ਨੌਜਵਾਨ ਦੇ ਕਤਲ ਮਾਮਲੇ ’ਚ ਸੱਤ ਮੁਲਜ਼ਮ ਗ੍ਰਿਫ਼ਤਾਰ
ਰੋਹਿਤ ਗੋਇਲ
ਪੱਖੋ ਕੈਂਚੀਆਂ, 1 ਨਵੰਬਰ
ਪਿੰਡ ਪੱਖੋਕੇ ਦੀ ਦਾਣਾ ਮੰਡੀ ਵਿੱਚ ਚਾਰ ਦਿਨ ਪਹਿਲਾਂ ਕਤਲ ਕੀਤੇ ਗਏ ਨੌਜਵਾਨ ਦੇ ਮਾਮਲੇ ਵਿੱਚ ਪੁਲੀਸ ਨੇ 7 ਮੁਲਜ਼ਮਾਂ ਨੂੰ ਗਿਫ਼ਤਾਰ ਕੀਤਾ ਹੈ।
ਡੀਐੱਸਪੀ ਬਰਨਾਲਾ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ 28 ਅਕਤੂਬਰ ਦੀ ਰਾਤ ਦਾਣਾ ਮੰਡੀ ਪੱਖੋਕੇ ਵਿੱਚ ਇੱਕ ਝਗੜੇ ਦੌਰਾਨ ਨੌਜਵਾਨ ਜੈਸਮੀਨ ਸਿੰਘ ਉਰਫ਼ ਜੱੱਸੂ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਵਿੱਚ ਮ੍ਰਿਤਕ ਦੇ ਪਿਤਾ ਗੁਰਚਰਨ ਸਿੰਘ ਦੇ ਬਿਆਨ ਦੇ ਆਧਾਰ ’ਤੇ ਰਮਨਜੀਤ ਸਿੰਘ ਉਰਫ਼ ਰਮਨਾ ਤੇ ਉਸਦੇ 11 ਹੋਰ ਸਾਥੀਆਂ ਵਿਰੁੱਧ ਕਤਲ ਦਾ ਮਾਮਲਾ ਥਾਣਾ ਸਦਰ ਬਰਨਾਲਾ ਵਿੱਚ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਥਾਣਾ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਸ਼ੇਰਵਿੰਦਰ ਸਿੰਘ ਅਤੇ ਪੱਖੋ ਕੈਂਚੀਆਂ ਚੌਂਕੀ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿੱਚ ਮੁਲਜ਼ਮਾਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕੀਤੀ, ਜਿਸ ਤਹਿਤ ਮੁਲਜ਼ਮ ਰਮਨਜੀਤ ਸਿੰਘ ਉਰਫ਼ ਰਮਨਾ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਉਰਫ਼ ਜਿੰਦਰ, ਹਰਮਨਦੀਪ ਸਿੰਘ ਉਰਫ ਹੰਮੂ, ਏਕਮਪ੍ਰੀਤ ਸਿੰਘ, ਸੁਖਵਿੰਦਰ ਸਿੰਘ ਉਰਫ ਸੁੱਖਾ (ਸਾਰੇ ਵਾਸੀ ਪਿੰਡ ਪੱਖੋਕੇ) ਅਤੇ ਮਨਦੀਪ ਸਿੰਘ ਵਾਸੀ ਰੰਗੀਆਂ ਨੂੰ ਕਾਬੂ ਕਰ ਲਿਆ ਗਿਆ।
ਡੀਐੱਸਪੀ ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਨਵੰਬਰ ਤੱਕ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਮਾਮਲੇ ’ਚ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।