ਸੱਤ ਏਕੜ ਕਣਕ ਸੜੀ ਅਤੇ ਅੱਠ ਮੱਝਾਂ ਮਰੀਆਂ
ਪੱਤਰ ਪ੍ਰੇਰਕ
ਭੋਗਪੁਰ, 27 ਅਪਰੈਲ
ਪਿੰਡ ਚੱਕ ਸ਼ਕੂਰ ਵਿੱਚ ਕੁੱਲ੍ਹੀ ਨੂੰ ਅੱਗ ਲੱਗਣ ਕਾਰਨ 8 ਮੱਝਾਂ ਮਰ ਗਈਆਂ ਅਤੇ 5 ਦੇ ਕਰੀਬ ਪਸ਼ੂ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਲੱਖ ਦੇ ਕਰੀਬ ਨਗਦੀ, ਗਹਿਣੇ ਆਦਿ ਸੜ ਗਏ। ਦੋ ਕਿਸਾਨਾਂ ਦੀ 7 ਏਕੜ ਕਣਕ ਅਤੇ 20 ਏਕੜ ਕਣਕ ਦਾ ਨਾੜ ਸੜ ਗਿਆ।
ਜਾਣਕਾਰੀ ਮੁਤਾਬਕ ਜਥੇਦਾਰ ਰਣਧੀਰ ਸਿੰਘ ਰੰਧਾਵਾ ਦੇ ਖੇਤਾਂ ਵਿੱਚ ਰੋਸ਼ਨ ਗੁੱਜਰ ਕੁੱਲ੍ਹੀ ਬਣਾ ਕੇ ਪਸ਼ੂ ਰੱਖ ਕੇ ਦੁੱਧ ਦਾ ਕੰਮ ਕਰਦਾ ਹੈ। ਰੋਸ਼ਨ ਦੀ ਕੁੱਲ੍ਹੀ ਨੇੜੇ ਚੱਲਦੇ ਤੂੜੀ ਵਾਲੇ ਰੀਪਰ ਤੋਂ ਅੱਗ ਲੱਗਣ ਕਾਰਨ ਗੁੱਜਰ ਪਰਿਵਾਰ ਦੀ ਕੁੱਲ੍ਹੀ ਸੜ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਰੋਸ਼ਨ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਬਾਹਰ ਕੱਢ ਸਕਿਆ।
ਇਸ ਤੋਂ ਇਲਾਵਾ ਪਿੰਡ ਗਿਦੜਪਿੰਡੀ ਦੇ ਕਿਸਾਨ ਰੇਸ਼ਮ ਸਿੰਘ ਦੀ ਚਾਰ ਏਕੜ ਅਤੇ ਕਲਿਆਣਪੁਰ ਦੇ ਕਿਸਾਨ ਭਜਨ ਸਿੰਘ ਦੀ ਤਿੰਨ ਏਕੜ ਕਣਕ ਤੋਂ ਇਲਾਵਾ ਵੱਖ-ਵੱਖ ਕਿਸਾਨਾਂ ਦਾ 20 ਏਕੜ ਕਣਕ ਨਾੜ ਵੀ ਸੜ ਗਿਆ। ਪਿੰਡ ਚੱਕ ਸ਼ਕੂਰ ਦੇ ਵਾਸੀਆਂ ਨੇ ਪਾਣੀ ਨਾਲ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ ਤੇ ਬਾਅਦ ਵਿੱਚ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਗੜਦੀਵਾਲ ਦੇ ਕਾਰਕੁਨਾਂ ਅਤੇ ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਤੇ ‘ਆਪ’ ਦੇ ਹਲਕਾ ਇੰਚਾਰਜ ਜੀਤ ਲਾਲ ਭੱਟੀ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਸਰਕਾਰ ਤੋਂ ਨੁਕਸਾਨ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ। ਪਿੰਡ ਵਾਸੀ ਜਥੇਦਾਰ ਰਣਧੀਰ ਸਿੰਘ ਰੰਧਾਵਾ, ਗਿਆਨੀ ਸਕੱਤਰ ਸਿੰਘ ਰੰਧਾਵਾ ਅਤੇ ਜਸਵਿੰਦਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਲੋਕਾਂ ਨੂੰ ਛੇਤੀ ਤੋਂ ਛੇਤੀ ਅਤੇ ਵੱਧ ਤੋਂ ਵੱਧ ਵਿੱਤੀ ਸਹਾਇਤਾ ਦਿੱਤੀ ਜਾਵੇ।