For the best experience, open
https://m.punjabitribuneonline.com
on your mobile browser.
Advertisement

ਡੇਰਾਬੱਸੀ ਵਿੱਚ ਪਿਛਲੇ 36 ਘੰਟਿਆਂ ਦੌਰਾਨ ਸੱਤ ਬੱਚੇ ਲਾਪਤਾ

06:32 AM Jul 09, 2024 IST
ਡੇਰਾਬੱਸੀ ਵਿੱਚ ਪਿਛਲੇ 36 ਘੰਟਿਆਂ ਦੌਰਾਨ ਸੱਤ ਬੱਚੇ ਲਾਪਤਾ
ਡੇਰਾਬੱਸੀ ਤੋਂ ਲਾਪਤਾ ਬੱਚਿਆਂ ਦੇ ਮਾਪੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਡੇਰਾਬੱਸੀ, 8 ਜੁਲਾਈ
ਇੱਥੇ ਬਰਵਾਲਾ ਸੜਕ ’ਤੇ ਪੈਂਦੇ ਭਗਤ ਸਿੰਘ ਨਗਰ ਤੋਂ ਵੱਖ-ਵੱਖ ਪਰਿਵਾਰਾਂ ਦੇ ਸੱਤ ਲੜਕੇ ਪਿਛਲੇ 36 ਘੰਟੇ ਤੋਂ ਲਾਪਤਾ ਹਨ। ਲਾਪਤਾ ਬੱਚੇ ਪਰਵਾਸੀ ਪਰਿਵਾਰਾਂ ਨਾਲ ਸਬੰਧਤ ਹਨ। ਸ਼ਿਕਾਇਤ ਮਿਲਣ ਮਗਰੋਂ ਪੁਲੀਸ ਨੇ ਉਨ੍ਹਾਂ ਦੀ ਭਾਲ ਵਿੱਚ ਜੁੱਟ ਗਈ ਹੈ।
ਲਾਪਤਾ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਐਤਵਾਰ ਤੜਕੇ ਲਗਪਗ 5 ਵਜੇ ਲੜਕੇ ਘਰ ਨੇੜੇ ਪਾਰਕ ਵਿੱਚ ਖੇਡਣ ਗਏ ਸਨ ਪਰ ਘਰ ਨਹੀਂ ਪਰਤੇ। ਇਸੇ ਤਰ੍ਹਾਂ ਦੁਪਹਿਰ 12 ਵਜੇ ਭਗਤ ਸਿੰਘ ਨਗਰ ਦੇ ਵੱਖ-ਵੱਖ ਗਲੀਆਂ ਵਿੱਚ ਰਹਿੰਦੇ ਪੰਜ ਹੋਰ ਬੱਚੇ ਘਰ ਨਹੀਂ ਪਰਤੇ। ਐਤਵਾਰ ਦੀ ਛੁੱਟੀ ਹੋਣ ਕਾਰਨ ਬੱਚਿਆਂ ਦੇ ਲਾਪਤਾ ਹੋਣ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਲਾਪਤਾ ਲੜਕੇ ਇੱਕ-ਦੂਜੇ ਨੂੰ ਜਾਣਦੇ ਹਨ ਅਤੇ ਇੱਕ ਹੀ ਸਕੂਲ ਵਿੱਚ ਇਕੱਠੇ ਪੜ੍ਹਦੇ ਹਨ। ਇਨ੍ਹਾਂ ਵਿੱਚ ਸਭ ਤੋਂ ਵੱਡਾ ਲੜਕਾ 15 ਸਾਲ ਦਾ ਹੈ ਜੋ ਦਸਵੀਂ ਕਲਾਸ ਵਿੱਚ ਪੜ੍ਹਦਾ ਹੈ।
