ਰੇਲਵੇ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਸੱਤ ਲੱਖ ਠੱਗੇ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 25 ਜੂਨ
ਮਹੇਸ਼ ਨਗਰ ਪੁਲੀਸ ਨੇ ਜੈ ਚੰਦ ਵਰਮਾ ਵਾਸੀ ਗਾਂਧੀ ਨਗਰ ਅੰਬਾਲਾ ਕੈਂਟ ਦੀ ਸ਼ਿਕਾਇਤ ‘ਤੇ ਛਿੱਬੂ ਰਾਮ ਵਾਸੀ ਰੇਲਵੇ ਕਾਲੋਨੀ, ਸਰੋਜਨੀ ਨਗਰ ਨਵੀਂ ਦਿੱਲੀ ਖ਼ਿਲਾਫ਼ ਰੇਲਵੇ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਸੱਤ ਲੱਖ ਰੁਪਏ ਠੱਗਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਜੈ ਚੰਦ ਵਰਮਾ ਨੇ ਐੱਸ.ਪੀ. ਅੰਬਾਲਾ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਸੀ ਕਿ ਉਹ ਹਵਾਈ ਸੈਨਾ ਵਿੱਚੋਂ ਸੇਵਾਮੁਕਤ ਹੈ। ਰੇਲਵੇ ਕਾਲੋਨੀ ਸਰੋਜਨੀ ਨਗਰ, ਦਿੱਲੀ ਦੇ ਛਿੱਬੂ ਰਾਮ ਨੇ ਉਸ ਦੇ ਪੁੱਤਰ ਲੋਕੇਸ਼ ਵਰਮਾ ਨੂੰ ਰੇਲਵੇ ਵਿੱਚ ਨੌਕਰੀ ਦਿਵਾਉਣ ਦੇ ਨਾਂ ‘ਤੇ ਸੱਤ ਲੱਖ ਰੁਪਏ ਲਏ ਸਨ ਪਰ ਨਾ ਤਾਂ ਉਸ ਨੇ ਨੌਕਰੀ ਦਿਵਾਈ ਅਤੇ ਨਾ ਹੀ ਰਕਮ ਵਾਪਸ ਕੀਤੀ। ਇਸ ਦੌਰਾਨ ਉਹ ਅਤੇ ਉਸ ਦਾ ਪੁੱਤਰ ਲੋਕੇਸ਼ ਮਾਨਸਿਕ ਤਣਾਅ ਵਿੱਚ ਰਹਿਣ ਲੱਗੇ। ਬੇਟੇ ਦੀ ਸਿਹਤ ਕਾਫ਼ੀ ਵਿਗੜ ਗਈ ਤੇ 17 ਅਗਸਤ 2021 ਨੂੰ ਉਸ ਦੀ ਮੌਤ ਹੋ ਗਈ। ਉਸ ਤੋਂ ਬਾਅਦ ਛਿੱਬੂ ਰਾਮ ਨੇ ਥੋੜੀ ਜਿਹੀ ਰਕਮ ਮੋੜੀ ਪਰ ਬਾਕੀ ਨਹੀਂ ਦਿੱਤੀ। ਪੁਲੀਸ ਨੇ ਛਿੱਬੂ ਰਾਮ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।