ਨੌਕਰ ਨੇ ਜਾਇਦਾਦ ਲਈ ਕਰਵਾਇਆ ਸੀ ਐੱਨਆਰਆਈ ਦਾ ਕਤਲ
ਗਗਨਦੀਪ ਅਰੋੜਾ
ਲੁਧਿਆਣਾ, 22 ਜੁਲਾਈ
ਲੁਧਿਆਣਾ ਵਿੱਚ ਪਿੰਡ ਲਲਤੋਂ ਕਲਾਂ ਇਲਾਕੇ ’ਚ ਕੁਝ ਦਨਿ ਪਹਿਲਾਂ ਹੋਏ ਐੱਨਆਰਆਈ ਬਨਿੰਦਰਦੀਪ ਸਿੰਘ ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਬਨਿੰਦਰਦੀਪ ਸਿੰਘ ਦੇ ਨੌਕਰ ਬਲ ਸਿੰਘ ਸਣੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਕਤਲ ਕਾਂਡ ਦੇ ਮਾਸਟਰ ਮਾਈਂਡ ਬਲ ਸਿੰਘ ਨੇ ਐੱਨਆਰਆਈ ਅਤੇ ਉਸ ਦੇ ਪਰਿਵਾਰ ਦੀ ਜਾਇਦਾਦ ’ਤੇ ਕਬਜ਼ਾ ਕਰਨ ਲਈ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਬਲ ਸਿੰਘ ਨੇ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਲਈ ਬਾਕੀ ਮੁਲਜ਼ਮਾਂ ਨਾਲ ਤਿੰਨ ਲੱਖ ’ਚ ਸੌਦਾ ਤੈਅ ਕੀਤਾ ਸੀ। ਉਨ੍ਹਾਂ ਨੂੰ ਹੁਣ ਤੱਕ ਉਹ 2.70 ਲੱਖ ਰੁਪਏ ਦੇ ਚੁੱਕਿਆ ਸੀ। ਪੁਲੀਸ ਨੇ ਇਸ ਮਾਮਲੇ ’ਚ ਬਲ ਸਿੰਘ ਤੋਂ ਇਲਾਵਾ ਦੁੱਗਰੀ ਦੀ ਸੀਆਰਪੀਐੱਫ ਕਲੋਨੀ ਦੇ ਵਸਨੀਕ ਜਗਰਾਜ ਸਿੰਘ ਉਰਫ਼ ਜੱਗਾ, ਜਗਦੇਵ ਨਗਰ ਵਾਸੀ ਜਸਪ੍ਰੀਤ ਸਿੰਘ ਉਰਫ਼ ਜੱਸੀ, ਪਿੰਡ ਮਹਿਮੂਦਪੁਰਾ ਵਾਸੀ ਸੋਹੇਲ ਅਲੀ, ਸ਼ਹੀਦ ਭਗਤ ਸਿੰਘ ਨਗਰ ਵਾਸੀ ਦੇਵ ਰਾਜ ਉਰਫ਼ ਕਾਲੂ ਤੇ ਸ਼ਹੀਦ ਭਗਤ ਸਿੰਘ ਨਗਰ ਵਾਸੀ ਵਰਿੰਦਰ ਸਿੰਘ ਉਰਫ਼ ਵਿੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਵਾਰਦਾਤ ਲਈ ਵਰਤਿਆ ਮੋਟਰਸਾਈਕਲ, ਤੇਜ਼ਧਾਰ ਹਥਿਆਰ ਤੇ 1.80 ਲੱਖ ਨਕਦੀ ਬਰਾਮਦ ਕਰ ਲਈ ਹੈ।
ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬਲ ਸਿੰਘ ਮੂਲ ਰੂਪ ’ਚ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਪਰ ਹੁਣ ਕਾਫੀ ਸਮੇਂ ਤੋਂ ਉਹ ਐੱਨਆਰਆਈ ਬਨਿੰਦਰਦੀਪ ਸਿੰਘ ਦੇ ਪਰਿਵਾਰ ਨਾਲ ਹੀ ਰਹਿੰਦਾ ਸੀ। ਕਰੀਬ 15 ਸਾਲ ਤੋਂ ਨਾਲ ਰਹਿਣ ਕਾਰਨ ਹਰ ਕੋਈ ਉਸ ਨੂੰ ਪਰਿਵਾਰਕ ਮੈਂਬਰ ਹੀ ਮੰਨਦਾ ਸੀ। ਬਲ ਸਿੰਘ ਨੂੰ ਲੱਗਦਾ ਸੀ ਕਿ ਬਨਿੰਦਰਦੀਪ ਤੋਂ ਬਾਅਦ ਸਾਰੀ ਜਾਇਦਾਦ ਉਸ ਨੂੰ ਹੀ ਮਿਲੇਗੀ, ਜਿਸ ਕਰਕੇ ਉਸ ਨੇ ਬਨਿੰਦਰਦੀਪ ਨੂੰ ਰਸਤੇ ’ਚੋਂ ਹਟਾਉਣ ਲਈ ਉਸ ਦਾ ਕਤਲ ਕਰਵਾ ਦਿੱਤਾ।