ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦੇ ਸੱਤ ਮੈਂਬਰ ਕਾਬੂ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 9 ਫਰਵਰੀ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਸੱਤ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ 10 ਪਿਸਤੌਲਾਂ, ਇੱਕ ਰਾਈਫਲ, ਕਾਰਤੂਸ ਤੇ ਇਕ ਕਾਰ ਵੀ ਜ਼ਬਤ ਕੀਤੀ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਆਸਟਰੇਲੀਆ ਸਥਿਤ ਰਿਤਿਕ ਰੈਲੀ ਅਤੇ ਜੇਲ੍ਹ ਵਿੱਚ ਕੈਦ ਕੁਨਾਲ ਮਹਾਜਨ ਵੱਲੋਂ ਹਥਿਆਰਾਂ ਦਾ ਧੰਦਾ ਚਲਾਇਆ ਜਾ ਰਿਹਾ ਸੀ।
ਮੁਲਜ਼ਮਾਂ ਦੀ ਪਛਾਣ ਜਸ਼ਨਦੀਪ ਸਿੰਘ ਉਰਫ਼ ਛਿੱਲਰ (19) ਅਤੇ ਕਰਨਦੀਪ ਸਿੰਘ ਉਰਫ਼ ਕਰਨਜੀਤ (21) ਦੋਵੇਂ ਵਾਸੀ ਗੁਰੂ ਕੀ ਵਡਾਲੀ ਅੰਮ੍ਰਿਤਸਰ, ਸ਼ਰਨਜੀਤ ਸਿੰਘ ਉਰਫ਼ ਸੰਨੀ (24) ਵਾਸੀ ਪਿੰਡ ਬੀਹਲਾ ਅਤੇ ਦੀਪਕ ਕੁਮਾਰ ਵਾਸੀ ਤਰਨ ਤਾਰਨ, ਦੀਪੂ (24) ਵਾਸੀ ਚੋਹਲਾ ਸਾਹਿਬ, ਸੰਦੀਪ ਸਿੰਘ ਉਰਫ ਕਾਕਾ (26) ਵਾਸੀ ਅੰਮ੍ਰਿਤਸਰ ਅਤੇ ਨਰਿੰਦਰ ਸਿੰਘ ਉਰਫ ਸੋਨੂ (30) ਵਾਸੀ ਪਿੰਡ ਹੋਠੀਆਂ ਵਜੋਂ ਹੋਈ ਹੈ। ਸ੍ਰੀ ਭੁੱਲਰ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਹ ਵਿਅਕਤੀ ਮੱਧ ਪ੍ਰਦੇਸ਼ ਤੋਂ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਖੇਤਰ ਵਿਚ ਅਪਰਾਧਿਕ ਅਨਸਰਾਂ ਨੂੰ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਦੇ ਹਨ। ਇਸ ਗੁਪਤ ਸੂਚਨਾ ’ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲੀਸ ਟੀਮਾਂ ਨੇ ਇਕ ਵਿਸ਼ੇਸ਼ ਮੁਹਿੰਮ ਚਲਾਈ ਅਤੇ ਵੱਖ-ਵੱਖ ਥਾਵਾਂ ਤੋਂ ਸੱਤ ਮੁਲਜ਼ਮਾਂ ਨੂੰ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਹ ਆਸਟ੍ਰੇਲੀਆ ਸਥਿਤ ਰਿਤਿਕ ਰੈਲੀ ਅਤੇ ਜੇਲ੍ਹ ਵਿੱਚ ਬੰਦ ਕੁਨਾਲ ਮਹਾਜਨ ਦੇ ਕਹਿਣ ’ਤੇ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰ ਰਹੇ ਸਨ ਤੇ ਅਪਰਾਧਿਕ ਗਤੀਵਿਧੀਆਂ ਲਈ ਇਹ ਹਥਿਆਰ ਸਪਲਾਈ ਕੀਤੀ ਜਾ ਰਹੇ ਸਨ।