For the best experience, open
https://m.punjabitribuneonline.com
on your mobile browser.
Advertisement

ਆੜ੍ਹਤੀ ਨੂੰ ਬੰਦੀ ਬਣਾ ਕੇ ਲੁੱਟਣ ਦੇ ਮਾਮਲੇ ਵਿੱਚ ਸੱਤ ਗ੍ਰਿਫ਼ਤਾਰ

07:42 AM Jul 02, 2024 IST
ਆੜ੍ਹਤੀ ਨੂੰ ਬੰਦੀ ਬਣਾ ਕੇ ਲੁੱਟਣ ਦੇ ਮਾਮਲੇ ਵਿੱਚ ਸੱਤ ਗ੍ਰਿਫ਼ਤਾਰ
ਅੰਮ੍ਰਿਤਸਰ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਵਿਸ਼ਾਲ ਕੁਮਾਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ ,1 ਜੁਲਾਈ
ਇੱਥੇ ਇੱਕ ਆੜ੍ਹਤੀ ਤੇ ਉਸ ਦੀ ਪਤਨੀ ਨੂੰ ਬੰਦੀ ਬਣਾ ਕੇ ਲਗਪਗ 3 ਕਰੋੜ ਰੁਪਏ ਲੁੱਟਣ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਇੱਕ ਔਰਤ ਸਮੇਤ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਗ੍ਰਿਫਤਾਰ ਕੀਤੇ ਵਿਅਕਤੀਆ ਦੇ ਕਬਜ਼ੇ ’ਚੋਂ 41.40 ਲੱਖ ਰੁਪਏ ਦੀ ਨਕਦੀ ਅਤੇ ਲਗਪਗ 800 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਪੁਲੀਸ ਨੇ ਇਸ ਮਾਮਲੇ ਵਿੱਚ ਕੁੱਲ ਨੌਂ ਵਿਅਕਤੀਆਂ ਨੂੰ ਨਾਮਜ਼ਦ ਕੀਤਾ, ਜਿਨਾਂ ’ਚੋਂ 7 ਨੂੰ ਗ੍ਰਿਫਤਾਰ ਕੀਤਾ ਅਤੇ ਬਾਕੀ ਦੋ ਭਗੌੜਿਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ਿਵਾਨੀ (28) ਅਤੇ ਉਸ ਦਾ ਮੰਗੇਤਰ ਗੁਰਟੇਕ ਸਿੰਘ, ਇਨ੍ਹਾਂ ਦੇ ਸਾਥੀ ਗੁਰਪ੍ਰੀਤ ਸਿੰਘ (34), ਸੰਦੀਪ ਸਿੰਘ (29), ਦੀਪਕ ਕੁਮਾਰ (30), ਹਰਦੇਵ ਸਿੰਘ (53) ਅਤੇ ਹਰਪਾਲ ਸਿੰਘ (52) ਵਜੋਂ ਹੋਈ ਹੈ। ਮੁਲਜ਼ਮਾ ਸ਼ਿਵਾਨੀ, ਨਰਿੰਦਰ ਮੋਹਨ ਮਹਿਤਾ, ਜੋ ਕਿ ਲੁੱਟ ਦਾ ਸ਼ਿਕਾਰ ਬਣੇ ਵਪਾਰੀ ਜੀਆ ਲਾਲ ਬਹਿਲ ਦਾ ਡਰਾਈਵਰ ਹੈ, ਦੀ ਧੀ ਹੈ ਅਤੇ ਉਹ ਉਸ ਦੀ ਦੌਲਤ ਆਦਿ ਤੋਂ ਜਾਣੂ ਸੀ। ਇਸ ਮਾਮਲੇ ਵਿਚ ਡਰਾਈਵਰ ਦੀ ਧੀ ਅਤੇ ਉਸ ਦੇ ਮੰਗੇਤਰ ਨੇ ਡਕੈਤੀ ਦੀ ਪੂਰੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਦਸਿਆ ਕਿ 26 ਜੂਨ ਨੂੰ ਬੁੱਧਵਾਰ ਤੜਕੇ ਚਾਰ ਹਥਿਆਰਬੰਦ ਵਿਅਕਤੀਆਂ ਨੇ ਵਪਾਰੀ ਜੀਆ ਲਾਲ ਦੇ ਘਰ ’ਚ ਦਾਖਲ ਹੋ ਕੇ 90 ਲੱਖ ਰੁਪਏ ਦੀ ਨਕਦੀ ਅਤੇ 3 ਕਿੱਲੋ ਦੇ ਸੋਨੇ ਦੇ ਗਹਿਣਿਆਂ ਦੀ ਲੁੱਟ ਕੀਤੀ। ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲੀਸ ਦੀਆਂ ਟੀਮਾਂ ਨੇ ਤਿੰਨ ਮੁਲਜ਼ਮਾਂ ਗੁਰਪ੍ਰੀਤ, ਸੰਦੀਪ ਅਤੇ ਦੀਪਕ ਨੂੰ ਮਹਾਰਾਸ਼ਟਰ ਪੁਲੀਸ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇੱਕ ਅੰਤਰ-ਰਾਜੀ ਕਾਰਵਾਈ ਤਹਿਤ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ ਕੀਤਾ, ਜਦ ਕਿ ਬਾਕੀ ਚਾਰ ਵਿਅਕਤੀਆਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ 41.40 ਲੱਖ ਰੁਪਏ ਦੀ ਨਕਦੀ ਅਤੇ 800 ਗ੍ਰਾਮ ਸੋਨਾ ਬਰਾਮਦ ਕੀਤਾ ਹੈ।
ਇਸ ਦੌਰਾਨ ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲੀਸ ਨੇ ਘਟਨਾ ਤੋਂ 24 ਘੰਟਿਆਂ ਵਿੱਚ ਮਹਾਰਾਸ਼ਟਰ ਤੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ। ਜਦਕਿ ਬਾਕੀ ਚਾਰ ਮੁਲਜ਼ਮਾਂ ਨੂੰ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਥਾਣਾ ਸਿਵਲ ਲਾਈਨ ਵਿੱਚ ਕੇਸ ਦਰਜ ਕੀਤਾ ਗਿਆ ਸੀ।

Advertisement

Advertisement
Author Image

joginder kumar

View all posts

Advertisement
Advertisement
×