ਮਾਪਿਆਂ ਵੱਲੋਂ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ, ਪਰ ਉਨ੍ਹਾਂ ਦਾ ਕੋਈ ਸੁਰਾਗ਼ ਨਹੀਂ ਮਿਲਿਆ। ਇਸ ਦੌਰਾਨ ਲਾਪਤਾ ਬੱਚੇ ਦੇ ਇੱਕ ਸਾਥੀ ਨੇ ਦੱਸਿਆ ਕਿ ਉਹ ਮੁੰਬਈ ਜਾਣ ਦੀ ਗੱਲ ਕਰ ਰਹੇ ਹਨ। ਲਾਪਤਾ ਬੱਚਿਆਂ ਨਾਲ 15 ਸਾਲਾ ਦੀਪ, ਜੋ ਲੰਘੇ ਕੱਲ੍ਹ ਸਵੇਰ ਸੂਰਜ ਅਤੇ ਅਨਿਲ ਨਾਲ ਪੁਲੀਸ ਥਾਣੇ ਸਾਹਮਣੇ ਪਾਰਕ ਵਿਚ ਖੇਡਣ ਗਿਆ ਸੀ, ਨੇ ਦੱਸਿਆ ਕਿ ਦੋਵੇਂ ਜਣੇ ਘਰ ਤੋਂ ਭੱਜਣ ਬਾਰੇ ਗੱਲ ਕਰ ਰਹੇ ਸਨ। ਉਸਨੇ ਦੱਸਿਆ ਕਿ ਦੋਵੇਂ ਜਣੇ ਉਸ ਨੂੰ ਵੀ ਆਪਣੇ ਨਾਲ ਜਾਣ ਲਈ ਦਬਾਅ ਬਣਾ ਰਹੇ ਸਨ। ਉਸਨੇ ਦੱਸਿਆ ਕਿ ਉਹ ਨਾਲ ਨਹੀਂ ਗਿਆ ਅਤੇ ਡਰ ਕੇ ਘਰ ਪਰਤ ਆਇਆ। ਪਰਿਵਾਰਾਂ ਨੇ ਦੱਸਿਆ ਕਿ ਲਾਪਤਾ ਬੱਚਿਆਂ ਵਿੱਚੋਂ ਦੋ ਕੋਲ ਮੋਬਾਈਲ ਤਾਂ ਹੈ ਪਰ ਉਨ੍ਹਾਂ ਵਿੱਚ ਸਿਮ ਨਹੀਂ ਹੈ। ਉਹ ਦੋਵੇਂ ਮੋਬਾਈਲ ਵਿੱਚ ਆਪਣੀ ਇੰਸਟਾਗ੍ਰਾਮ ਅਕਾਊਂਟ ਚਲਾ ਰਹੇ ਹਨ ਅਤੇ ਆਨਲਾਈਨ ਗੇਮ ਵੀ ਖੇਡ ਰਹੇ ਹਨ।
ਲਾਪਤਾ ਬੱਚਿਆਂ ਵਿੱਚ ਭਗਤ ਸਿੰਘ ਨਗਰ ਦੀ ਗਲੀ ਨੰਬਰ 3 ਦੇ ਵਸਨੀਕ ਸੂਰਜ (15) ਪੁੱਤਰ ਬੇਚੂ ਰਾਮ ਅਤੇ ਅਨਿਲ (15) ਪੁੱਤਰ ਸੀਤਾ ਰਾਮ, ਗਲੀ ਨੰਬਰ 4 ਵਾਸੀ ਗਿਆਨ ਚੰਦ, ਗਲੀ ਨੰਬਰ 8 ਵਾਸੀ ਗੌਰਵ, ਅਜੈ (13), ਦਿਲੀਪ ਅਤੇ ਵਿਸ਼ਨੂੰ ਸ਼ਾਮਲ ਹਨ।
ਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਸ਼ਾਮ 6 ਵਜੇ ਤਕ ਬੱਚਿਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਮੋਬਾਈਲ ਦੇ ਸਹਾਰੇ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ। ਵੱਖ-ਵੱਖ ਥਾਣਿਆਂ ਵਿੱਚ ਬੱਚਿਆਂ ਦੀ ਤਸਵੀਰਾਂ ਭੇਜੀਆਂ ਗਈਆਂ ਹਨ। ਪੁਲੀਸ ਟੀਮਾਂ ਵੱਖ-ਵੱਖ ਰੇਲਵੇ ਸਟੇਸ਼ਨ ’ਤੇ ਜਾਂਚ ਕਰ ਰਹੀਆਂ ਹਨ।

Advertisement

Advertisement
Advertisement
Author Image

joginder kumar

View all posts

Advertisement