ਸਾਈਬਰ ਕਰਾਈਮ ਪ੍ਰਤੀ ਗੰਭੀਰਤਾ
ਕਰਨਾਟਕ ਪੁਲੀਸ ਨੇ ਪਿਛਲੇ ਮਹੀਨੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਨਿ੍ਹਾਂ ਨੇ ਸੈਂਕੜੇ ਲੋਕਾਂ ਨੂੰ ਧੋਖਾ ਦੇ ਕੇ 854 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਇਹ ਵਿਅਕਤੀ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਰਾਹੀਂ ਲੋਕਾਂ ਨੂੰ ਅਜਿਹੀਆਂ ਸਕੀਮਾਂ ਵਿਚ ਪੈਸਾ ਲਗਾਉਣ ਲਈ ਪ੍ਰੇਰਦੇ ਸਨ ਜਨਿ੍ਹਾਂ ਤੋਂ ਉਨ੍ਹਾਂ ਨੂੰ ਬਹੁਤ ਵੱਡੇ ਫ਼ਾਇਦੇ ਹੋਣ ਦਾ ਲੋਭ ਦਿੱਤਾ ਜਾਂਦਾ ਸੀ। ਇਨ੍ਹਾਂ ਮੁਲਜ਼ਮਾਂ ਨੇ 84 ਬੈਂਕ ਖਾਤਿਆਂ ਦਾ ਅਜਿਹਾ ਮੱਕੜਜਾਲ ਬਣਾਇਆ ਸੀ ਕਿ ਵੱਖ ਵੱਖ ਸੂਬਿਆਂ ਦੀ ਪੁਲੀਸ ਉਲਝ ਜਾਂਦੀ ਸੀ ਤੇ ਦੋਸ਼ੀਆਂ ਤਕ ਪਹੁੰਚ ਨਹੀਂ ਸੀ ਸਕਦੀ। ਇੱਥੋਂ ਪੈਸੇ ਦੁਬਈ ਪਹੁੰਚਾਏ ਜਾਂਦੇ ਸਨ। ਪੁਲੀਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਅਪਰਾਧਾਂ ਵਿਚ ਚੀਨ ਵਿਚ ਰਹਿੰਦੇ ਕੁਝ ਵਿਅਕਤੀ ਵੀ ਸ਼ਾਮਿਲ ਸਨ ਜਾਂ ਨਹੀਂ। ਕਰਨਾਟਕ ਪੁਲੀਸ ਨੇ ਵੇਖਿਆ ਕਿ ਵੱਖ ਵੱਖ ਸੂਬਿਆਂ ਵਿਚ ਦਰਜ ਧੋਖਾਧੜੀ ਅਪਰਾਧਾਂ ਵਿਚਲੇ ਪੈਸੇ ਇਨ੍ਹਾਂ 84 ਬੈਂਕ ਖ਼ਾਤਿਆਂ ਵਿਚਦੀ ਨਿਕਲੇ। ਇਸ ਅਪਰਾਧ ਦੇ ਸੂਤਰਧਾਰ ਬੰਗਲੁਰੂ ਵਿਚ ਇਕ ਬੈੱਡਰੂਮ ਦੇ ਛੋਟੇ ਜਿਹੇ ਘਰ ਵਿਚ ਰਹਿੰਦੇ ਅਤੇ ਸਾਰਾ ਕੰਮ ਮੋਬਾਈਲ ਫੋਨਾਂ ਰਾਹੀਂ ਕਰਦੇ ਸਨ। ਲੋਕਾਂ ਨੂੰ ਵੱਡੇ ਲਾਲਚ ਦੇ ਕੇ ਭਰਮਾਇਆ ਜਾਂਦਾ ਜਿਵੇਂ ਉਨ੍ਹਾਂ ਨੂੰ ਕਿਹਾ ਜਾਂਦਾ ਕਿ ਜੇ ਉਹ 10,000 ਰੁਪਏ ਦਾ ਨਿਵੇਸ਼ ਕਰਨਗੇ ਤਾਂ ਉਨ੍ਹਾਂ ਨੂੰ 5000 ਰੁਪਏ ਰੋਜ਼ਾਨਾ ਲਾਭ ਹੋਵੇਗਾ। ਸਾਫ਼ ਦਿਸਦਾ ਹੈ ਕਿ ਅਜਿਹਾ ਲਾਭ ਦਾ ਵਾਅਦਾ ਕਰਨ ਵਾਲੀ ਕੰਪਨੀ ਜਾਂ ਵਿਅਕਤੀ ਫਰਾਡ ਹੋਵੇਗਾ। ਫਿਰ ਵੀ ਲੋਕ ਉਨ੍ਹਾਂ ਦੇ ਪ੍ਰਚਾਰ ’ਤੇ ਵਿਸ਼ਵਾਸ ਕਰਦੇ ਅਤੇ ਇੰਟਰਨੈੱਟ ਰਾਹੀਂ ਪੈਸਾ ਉਨ੍ਹਾਂ ਦੇ ਹਵਾਲੇ ਕਰਦੇ ਰਹੇ। ਇਸ ਤੋਂ ਪਹਿਲਾਂ ਵੀ ਦੇਸ਼ ਵਿਚ ਕਈ ਅਜਿਹੇ ਕੇਸ ਫੜੇ ਗਏ ਹਨ।
