ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ’ਚ ਲੰਗਰ ਦੀ ਸੇਵਾ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਜੁਲਾਈ
ਨਜ਼ਦੀਕੀ ਸਤਲੁਜ ਦਰਿਆ ਨੇੜਲੇ ਬੇਟ ਇਲਾਕੇ ਦੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੰਗਰ ਦੀ ਸੇਵਾ ਆਰੰਭ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੀ ਟੀਮ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਹੇਠ ਦਰਿਆ ਸਤਲੁਜ ਦੇ ਵੱਖ-ਵੱਖ ਧੁੱਸੀ ਬੰਨ੍ਹਾਂ ‘ਤੇ ਪੁੱਜੀ ਅਤੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਲੰਗਰ ਪਾਣੀ ਛਕਾਇਆ। ਛੇਵੀਂ ਪਾਤਸ਼ਾਹੀ ਨਾਲ ਸਬੰਧਤ ਇਤਿਹਾਸਕ ਗੁਰਦੁਆਰਾ ਗੁਰੂਸਰ ਕਾਉਂਕੇ ਤੋਂ ਤਿਆਰ ਕੀਤੇ ਲੰਗਰ ਦੀ ਸੇਵਾ ਕਰਨ ਮੌਕੇ ਭਾਈ ਗਰੇਵਾਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਵੀ ਇਨ੍ਹਾਂ ਥਾਵਾਂ ‘ਤੇ ਕਰੋਨਾ ਮਹਾਂਮਾਰੀ ਦੌਰਾਨ ਸੰਗਤਾਂ ਲਈ ਲੰਗਰ ਦੀ ਸੇਵਾ ਕੀਤੀ ਗਈ ਸੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਲੋੜ ਪੈਣ ‘ਤੇ ਉਹ ਹਰ ਸਮੇਂ ਲੰਗਰ ਪੁੱਜਦਾ ਕਰਨਗੇ। ਇਸ ਲਈ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮਾਂ ਦੀ ਡਿਊਟੀ ਵੀ ਲਾਈ ਜਨਿ੍ਹਾਂ ਨਾਲ ਸੰਪਰਕ ਕਰਕੇ ਲੰਗਰ ਦੀ ਸੇਵਾ ਪਹੁੰਚਦੀ ਹੋਵੇਗੀ। ਇਸ ਲੰਗਰ ਸੇਵਾ ਦੌਰਾਨ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲੈਣ ਤਹਿਸੀਲਦਾਰ ਮਨਮੋਹਨ ਕੌਸ਼ਿਕ ਵੀ ਮੌਕੇ ‘ਤੇ ਪਹੁੰਚੇ ਅਤੇ ਸ਼੍ਰੋਮਣੀ ਕਮੇਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਜਿਸ ਨੇ ਪ੍ਰਸ਼ਾਸਨ ਨੂੰ ਰਾਹਤ ਪ੍ਰਦਾਨ ਕੀਤੀ ਹੈ। ਇਸ ਮੌਕੇ ਤਰਨਾ ਦਲ ਦੇ ਬਾਬਾ ਸੁਖਦੇਵ ਸਿੰਘ, ਸਰਪੰਚ ਜੰਗੀਰ ਸਿੰਘ ਖੁਰਸ਼ੈਦਪੁਰ, ਸਰਪੰਚ ਕੇਵਲ ਸਿੰਘ, ਸਾਬਕਾ ਸਰਪੰਚ ਤੇਜਿੰਦਰ ਸਿੰਘ ਕੰਨੀਆਂ ਨੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਸੇਵਾ ਲਈ ਭਾਈ ਗੁਰਚਰਨ ਸਿੰਘ ਗਰੇਵਾਲ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਲੇਖਾਕਾਰ ਗੁਰਪ੍ਰੀਤ ਸਿੰਘ ਕਾਉਂਕੇ, ਗ੍ਰੰਥੀ ਭਾਈ ਭੁਪਿੰਦਰ ਸਿੰਘ, ਪ੍ਰਚਾਰਕ ਭਾਈ ਸਰਵਣ ਸਿੰਘ, ਗੁਰਲਾਲ ਸਿੰਘ, ਕਮਲਜੀਤ ਸਿੰਘ, ਸੁਖਜੀਵਨ ਸਿੰਘ, ਰਣਧੀਰ ਸਿੰਘ, ਨਿਰਭੈ ਸਿੰਘ, ਤਰਨਪ੍ਰੀਤ ਸਿੰਘ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।