕੈਨੇਡਾ ਬੈਠੇ ਗੈਂਗਸਟਰ ਪ੍ਰਿੰਸ ਚੌਹਾਨ ਅਤੇ ਕਾਲਾ ਰਾਣਾ ਦੇ ਇਸ਼ਾਰੇ ’ਤੇ ਮੁਹਾਲੀ ਸਮੇਤ ਟਰਾਈਸਿਟੀ ਵਿੱਚ ਫਿਰੌਤੀ ਮੰਗਣ ਲਈ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ ਸੱਤ ਮੁਲਜ਼ਮਾਂ ਨੂੰ ਮਾਰੂ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦਿੱਤੀ।
ਐੱਸਐੱਸਪੀ ਨੇ ਦੱਸਿਆ ਕਿ ਬੀਤੀ 8 ਜੂਨ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਰੋਹਿਤ ਗੁਪਤਾ ਉਰਫ਼ ਸੋਨੂੰ ਵਾਸੀ ਧਨਾਸ ਨੂੰ ਪਿੰਡ ਝਾਮਪੁਰ ਵਿੱਚ ਉਸ ਦੇ ਸਟੋਰ ’ਤੇ ਫਾਇਰਿੰਗ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਸਬੰਧੀ ਬਲੌਂਗੀ ਥਾਣੇ ਵਿੱਚ ਕੇਸ ਦਰਜ ਕੀਤਾ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਸਪੀ (ਡੀ) ਅਮਨਦੀਪ ਸਿੰਘ ਬਰਾੜ, ਐੱਸਪੀ (ਦਿਹਾਤੀ) ਮਨਪ੍ਰੀਤ ਸਿੰਘ, ਡੀਐੱਸਪੀ (ਡੀ) ਗੁਰਸ਼ੇਰ ਸਿੰਘ ਸੰਧੂ, ਡੀਐੱਸਪੀ ਖਰੜ ਰੁਪਿੰਦਰਦੀਪ ਕੌਰ ਸੋਹੀ, ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਤੇ ਬਲੌਂਗੀ ਥਾਣੇ ਦੇ ਐੱਸਐੱਚਓ ਪੀ.ਐੱਸ. ਗਰੇਵਾਲ ਦੀ ਅਗਵਾਈ ਹੇਠ ਦੋ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਪੁਲੀਸ ਨੇ ਉਕਤ ਗਰੋਹ ਦਾ ਪਰਦਾਫਾਸ਼ ਕਰ ਕੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਕੋਲੋਂ 32 ਬੋਰ ਦੇ ਦੋ ਪਿਸਤੌਲ, ਪੰਜ ਰੌਂਦ, ਇੱਕ ਕਾਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਐੱਸਐੱਸਪੀ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਨੇ ਕੈਨੇਡਾ ਬੈਠੇ ਗੈਂਗਸਟਰ ਪ੍ਰਿੰਸ ਚੌਹਾਨ ਅਤੇ ਸੰਦੀਪ ਉਰਫ਼ ਕਾਲਾ ਰਾਣਾ ਦੇ ਇਸ਼ਾਰੇ ’ਤੇ ਰੋਹਿਤ ਕੁਮਾਰ ਤੋਂ ਫਿਰੌਤੀ ਦੇ ਪੈਸੇ ਨਾ ਮਿਲਣ ਕਾਰਨ ਉਸ ’ਤੇ ਫਾਇਰਿੰਗ ਕਰ ਕੇ ਉਸ ਨੂੰ ਜ਼ਖ਼ਮੀ ਕੀਤਾ ਸੀ। ਇਸ ਮਾਮਲੇ ਵਿੱਚ ਮਨਵੀਰ ਸਿੰਘ ਉਰਫ਼ ਮਨਵੀਰ ਰਾਣਾ ਤੇ ਮਨੀਸ਼ ਸੈਣੀ ਉਰਫ਼ ਮਨੀ ਦੋਵੇਂ ਵਾਸੀਆਨ ਪੰਚਕੂਲਾ, ਦੀਪਕ ਕੁਮਾਰ ਉਰਫ਼ ਦੀਪੂ ਵਾਸੀ ਪਿੰਡ ਮੋਨੀ (ਪੰਚਕੂਲਾ), ਪ੍ਰਵੀਨ ਕੁਮਾਰ ਵਾਸੀ ਪਿੰਡ ਘਰਾਉਣਾ (ਕਰਨਾਲ), ਨਿਖਿਲ ਕੁਮਾਰ ਵਾਸੀ ਨਵਾਂ ਗਰਾਓਂ, ਰੋਹਿਤ ਕੁਮਾਰ ਉਰਫ਼ ਪੀਨ ਵਾਸੀ ਡੱਡੂਮਾਜਰਾ ਕਾਲੋਨੀ ਚੰਡੀਗਡ਼੍ਹ ਤੇ ਦਿਕਸਾੜ ਉਰਫ਼ ਦਿਸੂ ਪਿੰਡ ਪਿਆਰੇਵਾਲਾ (ਪੰਚਕੂਲਾ) ਨੂੰ ਕਾਬੂ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕੈਨੇਡਾ ਰਹਿੰਦੇ ਗੈਂਗਸਟਰ ਪ੍ਰਿੰਸ ਚੌਹਾਨ ਤੇ ਸੰਦੀਪ ਉਰਫ਼ ਕਾਲਾ ਅਤੇ ਦਿਲਬਰ ਵਾਸੀ ਤੇਰੇ ਵਾਲੀ, ਥਾਣਾ ਨਰਾਇਣਗੜ੍ਹ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਲੁਟੇਰਾ ਗਰੋਹ ਦੇ ਪੰਜ ਮੈਂਬਰ ਹਥਿਆਰਾਂ ਸਣੇ ਕਾਬੂ; ਅਸਲੇ ਸਣੇ ਇਕ ਹੋਰ ਗ੍ਰਿਫ਼ਤਾਰ
ਨੂਰਪੁਰ ਬੇਦੀ (ਬਲਵਿੰਦਰ ਰੈਤ): ਨੂਰਪੁਰ ਬੇਦੀ ਪੁਲੀਸ ਨੇ ਪੰਜ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਹ ਨੌਜਵਾਨ ਹਥਿਆਰਾਂ ਦੀ ਨੋਕ ’ਤੇ ਇਲਾਕੇ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਦੇ ਸਨ। ਇਸੇ ਦੌਰਾਨ ਪਿੰਡ ਬੂਥਗਡ਼੍ਹ ਵਿੱਚ ਵੀ ਇੱਕ ਨਾਕੇ ਦੌਰਾਨ ਇੱਕ ਹੋਰ ਨੌਜਵਾਨ ਨੂੰ ਇੱਕ ਦੇਸੀ ਪਿਸਤੌਲ ਤੇ ਬਿਨਾ ਨੰਬਰ ਵਾਲੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ। ਅੱਜ ਪੁਲੀਸ ਥਾਣਾ ਨੂਰਪੁਰ ਬੇਦੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰ ਕੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪੰਜ ਨੌਜਵਾਨ ਪਿੰਡ ਧਮਾਣਾ ਵਿੱਚ ਇਕੱਠੇ ਹੋ ਕੇ ਇੱਕ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਹਨ ਤਾਂ ਹਰੀਪੁਰ ਪੁਲੀਸ ਚੌਕੀ ਦੇ ਇੰਚਾਰਜ ਸੋਹਣ ਸਿੰਘ ਨੇ ਆਪਣੀ ਪੁਲੀਸ ਪਾਰਟੀ ਸਮੇਤ ਉਕਤ ਪੰਜ ਨੌਜਵਾਨਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਕਰਨਜੀਤ ਸਿੰਘ ਵਾਸੀ ਪਿੰਡ ਬ੍ਰਾਹਮਣ ਮਾਜਰਾ, ਬਲਜਿੰਦਰ ਸਿੰਘ ਵਾਸੀ ਪਿੰਡ ਸਰਥਲੀ, ਬਲਜਿੰਦਰ ਸਿੰਘ ਵਾਸੀ ਪਿੰਡ ਅਸਮਾਨਪੁਰ, ਸੂਰਜ ਜੋਸ਼ੀ ਵਾਸੀ ਪਿੰਡ ਝਿੰਜਡ਼ੀ, ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ ਜੋ ਇੱਕ ਸਵਿਫਟ ਕਾਰ ਨੰਬਰ ਐੱਚਪੀ22ਈ-3540 ਸਮੇਤ ਕਾਬੂ ਕੀਤੇ ਗਏ। ਮੁਲਜ਼ਮਾਂ ਕੋਲੋਂ ਦੋ ਕਿਰਪਾਨਾਂ, ਦੋ ਖੰਜਰ ਅਤੇ ਦੋ ਲੋਹੇ ਦੀਆਂ ਰਾਡਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ਨੌਜਵਾਨਾਂ ਨੇ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਪੈਂਦੇ ਪਿੰਡ ਆਸਰੋਂ ਵਿੱਚ ਸ਼ਰਾਬ ਦਾ ਠੇਕਾ ਲੁੱਟਿਆ ਸੀ। ਪੁਲੀਸ ਨੇ ਉਕਤ ਨੌਜਵਾਨਾਂ ਵਿਰੁੱਧ ਕੇਸ ਦਰਜ ਕਰ ਕੇ ਪੁਲੀਸ ਰਿਮਾਂਡ ਲੈ ਲਿਆ ਹੈ। ਇਸੇ ਦੌਰਾਨ ਇੱਕ ਹੋਰ ਪੁਲੀਸ ਨਾਕੇ ਦੌਰਾਨ ਇਕ ਨੌਜਵਾਨ ਭੁਪਿੰਦਰ ਸਿੰਘ ਵਾਸੀ ਪਿੰਡ ਬੂਥਗਡ਼੍ਹ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਇਕ ਦੇਸੀ ਪਿਸਤੌਲ ਤੇ ਬਿਨਾਂ ਨੰਬਰ ਵਾਲਾ ਮੋਟਰਸਾੲੀਕਲ ਬਰਾਮਦ ਕੀਤਾ ਹੈ ਜਦਕਿ ਇਕ ਨੌਜਵਾਨ ਫਰਾਰ ਹੋ ਗਿਆ ਜਿਸ ਦਾ ਨਾਂ ਪ੍ਰਦੀਪ ਸਿੰਘ ਉਰਫ ਦੀਪਾ ਦੱਸਿਆ ਗਿਆ ਹੈ।
ਅੰਕੁਸ਼ ਕਮਾਲਪੁਰ ਗਰੋਹ ਦਾ ਮੈਂਬਰ ਅਸਲੇ ਸਣੇ ਕਾਬੂ
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਐੱਸਟੀਐੱਫ ਨੇ ਗੈਂਗਸਟਰ ਅੰਕੁਸ਼ ਕਮਾਲਪੁਰ ਗਰੋਹ ਦੇ ਸਰਗਰਮ ਮੈਂਬਰ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿੱਚੋਂ ਚਾਰ ਪਿਸਤੌਲਾਂ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਕਰਨਾਲ ਜ਼ਿਲ੍ਹੇ ਦੇ ਜਾਂਬਾ ਵਾਸੀ ਆਸ਼ੀਸ਼ ਉਰਫ਼ ਟੋਬੋ ਵਜੋਂ ਹੋਈ ਹੈ। ਡੀਐੱਸਪੀ ਅਮਨ ਨੇ ਦੱਸਿਆ ਕਿ ਐੱਸਟੀਐੱਫ ਨੂੰ ਗੁਪਤ ਸੂਚਨਾ ਮਿਲੀ ਕਿ ਅੰਕੁਸ਼ ਕਮਾਲਪੁਰ ਗਰੋਹ ਦਾ ਸਰਗਰਮ ਮੈਂਬਰ ਆਸ਼ੀਸ਼ ਕੁਮਾਰ ਉਰਫ਼ ਟੋਬੋ ਭਾਰੀ ਮਾਤਰਾ ਵਿੱਚ ਹਥਿਆਰ ਲੈ ਕੇ ਘੁੰਮ ਰਿਹਾ ਹੈ। ਐੱਸਟੀਐੱਫ ਨੇ ਛਾਪਾ ਮਾਰ ਕੇ ਉਸ ਨੂੰ ਕਾਬੂ ਕਰ ਲਿਆ। ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ ਵਿਚੋਂ ਚਾਰ ਪਿਸਤੌਲਾਂ ਅਤੇ ਚਾਰ ਕਾਰਤੂਸ ਬਰਾਮਦ ਹੋਏ ਹਨ।