ਮਹਾਰਾਜਾ ਰਣਜੀਤ ਸਿੰਘ ਏਐੱਫਪੀਆਈ ਦੇ ਸੱਤ ਕੈਡੇਟ ਐੱਨਡੀਏ ’ਚੋਂ ਪਾਸ-ਆਊਟ
ਚੰਡੀਗੜ੍ਹ, 30 ਨਵੰਬਰ
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐੱਮਆਰਐੱਸਏਐੱਫਪੀਆਈ) ਮ‘ਹਾਲੀ ਦੇ ਸੱਤ ਕੈਡੇਟ ਅੱਜ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਪੁਣੇ ਤੋਂ ਪਾਸ-ਆਊਟ ਹੋਏ ਹਨ। ਇਸ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਭਾਰਤ ਦੇ ਰਾਸ਼ਟਰਪਤੀ ਅਤੇ ਆਰਮਡ ਫੋਰਸਿਜ਼ ਦੇ ਸੁਪਰੀਮ ਕਮਾਂਡਰ ਸ੍ਰੀਮਤੀ ਦਰੋਪਦੀ ਮੁਰਮੂ ਵੱਲੋਂ ਕੀਤਾ ਗਿਆ। ਤਿੰਨ ਸਾਲ ਦੀ ਸਿਖਲਾਈ ਤੋਂ ਬਾਅਦ ਇਹ ਸੱਤ ਕੈਡੇਟ ਪ੍ਰਥਮ ਪਰਮਾਰ, ਸ਼ਿਵ ਕੁਮਾਰ, ਕ੍ਰਿਤਿਨ ਗੁਪਤਾ, ਸਾਹਿਲਦੀਪ ਸਿੰਘ, ਸਾਹਿਲਪ੍ਰੀਤ ਸਿੰਘ, ਉੱਤਮ ਮਲਿਕ ਅਤੇ ਭਰਤ ਸ਼ਰਮਾ ਹੁਣ ਵੱਖ-ਵੱਖ ਸਰਵਿਸ ਟਰੇਨਿੰਗ ਅਕੈਡਮੀਆਂ ਜੁਆਇਨ ਕਰਨਗੇ ਅਤੇ ਇੱਕ ਸਾਲ ਬਾਅਦ ਇਹ ਕੈਡੇਟ ਕਮਿਸ਼ਨਡ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ। ਆਈਐੱਮਏ ਦੇਹਰਾਦੂਨ ਤੋਂ ਗ੍ਰੈਜੂਏਸ਼ਨ ਉਪਰੰਤ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 7ਵੇਂ ਕੋਰਸ ਦੇ ਚਾਰ ਕੈਡਿਟ 9 ਦਸੰਬਰ 2023 ਨੂੰ ਭਾਰਤੀ ਫੌਜ ਵਿੱਚ ਕਮਿਸ਼ਨਡ ਅਫਸਰ ਵਜੋਂ ਨਿਯੁਕਤ ਹੋਣਗੇ। ਆਈਐੱਮਏ ਤੋਂ ਇਨ੍ਹਾਂ ਕੈਡਿਟਾਂ ਦੇ ਪਾਸ ਆਊਟ ਹੋਣ ਨਾਲ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਤੋਂ ਸਿਖਲਾਈ ਪ੍ਰਾਪਤ ਕਰਨ ਵਾਲੇ ਕਮਿਸ਼ਨਡ ਅਫਸਰਾਂ ਦੀ ਗਿਣਤੀ 145 ਹੋ ਜਾਵੇਗੀ। ਇੰਸਟੀਚਿਊਟ ਦੀ ਸਫ਼ਲਤਾ ਪ੍ਰਤੀਸ਼ਤਤਾ ਵਧ ਕੇ ਦੇਸ਼ ਵਿੱਚ ਸਭ ਤੋਂ ਵੱਧ 54.89 ਫੀਸਦ ਹੋ ਜਾਵੇਗੀ। ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਸਖ਼ਤ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਮਹਾਰਾਜਾ ਰਣਜੀਤ ਸਿੰਘ ਏਐੱਫਪੀਆਈ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐੱਚ. ਚੌਹਾਨ (ਵੀਐੱਸਐੱਮ) ਨੇ ਕਿਹਾ ਕਿ ਹੁਣ ਇੰਸਟੀਚਿਊਟ ਦੇ 12 ਕੈਡਿਟ ਵੱਖ-ਵੱਖ ਸਰਵਿਸ ਟਰੇਨਿੰਗ ਅਕੈਡਮੀਆਂ ਤੋਂ ਆਪਣੇ ਕਾਲ-ਅੱਪ ਲੈਟਰਜ਼ ਦੀ ਉਡੀਕ ਕਰ ਰਹੇ ਹਨ। ਇਸ ਤੋਂ ਇਲਾਵਾ ਜਲਦੀ 37 ਕੈਡੇਟਾਂ ਦੀ ਸਰਵਿਸਿਜ਼ ਸਿਲੈਕਸ਼ਨ ਬੋਰਡ (ਐੱਸਐੱਸਬੀ) ਵੱਲੋਂ ਇੰਟਰਵਿਊ ਕੀਤੀ ਜਾਵੇਗੀ। ਇੰਸਟੀਚਿਊਟ ਦਾ ਨਵਾਂ ਕੋਰਸ ਅਪਰੈਲ 2024 ਵਿੱਚ ਸ਼ੁਰੂ ਹੋਵੇਗਾ, ਜਿਸਦਾ ਇਸ਼ਤਿਹਾਰ ਪ੍ਰਕਾਸ਼ਿਤ ਕਰ ਦਿੱਤਾ ਗਿਆ ਹੈ।