ਨਥਾਣਾ ’ਚ ਗੰਦੇ ਪਾਣੀ ਦੀ ਗੰਭੀਰ ਸਮੱਸਿਆ
ਭਗਵਾਨ ਦਾਸ ਗਰਗ
ਨਥਾਣਾ, 30 ਅਗਸਤ
ਇਥੇ ਗੰਦੇ ਪਾਣੀ ਦੀ ਨਿਕਾਸੀ ਦਾ ਮਾਮਲਾ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਗੁਰੂਆਂ ਪੀਰਾਂ ਦੀ ਚਰਨਛੋਹ ਪ੍ਰਾਪਤ ਇਹ ਧਰਤੀ ਗੰਦੇ ਪਾਣੀ ’ਚ ਡੁੱਬੀ ਪਈ ਹੈ। ਵੀਹ ਹਜ਼ਾਰ ਦੀ ਆਬਾਦੀ ਵਾਲੇ ਇਸ ਨਗਰ ਵਿੱਚ ਇਕੋ ਇਤਿਹਾਸਕ ਗੁਰਦੁਆਰਾ ਹੈ ਪਰ ਲੋਕ ਲੰਬੇ ਸਮੇਂ ਤੋਂ ਗੁਰੂ ਘਰ ਜਾਣ ਤੋਂ ਅਸਮਰਥ ਹਨ। ਸਮੇਂ ਦੀਆਂ ਸਰਕਾਰਾਂ ਗੰਦੇ ਪਾਣੀ ਦੀ ਨਿਕਾਸੀ ਲਈ ਸੁਫ਼ਨੇ ਦਿਖਾਉਦੀਆਂ ਰਹੀਆਂ ਪ੍ਰੰਤੂ ਸੱਤਾ ’ਤੇ ਕਾਬਜ਼ ਹੋ ਕੇ ਇਸ ਸਮੱਸਿਆ ਨੂੰ ਠੰਢੇ ਬਸਤੇ ’ਚ ਪਾ ਦਿੱਤਾ ਜਾਂਦਾ ਰਿਹਾ। ਮੌਜੂਦਾ ਸਰਕਾਰ ਵੀ ਇਸ ਸਮੱਸਿਆ ਨੂੰ ਹੱਲ ਕਰਨ ਤੋਂ ਬੇਵੱਸ ਜਾਪਦੀ ਹੈ। ਨਗਰ ਵਾਸੀਆਂ ਅਤੇ ਨਗਰ ਕੌਂਸਲਰਾਂ ਦੇ ਇੱਕ ਵਫ਼ਦ ਨੂੰ ਕਰੀਬ ਤਿੰਨ ਮੰਤਰੀਆਂ ਨੇ ਸਪਸ਼ਟ ਤੌਰ ’ਤੇ ਕਹਿ ਦਿੱਤਾ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਦੇ ਪੱਕੇ ਹੱਲ ਵਾਸਤੇ ਪ੍ਰਾਜੈਕਟ ਤਿਆਰ ਕਰਨ ’ਤੇ ਲੰਬਾ ਸਮਾਂ ਲੱਗੇਗਾ। ਦੂਜੇ ਪਾਸੇ ਆਰਜ਼ੀ ਹੱਲ ਵਾਸਤੇ ਨਗਰ ਪੰਚਾਇਤ, ਅਫ਼ਸਰਸ਼ਾਹੀ ਜਾਂ ਹਲਕਾ ਵਿਧਾਇਕ ਜਨਤਕ ਸਮੱਸਿਆ ਦੇ ਨਿਪਟਾਰੇ ਲਈ ਸੁਹਿਰਦ ਨਹੀਂ ਹਨ। ਇਸ ਸੰਬੰਧੀ ਹੁਣ ਤੱਕ ਲੋਕਾਂ ਵੱਲੋਂ ਦਰਜਨਾਂ ਵਾਰ ਧਰਨੇ ਲਾਏ ਜਾ ਚੁੱਕੇ ਹਨ ਪਰ ਧਰਨੇ ਦੌਰਾਨ ਅਧਿਕਾਰੀ ਭਰੋਸਾ ਦੇ ਦਿੰਦੇ ਹਨ ਪਰ ਮਸਲਾ ਹੱਲ ਨਹੀਂ ਹੁੰਦਾ। ਇਥੋਂ ਦਾ ਖੇਡ ਸਟੇਡੀਅਮ, ਸੀਨੀਅਰ ਸੈਕੰਡਰੀ ਸਕੂਲ, ਕੰਨਿਆ ਹਾਈ ਸਕੂਲ, ਲੜਕੀਆਂ ਦਾ ਪ੍ਰਾਇਮਰੀ ਸਕੂਲ, ਨਥਾਣਾ-ਭਗਤਾ ਅਤੇ ਨਥਾਣਾ-ਗੋਨਿਆਣਾ ਸੜਕ ਦੇ ਨਾਲ-ਨਾਲ ਆਮ ਰਸਤੇ ਗੰਦੇ ਪਾਣੀ ਦੀ ਮਾਰ ਹੇਠ ਹਨ।