ਇੰਟਰਨੈੱਟ ’ਤੇ ਅਜਿਹੇ ਅਪਰਾਧ ਕਰਨ ਵਾਲੇ ਆਪਣੇ ਆਪ ਨੂੰ ਕੰਪਨੀਆਂ ਦੇ ਨੁਮਾਇੰਦਿਆਂ ਵਜੋਂ ਪੇਸ਼ ਕਰਦੇ ਹਨ। ਬੰਗਲੁਰੂ ਵਿਚ ਫੜੇ ਵਿਅਕਤੀਆਂ ਨੇ ਕਈ ਵੱਟਸਐਪ ਗਰੁੱਪ ਬਣਾਏ ਸਨ ਅਤੇ ਟੈਲੀਗਰਾਮ ਪਲੇਟਫਾਰਮ ਦੀ ਵਰਤੋਂ ਵੀ ਕੀਤੀ ਸੀ। ਉਨ੍ਹਾਂ ਨੇ ਝੂਠੀ ਕੰਪਨੀ ਬਣਾ ਕੇ ਉਸ ਦੇ ਨਾਂ ’ਤੇ 45 ਬੈਂਕ ਖਾਤੇ ਖੋਲ੍ਹੇ ਸਨ। ਇੰਟਰਨੈੱਟ ਦੀ ਦੁਨੀਆ ਏਨੀ ਪੇਚੀਦਾ ਹੈ ਕਿ ਕਿਸੇ ਵੀ ਸਕੀਮ, ਕੰਪਨੀ, ਚੀਜ਼ ਆਦਿ ਨੂੰ ਬਹੁਤ ਚਮਕ ਦਮਕ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਭਾਵੇਂ ਹਕੀਕੀ ਦੁਨੀਆ ਵਿਚ ਉਸ ਦੀ ਹੋਂਦ ਹੋਵੇ ਜਾਂ ਨਾ ਹੋਵੇ। ਸੋਸ਼ਲ ਮੀਡੀਆ ਨੂੰ ਵਰਤਣ ਵਾਲੇ ਬਹੁਤ ਸਾਰੇ ਵਿਅਕਤੀ ਇਸ ਚਮਕ ਦਮਕ ਦਾ ਸ਼ਿਕਾਰ ਹੋ ਜਾਂਦੇ ਹਨ।
ਸਾਈਬਰ ਠੱਗਾਂ ’ਤੇ ਕਾਬੂ ਪਾਉਣਾ ਪੁਲੀਸ ਲਈ ਵੱਡੀ ਚੁਣੌਤੀ ਹੈ। ਬਹੁਤ ਸਾਰੇ ਸੂਬਿਆਂ ਵਿਚ ਪੁਲੀਸ ਇੰਟਰਨੈੱਟ ’ਤੇ ਹੋਏ ਫਰਾਡ ਦੀ ਗੰਭੀਰਤਾ ਨਾਲ ਤਫ਼ਤੀਸ਼ ਨਹੀਂ ਕਰਦੀ; ਕਈ ਵਾਰ ਤਾਂ ਸ਼ਿਕਾਇਤਕਰਤਾ ਸਿਰ ਦੋਸ਼ ਮੜ੍ਹਿਆ ਜਾਂਦਾ ਹੈ ਕਿ ਉਸ ਨੇ ਠੱਗਾਂ ਨੂੰ ਆਪਣੇ ਬੈਂਕ ਖਾਤਿਆਂ ਬਾਰੇ ਜਾਣਕਾਰੀ ਕਿਉਂ ਦਿੱਤੀ। ਕਰਨਾਟਕ ਪੁਲੀਸ ਦੀ ਸਫ਼ਲਤਾ ਸਾਬਤ ਕਰਦੀ ਹੈ ਕਿ ਜੇ ਪੁਲੀਸ ਗੰਭੀਰਤਾ ਨਾਲ ਤਫ਼ਤੀਸ਼ ਕਰੇ ਤਾਂ ਅਜਿਹੇ ਗਰੋਹਾਂ ਦਾ ਪਰਦਾਫਾਸ਼ ਕਰਨਾ ਕੋਈ ਮੁਸ਼ਕਿਲ ਨਹੀਂ। ਇਹ ਸੱਚ ਹੈ ਕਿ ਇੰਟਰਨੈੱਟ ’ਤੇ ਕੀਤੀ ਹਰ ਕਾਰਵਾਈ ਦੇ ਪਛਾਣ-ਚਿੰਨ੍ਹ ਮੌਜੂਦ ਰਹਿੰਦੇ ਹਨ; ਉਦਾਹਰਨ ਵਜੋਂ ਕਿਸ ਫ਼ੋਨ ਤੋਂ ਕਾਲ ਕੀਤੀ ਗਈ, ਪਹਿਲਾਂ ਕਿਸ ਬੈਂਕ ਖਾਤੇ ਵਿਚ ਪੈਸੇ ਗਏ ਅਤੇ ਉੱਥੋਂ ਪੈਸੇ ਨੂੰ ਕਨਿ੍ਹਾਂ ਖਾਤਿਆਂ ਵਿਚ ਤਬਦੀਲ ਕੀਤਾ ਗਿਆ। ਜਦੋਂ ਇਹੋ ਜਿਹੇ ਪਛਾਣ-ਚਿੰਨ੍ਹ ਮੌਜੂਦ ਹੋਣ ਤਾਂ ਇੰਟਰਨੈੱਟ ’ਤੇ ਹੋਏ ਅਪਰਾਧ ਦੀ ਤਹਿ ਤਕ ਪਹੁੰਚਣਾ ਅਸੰਭਵ ਨਹੀਂ ਹੁੰਦਾ ਪਰ ਅਜਿਹੀ ਤਫ਼ਤੀਸ਼ ਗੰਭੀਰਤਾ, ਦ੍ਰਿੜਤਾ ਅਤੇ ਮਿਹਨਤ ਦੀ ਮੰਗ ਕਰਦੀ ਹੈ। ਇੰਟਰਨੈੱਟ ਅਪਰਾਧਾਂ (ਸਾਈਬਰ ਕਰਾਈਮ) ਦੀ ਤਫ਼ਤੀਸ਼ ਰਵਾਇਤੀ ਅਪਰਾਧਾਂ ਤੋਂ ਵੱਖਰੀ ਹੈ ਅਤੇ ਇਹ ਤਫ਼ਤੀਸ਼ ਕਰਨ ਲਈ ਉਚੇਰਾ ਤਕਨੀਕੀ ਗਿਆਨ ਰੱਖਣ ਵਾਲੇ ਪੁਲੀਸ ਅਧਿਕਾਰੀਆਂ ਦੀ ਲੋੜ ਹੈ। ਅਜਿਹੀ ਤਫ਼ਤੀਸ਼ ਲਈ ਤਕਨੀਕੀ ਖੇਤਰ ਦੇ ਮਾਹਿਰਾਂ ਦੀ ਮਦਦ ਦੀ ਜ਼ਰੂਰਤ ਪੈਂਦੀ ਹੈ। ਬਹੁਤ ਵਾਰ ਧੋਖਾ ਖਾਣ ਵਾਲੇ ਲੋਕ ਪੁਲੀਸ ਨੂੰ ਸ਼ਿਕਾਇਤ ਕਰਨ ਤੋਂ ਝਿਜਕਦੇ ਹਨ; ਕਈ ਵਾਰ ਅਜਿਹਾ ਇਸ ਲਈ ਵੀ ਕੀਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਅਜਿਹੀ ਸਕੀਮ ਵਿਚ ਜ਼ਿਆਦਾ ਪੈਸਾ ਨਹੀਂ ਲਗਾਇਆ ਹੁੰਦਾ। ਇਸ ਦਾ ਫ਼ਾਇਦਾ ਠੱਗੀ ਕਰਨ ਵਾਲਿਆਂ ਨੂੰ ਮਿਲਦਾ ਹੈ ਕਿਉਂਕਿ ਉਹ ਸੈਂਕੜੇ ਲੋਕਾਂ ਤਕ ਪਹੁੰਚਦੇ ਤੇ ਉਨ੍ਹਾਂ ਤੋਂ ਛੋਟੀਆਂ ਠੱਗੀਆਂ ਮਾਰ ਕੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਦੇ ਹਨ। ਜਿੱਥੇ ਇਹ ਜਾਗਰੂਕਤਾ ਲਿਆਉਣ ਦੀ ਲੋੜ ਹੈ ਕਿ ਇੰਟਰਨੈੱਟ ’ਤੇ ਹੋਏ ਪੈਸੇ ਦੀ ਹਰ ਠੱਗੀ ਦੀ ਸ਼ਿਕਾਇਤ ਕਰਨ ਦੀ ਲੋੜ ਹੈ ਉੱਥੇ ਇਹ ਵੀ ਜ਼ਰੂਰੀ ਹੈ ਕਿ ਪੁਲੀਸ ਹਰ ਕੇਸ ਦੀ ਮੁਸਤੈਦੀ ਨਾਲ ਤਫ਼ਤੀਸ਼ ਕਰੇ। ਹਰ ਸੂਬੇ ਨੇ ਸਾਈਬਰ ਕਰਾਈਮ ਦੀ ਤਫ਼ਤੀਸ਼ ਕਰਨ ਲਈ ਵਿਸ਼ੇਸ਼ ਵਿੰਗ ਬਣਾਏ ਹਨ ਪਰ ਜ਼ਰੂਰਤ ਹੈ ਕਿ ਉਨ੍ਹਾਂ ਕੰਮਾਂ ’ਤੇ ਲਗਾਤਾਰ ਨਿਗਾਹਬਾਨੀ ਕੀਤੀ ਜਾਵੇ।