ਸਫ਼ਾਈ ਸੇਵਕਾਂ ਵੱਲੋਂ ਲੜੀਵਾਰ ਹੜਤਾਲ ਮੁਲਤਵੀ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 25 ਜਨਵਰੀ
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਬੈਨਰ ਹੇਠ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਅੱਜ ਦੂਜੇ ਦਿਨ ਵੀ ਦੁਪਹਿਰ ਤੱਕ ਜਾਰੀ ਰਹੀ। ਇਸ ਦੌਰਾਨ ਸਫ਼ਾਈ ਸੇਵਕਾਂ ਨੇ ਮੁਹਾਲੀ ਨਗਰ ਨਿਗਮ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸਫ਼ਾਈ ਕਰਮਚਾਰੀਆਂ ਨੂੰ ਜਾਤੀ ਸੂਚਕ ਬੋਲਣ ਵਾਲੇ ਨਿਗਮ ਅਧਿਕਾਰੀ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਬੀਤੇ ਦਿਨੀਂ ਸਫ਼ਾਈ ਸੇਵਕਾਂ ਨੇ ਐੱਸਐੱਸਪੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਕਮਿਸ਼ਨਰ ਨਵਜੋਤ ਕੌਰ ਵੱਲੋਂ ਯੂਨੀਅਨ ਆਗੂਆਂ ਨੂੰ ਮੀਟਿੰਗ ਲਈ ਸੱਦਿਆ ਗਿਆ। ਇਸ ਮੌਕੇ ਮੇਅਰ ਅਤੇ ਕਮਿਸ਼ਨਰ ਨੇ ਸਫ਼ਾਈ ਸੇਵਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਚੀਫ਼ ਸੈਨੇਟਰੀ ਇੰਸਪੈਕਟਰ ਰਾਜਿੰਦਰ ਪਾਲ ਸਿੰਘ ਦੀ ਬਦਲੀ ਸਬੰਧੀ ਡੀਓ ਪੱਤਰ ਲਿਖਣ ਦਾ ਭਰੋਸਾ ਦਿੱਤਾ। ਮੇਅਰ ਨੇ ਦੱਸਿਆ ਕਿ ਸਫ਼ਾਈ ਸੇਵਕਾਂ ਦੀ ਤਨਖ਼ਾਹ 18000 ਰੁਪਏ ਕਰਨ ਦਾ ਮਤਾ ਰੱਦ ਹੋਣ ਕਾਰਨ ਹੁਣ 15000 ਰੁਪਏ ਤਨਖ਼ਾਹ ਦੇਣ ਲਈ ਕਾਨੂੰਨੀ ਰਾਏ ਲੈਣ ਲਈ 10 ਦਿਨਾਂ ਦੀ ਮੌਹਲਤ ਮੰਗੀ ਗਈ। ਸੋਮਵਾਰ ਨੂੰ ਤਿੰਨ ਮਹੀਨੇ ਦਾ ਗੁੜ, ਤੇਲ, ਸਾਬਣ ਦੇਣ ਅਤੇ ਜਲਦੀ ਵਰਦੀਆਂ ਦੇਣ ਦਾ ਭਰੋਸਾ ਦਿੱਤਾ। ਇਸ ਭਰੋਸੇ ਤੋਂ ਬਾਅਦ ਸਫ਼ਾਈ ਸੇਵਕਾਂ ਨੇ ਲੜੀਵਾਰ ਹੜਤਾਲ ਅਗਲੇ 15 ਦਿਨਾਂ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ।