ਕਤਲ ਦੇ ਦੋਸ਼ ਹੇਠ ਪੰਜ ਨਾਬਾਲਗਾਂ ਸਣੇ ਸੱਤ ਗ੍ਰਿਫ਼ਤਾਰ
ਨਵੀਂ ਦਿੱਲੀ, 4 ਜਨਵਰੀ
ਦਿੱਲੀ ਪੁਲੀਸ ਨੇ ਇੱਕ 14 ਸਾਲਾ ਵਿਦਿਆਰਥੀ ਦੇ ਕਤਲ ਦੇ ਦੋਸ਼ ਹੇਠ ਪੰਜ ਨਾਬਾਲਗਾਂ ਸਣੇ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ ਦਿੱਲੀ ਤੋਂ ਭੱਜਣ ਦੀ ਯੋਜਨਾ ਬਣਾ ਰਹੇ ਸਨ। ਪੁਲੀਸ ਨੇ ਵਾਰਦਾਤ ਵੇਲੇ ਵਰਤਿਆ ਚਾਕੂ ਅਤੇ ਹੋਰ ਸਬੂਤ ਵੀ ਬਰਾਮਦ ਕੀਤੇ ਹਨ। ਇਹ ਘਟਨਾ ਪੂਰਬੀ ਦਿੱਲੀ ਦੇ ਸ਼ਕਰਪੁਰ ਇਲਾਕੇ ’ਚ ਸ਼ੁੱਕਰਵਾਰ ਨੂੰ ਵਾਪਰੀ, ਜਿਸ ਵਿੱਚ 9ਵੀਂ ਜਮਾਤ ਦੇ ਵਿਦਿਆਰਥੀ ’ਤੇ ਸਕੂਲ ਦੇ ਬਾਹਰ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਦਿੱਤਾ ਗਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਪੀੜਤ ਦਾ ਆਪਣੇ ਇਕ ਸਹਿਪਾਠੀ ਨਾਲ ਕਥਿਤ ਤੌਰ ’ਤੇ ਝਗੜਾ ਹੋ ਗਿਆ ਸੀ। ਇਸ ਕਾਰਨ ਮੁਲਜ਼ਮ ਨੇ ਫੋਨ ਕਰਕੇ ਆਪਣੇ ਹੋਰ ਸਾਥੀਆਂ ਨੂੰ ਵੀ ਉੱਥੇ ਬੁਲਾ ਲਿਆ। ਡਿਪਟੀ ਕਮਿਸ਼ਨਰ ਆਫ ਪੁਲੀਸ (ਪੂਰਬੀ) ਅਭਿਸ਼ੇਕ ਧਾਨੀਆ ਨੇ ਦੱਸਿਆ ਕਿ ਸ਼ਾਮ ਕਰੀਬ 6 ਵਜੇ ਜਦੋਂ ਵਿਦਿਆਰਥੀ ਸਕੂਲ ਤੋਂ ਬਾਹਰ ਨਿਕਲੇ ਤਾਂ ਮੁਲਜ਼ਮ ਸਾਥੀਆਂ ਨਾਲ ਸਕੂਲ ਦੇ ਬਾਹਰ ਉਡੀਕ ਕਰ ਰਿਹਾ ਸੀ। ਸਥਿਤੀ ਉਦੋਂ ਵਿਗੜ ਗਈ ਜਦੋਂ ਮੁੱਖ ਮੁਲਜ਼ਮ ਦੇ ਨਾਬਾਲਗ ਸਾਥੀ ਨੇ ਪੀੜਤ ਦੇ ਸੱਜੇ ਪੱਟ ਵਿੱਚ ਚਾਕੂ ਮਾਰ ਦਿੱਤਾ ਤੇ ਉਹ ਗੰਭੀਰ ਜ਼ਖਮੀ ਹੋ ਗਿਆ। ਸਟਾਫ਼ ਨੇ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਅਤੇ ਪੀੜਤ ਵਿਦਿਆਰਥੀ ਨੂੰ ਹੇਡਗੇਵਾਰ ਹਸਪਤਾਲ ਪਹੁੰਚਾਇਆ ਜਿਥੋਂ ਉਸਨੂੰ ਜੀਟੀਬੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਉਸ ਦੀ ਮੌਤ ਹੋ ਗਈ। ਬਾਲਗਾ ’ਚ ਕਾਲਜ ਦਾ ਵਿਦਿਆਰਥੀ ਸਾਰਥੀ (19) ਅਤੇ ਡੇਅਰੀ ਮਾਲਕ ਅਮਨ ਕੁਮਾਰ (31) ਦੇ ਨਾਂ ਸ਼ਾਮਲ ਹਨ। -ਪੀਟੀਆਈ
ਕਤਲ ਦੇ ਦੋਸ਼ ਹੇਠ ਭਗੌੜਾ ਗ੍ਰਿਫ਼ਤਾਰ
ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਕਤਲ ਦੇ ਦੋਸ਼ ਹੇਠ ਲੋੜੀਂਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਦੱਸਣਯੋਗ ਹੈ ਕਿ ਇਹ ਮਪੁਲਜ਼ਮ ਦੋ ਸਾਲ ਤੋਂ ਭਗੌੜਾ ਸੀ। ਮੁਲਜ਼ਮ ਦੀ ਪਛਾਣ ਦਿੱਲੀ ਦੇ ਸਿਰਸਪੁਰ ਦੇ ਰਹਿਣ ਵਾਲੇ ਹੇਮੰਤ ਕੁਮਾਰ ਝਾਅ (22) ਵਜੋਂ ਕੀਤੀ ਗਈ ਹੈ, ਜਿਸ ਨੂੰ ਕਿ ਕਤਲ ਦੇ ਦੋਸ਼ ਹੇਠ ਭਗੌੜਾ ਕਰਾਰ ਦਿੱਤਾ ਗਿਆ ਸੀ। ਸਾਲ 2023 ਵਿੱਚ ਉਸ ਖ਼ਿਲਾਫ਼ ਕੇਸ਼ਵ ਨਾਂ ਦੇ ਵਿਅਕਤੀ ਦੀ ਹੱਤਿਆ ਦੇ ਦੋਸ਼ ਲੱਗੇ ਸਨ। ਉਸ ਦੇ ਖ਼ਿਲਾਫ਼ ਸਵਰੂਪ ਨਗਰ ਪੁਲੀਸ ਸਟੇਸ਼ਨ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲੀਸ ਨੇ ਦੱਸਿਆ ਕਿ ਉਸ ਦੇ ਖਿਲਾਫ ਸਮੈਪੁਰ ਬਦਲੀ ਵਿੱਚ ਇੱਕ ਹੋਰ ਕਤਲ ਦਾ ਕੇਸ ਦਰਜ ਹੈ। ਪੁਲੀਸ ਨੇ ਕਿਹਾ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚਣ ਲਈ ਰੂਪੋਸ਼ ਸੀ। ਉਸ ਬਾਰੇ ਸੂਹ ਮਿਲਣ ਮਗਰੋਂ ਅਪਰਾਧ ਸ਼ਾਖਾ ਦੀ ਇੱਕ ਟੀਮ ਨੇ ਸ਼ੁੱਕਰਵਾਰ ਨੂੰ ਹੈਦਰਪੁਰ ਮੈਟਰੋ ਸਟੇਸ਼ਨ ਦੇ ਨੇੜੇਓਂ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਉਸ ਨੇ ਸਭ ਕਬੂਲ ਕਰ ਲਿਆ ਹੈ। -ਪੀਟੀਆਈ